ਐਕਸ਼ਨ ਮੋਡ ਵਿਚ ਬਿਜਲੀ ਵਿਭਾਗ, ਪੰਜਾਬ ਭਰ ਵਿਚ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ

Wednesday, Feb 26, 2025 - 12:09 PM (IST)

ਐਕਸ਼ਨ ਮੋਡ ਵਿਚ ਬਿਜਲੀ ਵਿਭਾਗ, ਪੰਜਾਬ ਭਰ ਵਿਚ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ

ਲੁਧਿਆਣਾ (ਖੁਰਾਣਾ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਖ਼ਿਲਾਫ ਲਿਆ ਜਾ ਰਿਹਾ ਐਕਸ਼ਨ ਲਗਾਤਾਰ ਜਾਰੀ ਹੈ। ਪਿਛਲੇ ਲੰਬੇ ਸਮੇਂ ਤੋਂ ਬਿਜਲੀ ਦੇ ਬਕਾਇਆ ਖੜ੍ਹੇ ਬਿੱਲਾਂ ਦੀ ਰਿਕਵਰੀ ਕਰਨ ਲਈ ਵਿਭਾਗੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਨੇ ਸਿਰਫ 10 ਦਿਨਾਂ ਦੇ ਵਕਫੇ ਦੌਰਾਨ ਲੁਧਿਆਣਾ ਸ਼ਹਿਰ ਨਾਲ ਸਬੰਧਤ 9 ਵੱਖ-ਵੱਖ ਡਵੀਜ਼ਨਾਂ ਦੇ 13000 ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟਦੇ ਹੋਏ 50.42 ਕਰੋੜ ਰੁਪਏ ਦੀ ਭਾਰੀ ਰਿਕਵਰੀ ਕਰਨ ਦਾ ਰਿਕਾਰਡ ਬਣਾਇਆ ਹੈ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ., ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੀ. ਐੱਮ. ਡੀ. ਅਤੇ ਡਾਇਰੈਕਟਰ ਡੀ. ਪੀ. ਐੱਸ. ਗਰੇਵਾਲ ਦੇ ਨਿਰਦੇਸ਼ਾਂ ’ਤੇ ਬਿਜਲੀ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਖ਼ਿਲਾਫ ਸ਼ਿਕੰਜਾ ਕੱਸਣ ਲਈ ਸੜਕਾਂ ’ਤੇ ਉਤਰੀਆਂ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਟੀਮਾਂ ਵੱਲੋਂ ਆਪਣੇ-ਆਪਣੇ ਅਧਿਕਾਰ ਖੇਤਰਾਂ ’ਚ ਡਿਫਾਲਟਰ ਖਪਤਕਾਰਾਂ ਦੀ ਲਿਸਟ ਤਿਆਰ ਕਰ ਕੇ ਜਿਥੇ ਸਬੰਧਤ ਖਪਤਕਾਰਾਂ ਨੂੰ ਬਿਜਲੀ ਦੇ ਬਕਾਇਆ ਖੜ੍ਹੇ ਬਿੱਲ ਅਦਾ ਕਰਨ ਸਬੰਧੀ ਜਾਗਰੂਕ ਕਰ ਕੇ ਕਰੋੜਾਂ ਰੁਪਏ ਦੀ ਰਾਸ਼ੀ ਸਰਕਾਰੀ ਖਜ਼ਾਨੇ ’ਚ ਜਮ੍ਹਾ ਕਰਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਕੂਲਾਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ

ਉਥੇ ਬਿੱਲ ਅਦਾ ਨਾ ਕਰਨ ਵਾਲੇ ਡਿਫਾਲਟਰ ਖਪਤਕਾਰਾਂ ਨੂੰ ਸਬਕ ਸਿਖਾਉਣ ਦੇ ਮਕਸਦ ਨਾਲ ਉਨ੍ਹਾਂ ਖ਼ਿਲਾਫ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤਾਂਕਿ ਬਾਕੀ ਰਹਿੰਦੇ ਡਿਫਾਲਟਰ ਖਪਤਕਾਰਾਂ ਨੂੰ ਨਸੀਹਤ ਮਿਲ ਸਕੇ ਅਤੇ ਉਹ ਆਪਣੇ ਬਕਾਇਆ ਖੜ੍ਹੇ ਬਿੱਲ ਜਮ੍ਹਾ ਕਰਨ ਲਈ ਖੁਦ ਸਾਹਮਣੇ ਆਉਣ।

ਇਹ ਵੀ ਪੜ੍ਹੋ : ਤਰਨਤਾਰਨ ਦੇ ਕਸਬਾ ਝਬਾਲ 'ਚ ਦਹਿਸ਼ਤ, ਡਰਦੇ ਘਰਾਂ 'ਚੋਂ ਬਾਹਰ ਨਹੀਂ ਨਿਕਲ ਰਹੇ ਲੋਕ

2 ਮਹੀਨਿਆਂ ’ਚ 18000 ਬਿਜਲੀ ਕੁਨੈਕਸ਼ਨ ਕੱਟ ਕੇ 125 ਕਰੋੜ ਵਸੂਲੇ

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਡਿਫਾਲਟਰ ਖਪਤਕਾਰਾਂ ਖ਼ਿਲਾਫ ਸਖ਼ਤੀ ਦਿਖਾਉਂਦੇ ਹੋਏ 1 ਜਨਵਰੀ ਤੋਂ ਲੈ ਕੇ 5 ਫਰਵਰੀ ਤੱਕ ਦੇ 35 ਦਿਨਾਂ ’ਚ 3000 ਤੋਂ ਵੱਧ ਡਿਫਾਲਟਰ ਖਪਤਕਾਰਾਂ ਖ਼ਿਲਾਫ ਤਾਬੜਤੋੜ ਕਾਰਵਾਈਆਂ ਕਰਦੇ ਹੋਏ 58.5 ਕਰੋੜ ਰੁਪਏ ਦੇ ਬਕਾਇਆ ਬਿੱਲਾਂ ਦੀ ਰਿਕਵਰੀ ਕਰ ਕੇ ਇਤਿਹਾਸ ਰਚਿਆ ਹੈ। ਇਕ ਅੰਦਾਜ਼ੇ ਮੁਤਾਬਕ ਪਾਵਰਕਾਮ ਵੱਲੋਂ ਜਨਵਰੀ ਅਤੇ ਫਰਵਰੀ ਦੇ 2 ਮਹੀਨਿਆਂ ’ਚ ਹੀ 18000 ਦੇ ਕਰੀਬ ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟਦੇ ਹੋਏ 125 ਕਰੋੜ ਰੁਪਏ ਦੇ ਕਰੀਬ ਦੀ ਵੱਡੀ ਰਿਕਵਰੀ ਕਰਨ ਨੂੰ ਅੰਜਾਮ ਦਿੱਤਾ ਹੈ। ਵਿਭਾਗੀ ਅੰਕੜਿਆਂ ਮੁਤਾਬਕ ਲੁਧਿਆਣਾ ਜ਼ਿਲ੍ਹੇ ’ਚ ਡਿਫਾਲਟਰ ਖਪਤਕਾਰਾਂ ਦੀ ਅਜੇ ਵੀ ਲੰਬੀ-ਚੌੜੀ ਲਿਸਟ ਬਕਾਇਆ ਹੈ, ਜਿਨ੍ਹਾਂ ਖ਼ਿਲਾਫ ਆਉਣ ਵਾਲੇ ਦਿਨਾਂ ’ਚ ਪਾਵਰਕਾਮ ਅਧਿਕਾਰੀਆਂ ਵੱਲੋਂ ਵੱਡਾ ਆਪ੍ਰੇਸ਼ਨ ਚਲਾਇਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਇਨ੍ਹਾਂ ਵਾਹਨਾਂ ਦੇ ਵੱਡੇ ਪੱਧਰ 'ਤੇ ਕੱਟੇ ਜਾ ਰਹੇ ਚਲਾਨ

ਕੀ ਕਹਿੰਦੇ ਹਨ ਚੀਫ ਇੰਜੀਨੀਅਰ

ਉਕਤ ਮਾਮਲੇ ਸਬੰਧੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਅਤੇ ਡਿਪਟੀ ਚੀਫ ਇੰਜੀਨੀਅਰ ਸੁਰਜੀਤ ਸਿੰਘ ਈਸਟ ਸਰਕਲ ਨੇ ਸਾਫ ਕੀਤਾ ਹੈ ਕਿ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਨੂੰ ਕਈ ਵਾਰ ਸਮਝਾਉਣ ਦੇ ਬਾਵਜੂਦ ਜਿਨ੍ਹਾਂ ਦੇ ਕੰਨਾਂ ’ਤੇ ਜੂੰ ਨਹੀਂ ਰੇਂਗੀ ਹੈ, ਅਜਿਹੇ ’ਚ ਪਾਵਰਕਾਮ ਵੱਲੋਂ ਵੀ ਉਕਤ ਖਪਤਕਾਰਾਂ ਦਾ ਬਿਲਕੁਲ ਵੀ ਲਿਹਾਜ਼ ਨਹੀਂ ਕੀਤਾ ਜਾਵੇਗਾ। ਹਾਂਸ ਵੱਲੋਂ ਇਕ ਵਾਰ ਫਿਰ ਤੋਂ ਬਿਜਲੀ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਨੂੰ ਆਪਣੇ ਬਕਾਇਆ ਖੜ੍ਹੇ ਬਿੱਲ ਜਮ੍ਹਾ ਕਰਵਾਉਣ ਲਈ ਖੁਦ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ ਤਾਂਕਿ ਵਿਭਾਗ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਕਾਰਨ ਖਪਤਕਾਰਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਝੱਲਣੀ ਪਵੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News