ਲੁਧਿਆਣਾ ’ਚ ''ਬਿਜਲੀ ਬਿਲਿੰਗ'' ਮਸ਼ੀਨਾਂ ਬੰਦ, ਪਰੇਸ਼ਾਨ ਹੋਣ ਲੱਗੇ ਖਪਤਕਾਰ
Wednesday, Sep 30, 2020 - 11:02 AM (IST)
ਲੁਧਿਆਣਾ (ਸਲੂਜਾ) : ਪਾਵਰਕਾਮ ਲੁਧਿਆਣਾ ਦੀਆਂ ਲਗਭਗ ਸਾਰੀਆਂ ਡਵੀਜ਼ਨਾਂ 'ਚ ਬਿਜਲੀ ਖਪਤਕਾਰਾਂ ਦੀ ਸਹੂਲਤ ਲਈ ਨਿੱਜੀ ਕੰਪਨੀ ਵੱਲੋਂ ਬਾਕਾਇਦਾ ਪਾਵਰਕਾਮ ਦੇ ਨਾਲ ਸਮਝੌਤੇ ਤਹਿਤ ਬਿਜਲੀ ਬਿਲਿੰਗ ਮਸ਼ੀਨਾਂ ਪਿਛਲੇ ਕਈ ਸਾਲਾਂ ਤੋਂ ਲੱਗੀਆਂ ਹੋਈਆਂ ਸਨ। ਇਨ੍ਹਾਂ ਦਾ ਠੇਕਾ ਖਤਮ ਹੁੰਦੇ ਹੀ ਇਹ ਬਿਲਿੰਗ ਮਸ਼ੀਨਾਂ ਵੀ ਬੰਦ ਹੋ ਗਈਆਂ। ਇੱਥੇ ਇਹ ਦੱਸ ਦੇਈਏ ਕਿ ਜਦੋਂ ਤੱਕ ਇਹ ਮਸ਼ੀਨਾਂ ਕੰਮ ਕਰ ਰਹੀਆਂ ਸਨ, ਉਦੋਂ ਤੱਕ ਖਪਤਕਾਰਾਂ ਨੂੰ ਵੀ ਕਾਫੀ ਸਹੂਲਤ ਸੀ। ਪਾਵਰਕਾਮ ਦੇ ਆਪਣੇ ਖੁਦ ਦੇ ਬਿਲਿੰਗ ਕੈਸ਼ ਸੈਂਟਰਾਂ ’ਤੇ ਭਾਰੀ ਭੀੜ ਹਮੇਸ਼ਾ ਬਣੀ ਰਹਿੰਦੀ ਹੈ।
ਕਈ ਵਾਰ ਤਾਂ ਪਾਵਰਕਾਮ ਦੇ ਕੈਸ਼ ਕਾਊਂਟਰਾਂ ਦਾ ਸਰਵਰ ਬੰਦ ਹੋ ਜਾਂਦਾ ਹੈ ਜਾਂ ਫਿਰ ਹੈਂਗ ਹੋ ਕੇ ਰਹਿ ਜਾਂਦਾ ਹੈ, ਜਿਸ ਨਾਲ ਖਪਤਕਾਰਾਂ ਨੂੰ ਸਮੇਂ ’ਤੇ ਬਿਜਲੀ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਜ਼ੁਰਮਾਨੇ ਦੀ ਭਰਪਾਈ ਵੀ ਕਰਨੀ ਪੈਂਦੀ ਹੈ। ਬਿਜਲੀ ਮਹਿਕਮੇ ਕੋਲ ਰੈਗੂਲਰ ਸਟਾਫ਼ ਦੀ ਪਹਿਲਾਂ ਹੀ ਕਮੀ ਹੈ। ਠੇਕੇਦਾਰੀ ਸਿਸਟਮ ਤਹਿਤ ਮੀਟਰ ਰੀਡਿੰਗ ਅਤੇ ਬਿਜਲੀ ਬਿੱਲ ਵਸੂਲਣ ਦਾ ਕੰਮ ਲਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਬਿਜਲੀ ਬਿਲਿੰਗ ਮਸ਼ੀਨਾਂ ਸਥਾਪਤ ਕਰਨ ਵਾਲੀ ਕੰਪਨੀ ਨੂੰ ਪਾਵਰਕਾਮ ਪ੍ਰਤੀ ਬਿੱਲ ਦੇ ਹਿਸਾਬ ਨਾਲ 4 ਤੋਂ 5 ਰੁਪਏ ਅਦਾ ਕਰਦਾ ਆ ਰਿਹਾ ਸੀ। ਇਨ੍ਹਾਂ ਮਸ਼ੀਨਾਂ ਕਾਰਨ ਪਾਵਰਕਾਮ ਦੇ ਬਿਲਿੰਗ ਕੈਸ਼ ਕਾਊਂਟਰਾਂ ’ਤੇ ਖਪਤਕਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਸੀ ਪਰ ਹੁਣ ਮੌਜੂਦਾ ਹਾਲਾਤ 'ਚ ਖਪਤਕਾਰਾਂ ਨੂੰ ਸਵੇਰ ਹੁੰਦੇ ਹੀ ਆਪਣੇ ਬਿਜਲੀ ਬਿੱਲਾਂ ਦੇ ਭੁਗਤਾਨ ਲਈ ਪਾਵਰਕਾਮ ਦੇ ਕੈਸ਼ ਕਾਊਂਟਰਾਂ ’ਤੇ ਲਾਈਨਾਂ ਲਗਾ ਕੇ ਖੜ੍ਹਾ ਹੋਣਾ ਪੈ ਰਿਹਾ ਹੈ।
ਸੀ. ਐੱਮ. ਡੀ. ਪਾਵਰਕਾਮ ਨੂੰ ਪੱਤਰ ਲਿਖਿਆ
ਜਾਣਕਾਰੀ ਮੁਤਾਬਕ ਲੁਧਿਆਣਾ ਪਾਵਰਕਾਮ ਵੱਲੋਂ ਸੀ. ਐੱਮ. ਡੀ. ਪਾਵਰਕਾਮ ਨੂੰ ਇਕ ਪੱਤਰ ਲਿਖ ਕੇ ਇਹ ਕਿਹਾ ਗਿਆ ਹੈ ਕਿ ਬਿਲਿੰਗ ਮਸ਼ੀਨਾਂ ਦੀ ਲੁਧਿਆਣਾ ਵਰਗੇ ਵੱਡੇ ਸ਼ਹਿਰ 'ਚ ਬੇਹੱਦ ਲੋੜ ਹੈ ਕਿਉਂਕਿ ਇਥੇ ਬਿਜਲੀ ਖਪਤਕਾਰਾਂ ਦੀ ਗਿਣਤੀ ਪੰਜਾਬ ਦੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹੈ। ਪਾਵਰਕਾਮ ਲੁਧਿਆਣਾ ਕੋਲ ਰੈਗੂਲਰ ਮੁਲਾਜ਼ਮਾਂ ਦੀ ਕਮੀ ਬਾਰੇ ਪਾਵਰਕਾਮ ਦੀ ਮੈਨੇਜਮੈਂਟ ਪਹਿਲਾਂ ਤੋਂ ਜਾਣੂ ਹੈ। ਬਿਜਲੀ ਗੁੱਲ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਪ੍ਰਾਈਵੇਟ ਬਿਜਲੀ ਮੁਲਾਜ਼ਮਾਂ ਦੇ ਸਹਿਯੋਗ ਨਾਲ ਹੀ ਕੀਤਾ ਜਾ ਰਿਹਾ ਹੈ। ਲੁਧਿਆਣਾ ਪਾਵਰਕਾਮ ਨੇ ਸੀ. ਐੱਮ. ਡੀ. ਦੇ ਸਾਹਮਣੇ ਇਹ ਗੁਹਾਰ ਲਾਈ ਹੈ ਕਿ ਬਿਲਿੰਗ ਮਸ਼ੀਨਾਂ ਦਾ ਟੈਂਡਰ ਜਿੰਨੀ ਜਲਦੀ ਹੋ ਸਕੇ, ਓਨਾ ਹੀ ਮਹਿਕਮੇ ਅਤੇ ਜਨਤਾ ਲਈ ਬਿਹਤਰ ਹੋਵੇਗਾ।