ਪੰਜਾਬ ''ਚ ਇਨ੍ਹਾਂ ਲੋਕਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੇ ਹੁਕਮ, ਹੋਣ ਜਾ ਰਹੀ ਸਖ਼ਤ ਕਾਰਵਾਈ
Monday, Jan 05, 2026 - 11:36 AM (IST)
ਲੁਧਿਆਣਾ (ਰਾਮ) : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਨੇ ਵਾਤਾਵਰਣ ਉਲੰਘਣਾਵਾਂ ’ਤੇ ਵੱਡੀ ਕਾਰਵਾਈ ਕੀਤੀ ਹੈ। ਪਿਛਲੇ ਮਹੀਨੇ ਦੌਰਾਨ ਸ਼ਹਿਰ ਅਤੇ ਉਦਯੋਗਿਕ ਖੇਤਰਾਂ ’ਚ ਚੱਲ ਰਹੀਆਂ ਲਗਭਗ 200 ਇਲੈਕਟ੍ਰੋਪਲੇਟਿੰਗ ਯੂਨਿਟਾਂ ਦੀ ਪੂਰੀ ਜਾਂਚ ’ਚ ਵਾਤਾਵਰਣ ਮਾਪਦੰਡਾਂ ਦੀ ਲਗਭਗ 80 ਅਨਿਯਮਤਾਵਾਂ ਦਾ ਖੁਲਾਸਾ ਹੋਇਆ। ਇਨ੍ਹਾਂ ’ਚੋਂ 25 ਯੂਨਿਟਾਂ ਵਿਰੁੱਧ ਗੰਭੀਰ ਲਾਪ੍ਰਵਾਹੀ ਪਾਈ ਗਈ, ਜਿਸ ਕਾਰਨ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਗਏ। ਹੋਰ ਗਲਤ ਯੂਨਿਟਾਂ ਨੂੰ ਭਾਰੀ ਜੁਰਮਾਨੇ ਅਤੇ ਅੰਤਿਮ ਚਿਤਾਵਨੀ ਦਿੱਤੀ ਗਈ। ਪੀ. ਪੀ. ਸੀ. ਬੀ. ਅਧਿਕਾਰੀਆਂ ਅਨੁਸਾਰ ਨਿਰੀਖਣ ਤੋਂ ਪਤਾ ਲੱਗਾ ਕਿ ਕਈ ਇਲੈਕਟ੍ਰੋਪਲੇਟਿੰਗ ਯੂਨਿਟ ਸਹੀ ਟ੍ਰੀਟਮੈਂਟ ਤੋਂ ਬਿਨਾਂ ਦੂਸ਼ਿਤ ਪਾਣੀ ਦਾ ਨਿਪਟਾਰਾ ਕਰ ਰਹੇ ਸਨ। ਇਕ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ (ਸੀ. ਈ. ਟੀ. ਪੀ.) ਨਾਲ ਜੁੜੇ ਹੋਣ ਦੇ ਬਾਵਜੂਦ ਕੁਝ ਯੂਨਿਟਾਂ ਆਪਣੇ ਗੰਦੇ ਪਾਣੀ ਨੂੰ ਸਥਾਪਿਤ ਮਾਪਦੰਡਾਂ ਅਨੁਸਾਰ ਟ੍ਰੀਟ ਕਰਨ ’ਚ ਅਸਫਲ ਰਹੀਆਂ।
ਇਹ ਵੀ ਪੜ੍ਹੋ : ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵਿਭਾਗ ਨੇ ਚੁੱਕ ਲਿਆ ਵੱਡਾ ਕਦਮ, ਜਾਰੀ ਹੋਏ ਨਵੇਂ ਹੁਕਮ
ਇਸ ਤੋਂ ਇਲਾਵਾ ਸੀਵਰ ਲਾਈਨਾਂ ’ਚ ਬਾਈਪਾਸ ਸਮੇਤ ਕੁਝ ਥਾਵਾਂ ’ਤੇ ਅਣਸੋਧੇ ਸੀਵਰੇਜ ਦੇ ਮਾਮਲੇ ਵੀ ਪਾਏ ਗਏ। ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਪੀ. ਪੀ. ਸੀ. ਬੀ. ਨੇ ਇਲੈਕਟ੍ਰੋਪਲੇਟਿੰਗ ਯੂਨਿਟਾਂ ਦੀ ਤਸਦੀਕ ਪ੍ਰਕਿਰਿਆ ਸ਼ੁਰੂ ਕੀਤੀ। ਇਸ ਪ੍ਰਕਿਰਿਆ ਦੌਰਾਨ ਨਾ ਸਿਰਫ਼ ਗੈਰ-ਕਾਨੂੰਨੀ ਤੌਰ ’ਤੇ ਚੱਲ ਰਹੀਆਂ ਇਕਾਈਆਂ ਦੀ ਪਛਾਣ ਕੀਤੀ ਗਈ, ਸਗੋਂ ਕਾਨੂੰਨੀ ਇਕਾਈਆਂ ਦੇ ਕੰਮ-ਕਾਜ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ਵਿਚ ਜਾਰੀ ਹੋਈਆਂ ਸਾਲ ਦੀਆਂ ਛੁੱਟੀਆਂ ਨੂੰ ਲੈ ਕੇ ਪੈ ਗਿਆ ਰੌਲਾ
ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਵਾਰ-ਵਾਰ ਚਿਤਾਵਨੀਆਂ ਦੇ ਬਾਵਜੂਦ ਨਿਯਮਾਂ ਦੀ ਪਾਲਣਾ ਕਰਨ ’ਚ ਅਸਫਲ ਰਹਿਣ ਵਾਲੀਆਂ ਇਕਾਈਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ। ਬੋਰਡ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਸਿਰਫ਼ ਜੁਰਮਾਨੇ ਲਗਾਉਣਾ ਨਹੀਂ ਹੈ, ਸਗੋਂ ਉਦਯੋਗਿਕ ਇਕਾਈਆਂ ਨੂੰ ਵਾਤਾਵਰਣ ਸੁਰੱਖਿਆ ਲਈ ਜ਼ਿੰਮੇਵਾਰ ਬਣਾਉਣਾ ਵੀ ਹੈ, ਤਾਂ ਜੋ ਭਵਿੱਖ ’ਚ ਪਾਣੀ ਦੇ ਸਰੋਤਾਂ ਅਤੇ ਜਨਤਕ ਸਿਹਤ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕੇ। ਪੀ. ਪੀ. ਸੀ. ਬੀ. ਦੇ ਮੁੱਖ ਇੰਜੀਨੀਅਰ ਆਰ. ਕੇ. ਰੱਤਾ ਨੇ ਕਿਹਾ ਕਿ ਇਹ ਮੁਹਿੰਮ ਸਾਫ਼ ਪਾਣੀ ਦੇ ਸਰੋਤਾਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਉਸੇ ਚੌਕਸੀ ਨਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਵਾਤਾਵਰਣ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਕਿਸੇ ਵੀ ਇਕਾਈ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਲੋੜ ਪੈਣ ’ਤੇ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕੀਤੀਆਂ ਤਰੱਕੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
