ਚੋਣਾਂ ਖਤਮ ਹੁੰਦੇ ਹੀ ਪੰਜਾਬ ਦੇ ਲੋਕਾਂ ਨੂੰ ਲੱਗੇਗਾ ''ਵੱਡਾ ਝਟਕਾ''
Friday, Apr 19, 2019 - 12:53 PM (IST)

ਚੰਡੀਗੜ੍ਹ (ਸ਼ਰਮਾ) : ਮਈ ਦੇ ਆਖਰੀ ਹਫਤੇ 'ਚ ਚੋਣਾਂ ਦੀ ਪ੍ਰਕਿਰਿਆ ਪੂਰੀ ਹੁੰਦਿਆਂ ਹੀ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਦਰਾਂ 'ਚ ਵਾਧੇ ਦਾ ਕਰੰਟ ਲੱਗਣ ਵਾਲਾ ਹੈ ਕਿਉਂਕਿ ਚੋਣ ਪ੍ਰਕਿਰਿਆ ਪੂਰਾ ਹੋਣ 'ਤੇ ਸੂਬਾ ਸਰਕਾਰ 'ਤੇ ਵੋਟਰਾਂ ਨੂੰ ਲੁਭਾਉਣ ਲਈ ਬਿਜਲੀ ਦਰਾਂ 'ਚ ਕਮੀ ਲਿਆਉਣ ਜਾਂ ਜਿਉਂ ਦੀ ਤਿਉਂ ਰੱਖਣ ਦਾ ਦਬਾਅ ਨਹੀਂ ਹੋਵੇਗਾ। ਹਾਲਾਂਕਿ ਇਲੈਕਟ੍ਰੀਸਿਟੀ ਐਕਟ ਮੁਤਾਬਕ ਰੈਗੂਲੇਟਰੀ ਕਮਿਸ਼ਨ ਨੂੰ ਵਿੱਤੀ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਮਤਲਬ ਕਿ 31 ਮਾਰਚ ਤੱਕ ਅਗਲੇ ਵਿੱਤੀ ਸਾਲ ਲਈ ਦਰਾਂ ਨਿਰਧਾਰਤ ਕਰਨੀਆਂ ਹੁੰਦੀਆਂ ਹਨ ਪਰ ਪੰਜਾਬ ਦੇ ਮਾਮਲੇ 'ਚ ਇਹ ਹਾਲੇ ਤੱਕ ਨਹੀਂ ਹੋਇਆ। ਕਦੇ ਸਰਕਾਰ ਵਲੋਂ ਸਮੇਂ 'ਤੇ ਬਿਜਲੀ ਸਬਸਿਡੀ ਰਾਸ਼ੀ ਦੀ ਰੈਗੂਲੇਟਰੀ ਕਮਿਸ਼ਨ ਨੂੰ ਦਿੱਤੀ ਜਾਣ ਵਾਲੀ ਸਹਿਮਤੀ 'ਚ ਦੇਰੀ ਕੀਤੀ ਜਾਂਦੀ ਹੈ ਤਾਂ ਕਦੇ ਪਾਵਰਕਾਮ ਨੇ ਸਮੇਂ 'ਤੇ ਟੈਰਿਫ ਪਟੀਸ਼ਨ ਦਰਜ ਨਹੀਂ ਕੀਤੀ ਹੁੰਦੀ। ਕਮਿਸ਼ਨ ਨੇ ਇਸ ਦੀ ਤਿਆਰੀ ਵੀ ਕਰ ਲਈ ਸੀ ਪਰ ਪਾਵਰਕਾਮ ਵਲੋਂ ਦਰਜ ਪਟੀਸ਼ਨ 'ਤੇ ਨਿਜੀ ਸੁਣਵਾਈ ਇਜਲਾਸਾਂ ਦਾ ਪ੍ਰਬੰਧ ਕਰਕੇ ਜੁੜੀਆਂ ਹੋਈਆਂ ਧਿਰਾਂ ਤੋਂ ਇਤਰਾਜ਼ ਤੇ ਸੁਝਾਅ ਮੰਗਣ ਅਤੇ ਇਸ 'ਤੇ ਪਾਵਰਕਾਮ ਦਾ ਪੱਖ ਜਾਨਣ ਦੀ ਪ੍ਰਕਿਰਿਆ ਇਕ ਮਾਰਚ ਤੱਕ ਪੂਰੀ ਕਰ ਲਈ ਸੀ ਪਰ ਇਸ ਤੋਂ ਪਹਿਲਾਂ ਕਿ ਕਮਿਸ਼ਨ ਦੀ ਪ੍ਰਕਿਰਿਆ ਪੂਰੀ ਹੁੰਦੀ ਅਤੇ ਸਰਕਾਰ ਵਲੋਂ ਪਾਵਰਕਾਮ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਰਾਸ਼ੀ ਦੀ ਸਰਕਾਰ ਵਲੋਂ ਕਮਿਸ਼ਨ ਨੂੰ ਸਹਿਮਤੀ ਮਿਲਗੀ, ਲੋਕ ਸਭਾ ਚੋਣਾਂ ਨੂੰ ਲੈ ਕੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ।