ਬਿਜਲੀ ਬੋਰਡ ਦਾ ਅਸਿਸਟੈਂਟ ਜੇ. ਈ. ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ

05/20/2020 8:40:13 PM

ਮੋਗਾ, (ਆਜ਼ਾਦ)- ਵਿਜੀਲੈਂਸ ਬਿਊਰੋ ਮੋਗਾ ਨੇ ਧਰਮਕੋਟ ਬਿਜਲੀ ਬੋਰਡ ’ਚ ਤਾਇਨਾਤ ਇਕ ਐਸਿਸਟੈਂਟ ਜੇ. ਈ. ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਕਾਬੂ ਕੀਤਾ। ਵਿਜੀਲੈਂਸ ਬਿਊਰੋ ਮੋਗਾ ਦੇ ਡੀ. ਐੱਸ. ਪੀ. ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਧਰਮਕੋਟ ਇਲਾਕੇ ਅਧੀਨ ਪੈਂਦੇ ਇਲਾਕੇ ਦਬੁਰਜੀ ਨਿਵਾਸੀ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਇਕਬਾਲ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਪਿਤਾ ਦੇ ਨਾਮ ’ਤੇ ਇਕ ਟਿਊਬਵੈੱਲ ਕੁਨੈਕਸ਼ਨ ਸਾਢੇ 12 ਹਾਰਸ ਪਾਵਰ ਦਾ ਲੱਗਾ ਹੋਇਆ ਹੈ, ਜੋ ਆਖਿਰ ’ਚ ਹੋਣ ਕਾਰਨ ਪੂਰੇ ਵੋਲਟੇਜ਼ ਨਾ ਆਉਣ ’ਤੇ ਉਨ੍ਹਾਂ ਨੂੰ ਟਿਊਬਵੈੱਲ ਚਲਾਉਣ ’ਚ ਮੁਸ਼ਕਲ ਪੇਸ਼ ਆ ਰਹੀ ਸੀ, ਜਿਸ ’ਤੇ ਉਸਨੇ ਬਿਜਲੀ ਬੋਰਡ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਨਵਾਂ ਟਰਾਂਸਫਾਰਮਰ ਲਾਉਣ ਲਈ ਕੇਸ ਤਿਆਰ ਕਰਵਾਇਆ ਗਿਆ, ਜਿਸ ਦੀ ਮਨਜ਼ੂਰੀ ਮਿਲਣ ’ਤੇ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਸਾਰੇ ਖੰਭੇ ਲਾ ਦਿੱਤੇ ਗਏ, ਪਰ ਟਰਾਂਸਫਾਰਮਰ ਲਾਉਣਾ ਬਾਕੀ ਸੀ।

ਉਸਨੇ ਕਿਹਾ ਕਿ ਉਕਤ ਇਲਾਕੇ ਲਾਈਨ ਮੇਨ ਗੁਲਸ਼ੇਰ ਸਿੰਘ, ਜਿਸ ਕੋਲ ਅਸਿਸਟੈਂਟ ਜੇ. ਈ. ਦਾ ਵਾਧੂ ਚਾਰਜ ਹੈ, ਨੇ ਸਾਰੀ ਕਾਰਵਾਈ ਕਰਨੀ ਸੀ, ਜਦੋਂ ਮੈਂ ਉਸ ਨਾਲ ਗੱਲਬਾਤ ਕੀਤੀ ਤਾਂ ਉਸਨੇ 35 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ 15 ਹਜ਼ਾਰ ਰੁਪਏ ਪਹਿਲਾਂ ਲੈ ਲਏ ਅਤੇ ਅੱਜ ਉਸਨੇ 20 ਹਜ਼ਾਰ ਰੁਪਏ ਲੈਣ ਲਈ ਕਿਹਾ ਹੈ। ਡੀ. ਐੱਸ. ਪੀ. ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਅੱਜ ਸਮੇਤ ਇੰਸਪੈਕਟਰ ਸੱਤਪ੍ਰੇਮ ਸਿੰਘ ਅਤੇ ਵਿਜੀਲੈਂਸ ਟੀਮ ਨੇ ਅਸਿਸਟੈਂਟ ਜੇ. ਈ. ਬਿਜਲੀ ਬੋਰਡ ਧਰਮਕੋਟ ਗੁਲਸ਼ੇਰ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਜਾ ਦਬੋਚਿਆ। ਇਸ ਮੌਕੇ ਡਾਕਟਰ ਜਤਿੰਦਰ ਸਿੰਘ ਅਤੇ ਡਾਕਟਰ ਧਰਮਵੀਰ ਸਿੰਘ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਬਤੌਰ ਗਵਾਹ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਫਿਰੋਜ਼ਪੁਰ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁੱਛ-ਗਿੱਛ ਦੇ ਬਾਅਦ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।


Bharat Thapa

Content Editor

Related News