ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਰਾਹਤ: ਫਿਲੌਰ, ਸ਼ਾਹਕੋਟ ਤੇ ਲੋਹੀਆਂ ਅਧੀਨ 36 ਪਿੰਡਾਂ ਦੀ ਬਿਜਲੀ ਸਪਲਾਈ ਹੋਈ ਬਹਾਲ

Friday, Jul 14, 2023 - 12:01 PM (IST)

ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਰਾਹਤ: ਫਿਲੌਰ, ਸ਼ਾਹਕੋਟ ਤੇ ਲੋਹੀਆਂ ਅਧੀਨ 36 ਪਿੰਡਾਂ ਦੀ ਬਿਜਲੀ ਸਪਲਾਈ ਹੋਈ ਬਹਾਲ

ਜਲੰਧਰ (ਪੁਨੀਤ)–ਹੜ੍ਹ ਦੀ ਲਪੇਟ ਵਿਚ ਆਏ ਪਿੰਡਾਂ ਦੀ ਬਿਜਲੀ ਸਪਲਾਈ ਬਹਾਲ ਕਰਨ ਲਈ ਪਾਵਰਕਾਮ ਵੱਲੋਂ ਜੰਗੀ ਪੱਧਰ ’ਤੇ ਕੰਮ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਫਿਲੌਰ, ਸ਼ਾਹਕੋਟ, ਲੋਹੀਆਂ ਅਤੇ ਆਲੇ-ਦੁਆਲੇ ਦੇ 36 ਪਿੰਡਾਂ ਦੀ ਬਿਜਲੀ ਸਪਲਾਈ ਨੂੰ ਬਹਾਲ ਕਰ ਦਿੱਤਾ ਗਿਆ ਹੈ, ਜਿਸ ਨਾਲ ਇਸ ਮੁਸ਼ਕਿਲ ਦੀ ਘੜੀ ਵਿਚ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਥੇ ਹੀ, ਰਾਹਤ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ, ਜਿਸ ਤਹਿਤ ਸ਼ੁੱਕਰਵਾਰ ਨੂੰ ਕਈ ਹੋਰ ਪਿੰਡਾਂ ਦੀ ਬਿਜਲੀ ਸਪਲਾਈ ਚਾਲੂ ਕਰਵਾ ਦਿੱਤੀ ਜਾਵੇਗੀ।

ਹੜ੍ਹ ਪੀੜਤ ਇਲਾਕਿਆਂ ਵਿਚ ਬਿਜਲੀ ਸਿਸਟਮ ਦੀ ਸਥਿਤੀ ਜਾਣਨ ਲਈ ਨਾਰਥ ਜ਼ੋਨ ਦੇ ਚੀਫ਼ ਇੰਜੀ. ਰਮੇਸ਼ ਲਾਲ ਸਾਰੰਗਲ ਵੱਲੋਂ ਸਬੰਧਤ ਇਲਾਕੇ ਦਾ ਮੁਆਇਨਾ ਕਰਦੇ ਹੋਏ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇੰਜੀ. ਸਾਰੰਗਲ ਨੇ ਸਬ-ਸਟੇਸ਼ਨ ਸਟਾਫ਼ ਅਤੇ ਫੀਲਡ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਭਾਵਿਤ 36 ਪਿੰਡਾਂ ਦੀ ਬਿਜਲੀ ਸਪਲਾਈ ਨੂੰ ਸੁਚਾਰੂ ਕਰਨਾ ਆਸਾਨ ਨਹੀਂ ਸੀ। ਟੈਕਨੀਕਲ ਸਟਾਫ਼ ਨੇ ਦਿਨ-ਰਾਤ ਇਕ ਕਰਕੇ ਬਿਜਲੀ ਸਪਲਾਈ ਨੂੰ ਬਹਾਲ ਕਰਵਾਇਆ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਇਸ ਮੌਕੇ ਇੰਜੀ. ਸਾਰੰਗਲ ਨੇ ਸ਼ਾਹਕੋਟ, ਲੋਹੀਆਂ, ਗਿੱਦੜਪਿੰਡੀ, ਕਾਕੜ ਕਲਾਂ, ਇਸਮੈਲਪੁਰ, ਕਮਾਲਪੁਰ, ਜੱਕੋਪੁਰ, ਪੂਨੀਆਂ, ਭਾਗੋਬੁੱਢਾ, ਸੁਲਤਾਨਪੁਰ ਲੋਧੀ ਅਤੇ ਨੇੜਲੇ ਇਲਾਕਿਆਂ ਵਿਚ ਸਬ-ਸਟੇਸ਼ਨਾਂ, ਟਰਾਂਸਫਾਰਮਰਾਂ ਅਤੇ 11 ਕੇ. ਵੀ. ਲਾਈਨਾਂ ਸਮੇਤ ਵੱਡੀਆਂ ਲਾਈਨਾਂ ਦੀ ਸਥਿਤੀ ਨੂੰ ਦੇਖਿਆ। ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਕਾਰਨ 66 ਕੇ. ਵੀ. ਮਹਿਰਾਜਵਾਲਾ ਬਿਜਲੀ ਘਰ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਿਆ ਹੈ ਅਤੇ ਇਸ ਤੋਂ ਲਗਭਗ 18 ਪਿੰਡਾਂ ਦੀ ਬਿਜਲੀ ਸਪਲਾਈ ਚੱਲਦੀ ਹੈ। ਪਾਣੀ ਜ਼ਿਆਦਾ ਹੋਣ ਕਾਰਨ ਇਸ ਸਬ-ਸਟੇਸ਼ਨ ਤੋਂ ਚੱਲਣ ਵਾਲੀ ਬਿਜਲੀ ਸਪਲਾਈ ਨੂੰ ਸੁਚਾਰੂ ਕਰਨਾ ਫਿਲਹਾਲ ਸੰਭਵ ਨਹੀਂ ਹੈ ਤੇ ਪਾਣੀ ਘਟਣ ਤੋਂ ਬਾਅਦ ਇਸ ’ਤੇ ਕੰਮ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ- ਮੰਡਾਲਾ ’ਚ ਧੁੱਸੀ ਬੰਨ੍ਹ ਦਾ ਪਾੜ ਭਰਨ ਦਾ ਕੰਮ ਅਜੇ ਵੀ ਜਾਰੀ, ਪ੍ਰਸ਼ਾਸਨ ਨੇ 500 ਲੋਕਾਂ ਨੂੰ ਕੀਤਾ ਰੈਸਕਿਊ

ਇੰਜੀ. ਸਾਰੰਗਲ ਨੇ ਦੱਸਿਆ ਕਿ 66 ਕੇ. ਵੀ. ਜੱਕੋਪੁਰ, ਪੂਨੀਆਂ ਅਤੇ ਭਾਗੋਬੁੱਢਾ ਸਬ-ਸਟੇਸ਼ਨ ਤੋਂ ਚੱਲਦੇ 36 ਪਿੰਡਾਂ ਦੀ ਸਪਲਾਈ ਸੁਚਾਰੂ ਕਰ ਦਿੱਤੀ ਗਈ ਹੈ। ਇਸ ਇਲਾਕੇ ਵਿਚ ਕਈ ਥਾਵਾਂ ’ਤੇ ਲੋਡ ਸ਼ਿਫਟ ਕੀਤਾ ਗਿਆ ਅਤੇ ਲੋਕਾਂ ਨੂੰ ਰਾਹਤ ਦੇਣ ਲਈ ਬਿਜਲੀ ਚਲਾ ਦਿੱਤੀ ਗਈ ਹੈ। ਇਸ ਮੌਕੇ ਸਾਰੰਗਲ ਨਾਲ ਸੀਨੀਅਰ ਅਧਿਕਾਰੀ, ਐਕਸੀਅਨ ਆਦਿ ਵੀ ਮੌਜੂਦ ਰਹੇ। ਉਨ੍ਹਾਂ ਸਬ-ਸਟੇਸ਼ਨਾਂ ਸਟਾਫ਼ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।

3 ਸ਼ਿਫ਼ਟਾਂ ’ਚ 24 ਘੰਟੇ ਤਾਇਨਾਤ ਟੈਕਨੀਕਲ ਸਟਾਫ਼
ਹੜ੍ਹ ਦਾ ਪਾਣੀ ਹੌਲੀ-ਹੌਲੀ ਹੇਠਾਂ ਉਤਰਨ ਲੱਗਾ ਹੈ ਪਰ ਸਥਿਤੀ ਅਜੇ ਪੂਰੀ ਤਰ੍ਹਾਂ ਕੰਟਰੋਲ ਵਿਚ ਨਹੀਂ ਆਈ। ਪਿੱਛਿਓਂ ਪਾਣੀ ਛੱਡੇ ਜਾਣ ’ਤੇ ਹਾਲਾਤ ਖਰਾਬ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸੇ ਦੇ ਮੱਦੇਨਜ਼ਰ ਪਾਵਰਕਾਮ ਵੱਲੋਂ ਹੜ੍ਹਗ੍ਰਸਤ ਇਲਾਕੇ ਅਤੇ ਨੇੜਲੇ ਇਲਾਕਿਆਂ ਦੀ ਨਿਗਰਾਨੀ ਲਈ 24 ਘੰਟੇ ਟੈਕਨੀਕਲ ਸਟਾਫ ਨੂੰ ਤਾਇਨਾਤ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਵਿਭਾਗ ਵੱਲੋਂ 8-8 ਘੰਟੇ ਦੀਆਂ 3 ਸ਼ਿਫਟਾਂ ਵਿਚ ਸੀਨੀਅਰ ਅਧਿਕਾਰੀਆਂ ਨੂੰ ਮੌਕੇ ’ਤੇ ਮੌਜੂਦ ਰਹਿਣ ਨੂੰ ਕਿਹਾ ਗਿਆ ਹੈ ਤਾਂ ਕਿ ਲੋੜ ਪੈਣ ’ਤੇ ਸਪਲਾਈ ਨੂੰ ਕੰਟਰੋਲ ਕੀਤਾ ਜਾ ਸਕੇ ਅਤੇ ਜਿੱਥੇ ਪਾਣੀ ਵਧੇ, ਉਥੇ ਕਰੰਟ ਤੋਂ ਬਚਣ ਲਈ ਬਿਜਲੀ ਸਪਲਾਈ ਕੱਟੀ ਜਾ ਸਕੇ।

ਇਹ ਵੀ ਪੜ੍ਹੋ- ਮਨਾਲੀ 'ਚ ਲਾਪਤਾ ਹੋਏ PRTC ਬੱਸ ਦੇ ਕੰਡਕਟਰ ਦੀ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


author

shivani attri

Content Editor

Related News