ਪੰਜਾਬ ''ਚ ਬਿਜਲੀ ਦੀ ਮੰਗ 2 ਹਜ਼ਾਰ ਲੱਖ ਯੂਨਿਟ ਟੱਪੀ

Saturday, Jun 16, 2018 - 06:23 AM (IST)

ਪੰਜਾਬ ''ਚ ਬਿਜਲੀ ਦੀ ਮੰਗ 2 ਹਜ਼ਾਰ ਲੱਖ ਯੂਨਿਟ ਟੱਪੀ

ਪਟਿਆਲਾ  (ਪਰਮੀਤ) - ਪੰਜਾਬ ਵਿਚ ਗਰਮੀ ਸਿਖਰਾਂ 'ਤੇ ਹੈ। ਅੱਜ ਬਿਜਲੀ ਦੀ ਮੰਗ 2 ਹਜ਼ਾਰ ਲੱਖ ਯੂਨਿਟ ਤੋਂ ਟੱਪ ਗਈ ਹੈ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਅਧਿਕਾਰਤ ਤੌਰ 'ਤੇ ਅਜੇ ਕਿਸੇ ਕੱਟ ਦਾ ਐਲਾਨ ਨਹੀਂ ਕੀਤਾ ਗਿਆ। ਹਰ ਸ਼੍ਰੇਣੀ ਦੇ ਖਪਤਕਾਰ ਨੂੰ ਨਿਯਮਿਤ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਇਸ ਦੇ ਬਾਵਜੂਦ ਮੰਗ ਵਿਚ ਹੋਏ ਅਚਨਚੇਤ ਵਾਧੇ ਤੇ ਕਮਜ਼ੋਰ ਬੁਨਿਆਦੀ ਢਾਂਚੇ ਕਾਰਨ ਪੰਜਾਬ ਦੇ ਕਈ ਸ਼ਹਿਰਾਂ ਤੋਂ ਬੱਤੀ ਗੁੱਲ ਹੋਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਇਸ ਦੌਰਾਨ ਹੀ ਪਾਵਰਕਾਮ ਨੇ ਆਪਣੇ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਤੇ ਲਹਿਰਾ ਮੁਹੱਬਤ ਸਥਿਤ ਗੁਰੂ ਹਰਗੋਬਿੰਦ ਥਰਮਲ ਪਲਾਂਟ ਨੂੰ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਹੈ।
ਡਾਇਰੈਕਟਰ ਜਨਰੇਸ਼ਨ ਇੰਜੀ. ਐੈੱਸ. ਕੇ. ਪੁਰੀ ਨੇ ਨਵੇਂ ਪਲਾਂਟ ਬੰਦ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਾਵਰਕਾਮ ਬੈਂਕਿੰਗ ਰਾਹੀਂ 600 ਮੈਗਾਵਾਟ ਬਿਜਲੀ ਵੱਧ ਜਤਾਉਣ ਦਾ ਪ੍ਰਬੰਧ ਕੀਤਾ ਸੀ। ਅੱਜ ਤੋਂ ਇਹ ਬਿਜਲੀ ਪ੍ਰਾਪਤ ਹੋਣੀ ਸ਼ੁਰੂ ਹੋ ਰਹੀ ਹੈ। ਇਸ ਕਾਰਨ ਹੀ ਦੋਵੇਂ ਪਲਾਂਟ ਜਿਨ੍ਹਾਂ ਦੇ ਇਕ-ਇਕ ਯੂਨਿਟ ਚਾਲੂ ਸਨ, ਬੰਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 20 ਜੂਨ ਤੋਂ ਪਾਵਰਕਾਮ ਆਪਣੇ ਵਾਅਦੇ ਅਨੁਸਾਰ 8 ਘੰਟੇ ਰੋਜ਼ਾਨਾ ਖੇਤੀਬਾੜੀ ਸੈਕਟਰ ਲਈ ਬਿਜਲੀ ਦੇਣ ਲਈ ਵਚਨਬੱਧ ਹੈ। 20 ਜੂਨ ਤੋਂ ਖੇਤੀਬਾੜੀ ਸੈਕਟਰ ਲਈ ਪੂਰੀ ਸਪਲਾਈ ਸ਼ੁਰੂ ਹੋ ਰਹੀ ਹੈ। ਦੋਵੇਂ ਪਲਾਂਟ 20 ਜੂਨ ਤੋਂ ਮੁੜ ਸ਼ੁਰੂ ਕਰ ਦਿੱਤੇ ਜਾਣਗੇ। ਯਾਦ ਰਹੇ ਕਿ ਪਾਵਰਕਾਮ ਦੇ ਚੇਅਰਮੈਨ ਇੰਜੀ. ਬਲਦੇਵ ਸਿੰਘ ਸਰਾਂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਝੋਨੇ ਦੇ ਸੀਜ਼ਨ ਦੌਰਾਨ ਪਾਵਰਕਾਮ ਨਾ ਸਿਰਫ ਆਪਣੇ ਦੋਵੇਂ ਪਲਾਂਟ ਬਲਕਿ ਪ੍ਰਾਈਵੇਟ ਸੈਕਟਰ ਦੇ ਤਿੰਨੇ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਚਲਾਏਗਾ ਤਾਂ ਜੋ ਕਿਸਾਨਾਂ ਨੂੰ 8 ਘੰਟੇ ਬਿਜਲੀ ਦਿੱਤੀ ਜਾ ਸਕੇ।
ਭਾਵੇਂ ਪਾਵਰਕਾਮ ਨੇ ਆਪਣੇ ਦੋਵੇਂ ਪਲਾਂਟ ਬੰਦ ਕਰ ਦਿੱਤੇ ਹਨ ਪਰ ਪ੍ਰਾਈਵੇਟ ਸੈਕਟਰ ਦੇ ਤਿੰਨੇ ਥਰਮਲ ਪਲਾਂਟ ਜਿਨ੍ਹਾਂ ਵਿਚ ਰਾਜਪੁਰਾ, ਤਲਵੰਡੀ ਸਾਬੋ ਤੇ ਗੋਇੰਦਵਾਲ ਸਾਹਿਬ ਸ਼ਾਮਲ ਹਨ, ਦੇ ਸਾਰੇ ਯੂਨਿਟ ਇਸ ਸਮੇਂ ਮੁਕੰਮਲ ਤੌਰ 'ਤੇ ਚਾਲੂ ਹਨ। ਪਾਵਰਕਾਮ ਨੇ ਇਨ੍ਹਾਂ ਪਲਾਂਟਾਂ ਲਈ ਕੋਲੇ ਦਾ ਪ੍ਰਬੰਧ ਪਹਿਲਾਂ ਹੀ ਕਰਨ ਦੀ ਵਿਉਂਤਬੰਦੀ ਕੀਤੀ ਹੋਈ ਹੈ।


Related News