ਪੰਜਾਬ ਸਰਕਾਰ ਵੱਲ ਬਿਜਲੀ ਸਬਸਿਡੀ ਦਾ 5010 ਕਰੋੜ ਰੁਪਏ ਹਾਲੇ ਵੀ ਬਕਾਇਆ

Monday, Feb 05, 2018 - 07:15 AM (IST)

ਪੰਜਾਬ ਸਰਕਾਰ ਵੱਲ ਬਿਜਲੀ ਸਬਸਿਡੀ ਦਾ 5010 ਕਰੋੜ ਰੁਪਏ ਹਾਲੇ ਵੀ ਬਕਾਇਆ

ਚੰਡੀਗੜ੍ਹ/ਪਟਿਆਲਾ  (ਪਰਮੀਤ) - ਪੰਜਾਬ ਸਰਕਾਰ ਵੱਲੋਂ ਸਾਲ 2017-18 ਦੌਰਾਨ ਬਿਜਲੀ ਸਬਸਿਡੀ ਦੇ ਬਣਦੇ 10600 ਕਰੋੜ ਰੁਪਏ ਵਿਚੋਂ 10 ਮਹੀਨਿਆਂ ਵਿਚ ਸਿਰਫ 2500 ਕਰੋੜ ਦੀ ਅਦਾਇਗੀ ਕੀਤੀ ਗਈ ਹੈ, ਜਦਕਿ 1360 ਕਰੋੜ ਈ. ਡੀ., 950 ਕਰੋੜ ਬੁਨਿਆਦੀ ਢਾਂਚਾ ਵਿਕਾਸ ਫੰਡ 'ਤੇ 780 ਕਰੋੜ ਉਦੇ ਸਕੀਮ ਦਾ ਵਿਆਜ ਐਡਜਸਟ ਕੀਤਾ ਜਾਵੇ ਤਾਂ ਵੀ ਇਸ ਵੱਲ 5010 ਕਰੋੜ ਰੁਪਏ ਸਬਸਿਡੀ ਦੇ ਹਾਲੇ ਤੱਕ ਬਕਾਇਆ ਬਣਦੇ ਹਨ। ਇਹ ਪ੍ਰਗਟਾਵਾ ਪੀ. ਐੈੱਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ ਨੇ ਕੀਤਾ ਹੈ।
ਐਸੋਸੀਏਸ਼ਨ ਨੇ ਰਾਜ ਸਰਕਾਰ ਵੱਲੋਂ ਤਨਖਾਹਾਂ ਨਾ ਦੇਣ ਦੇ ਵਿਰੋਧ ਵਿਚ 5 ਫਰਵਰੀ ਨੂੰ ਰੋਸ ਵਿਖਾਵੇ ਕਰਨ ਦਾ ਫੈਸਲਾ ਕੀਤਾ ਹੈ। ਜਨਰਲ ਸਕੱਤਰ ਦਵਿੰਦਰ ਗੋਇਲ ਨੇ ਆਖਿਆ ਕਿ ਸਰਕਾਰ ਵਿੱਤੀ ਪ੍ਰਬੰਧ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਪਾਵਰਕਾਮ ਮੈਨੇਜਮੈਂਟ ਵੀ ਸਰਕਾਰ ਤੋਂ ਸਬਸਿਡੀ ਦੇ ਪੈਸੇ ਪ੍ਰਾਪਤ ਕਰ ਕੇ ਮਹੀਨਾਵਾਰ ਤਨਖਾਹਾਂ ਦੇਣ ਵਿਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਮਹਿੰਗੀ ਬਿਜਲੀ ਖਰੀਦ ਅਤੇ ਅਦਾਇਗੀ ਦੇ ਮਾਮਲੇ ਵਿਚ ਉਨ੍ਹਾਂ ਨੂੰ ਤਰਜੀਹ ਦੇਣ ਦੀ ਨੀਤੀ ਕਾਰਨ ਬਿਜਲੀ ਕੰਪਨੀਆਂ ਦੀ ਵਿੱਤੀ ਹਾਲਤ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਾਵਰਕਾਮ ਨੇ ਹੁਣ ਤੱਕ 17 ਹਜ਼ਾਰ ਕਰੋੜ ਰੁਪਏ ਦੀ ਬਿਜਲੀ ਸਾਲ 2017-18 ਦੌਰਾਨ ਖਰੀਦੀ ਹੈ। ਇਸ ਵਿਚੋਂ 8 ਹਜ਼ਾਰ ਕਰੋੜ ਦੀ ਅਦਾਇਗੀ ਪ੍ਰਾਈਵੇਟ ਪਲਾਂਟ ਤੋਂ ਖਰੀਦੀ ਬਿਜਲੀ ਲਈ ਕੀਤੀ ਗਈ ਹੈ। ਰੈਗੂਲੇਟਰੀ ਕਮਿਸ਼ਨ ਵੀ ਐਕਟ ਤਹਿਤ ਨਿਰਧਾਰਿਤ ਭੂਮਿਕਾ ਸਹੀ ਅਦਾ ਨਹੀਂ ਕਰ ਰਿਹਾ। ਸਰਕਾਰ ਵੱਲੋਂ ਸਬਸਿਡੀ ਦੇਣ ਵਿਚ ਵਾਰ-ਵਾਰ ਅਸਫਲ ਰਹਿਣ ਦੇ ਤੱਥ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।


Related News