ਪਾਵਰਕਾਮ ਨੇ ਸਰਕਾਰੀ ਅਦਾਰਿਆਂ ਦੇ ਬਿਜਲੀ ਬਕਾਇਆਂ ਨੂੰ ਲੈ ਕੇ ਮੁਹਿੰਮ ਵਿੱਢੀ

Saturday, Aug 08, 2020 - 02:23 PM (IST)

ਪਟਿਆਲਾ (ਪਰਮੀਤ) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਸਰਕਾਰੀ ਅਦਾਰਿਆਂ ਵੱਲ ਬਿਜਲੀ ਬਿੱਲ ਬਕਾਇਆ ਹੋਣ ’ਤੇ ਬਿਜਲੀ ਕੁਨੈਕਸ਼ਨ ਕੱਟਣ ਦੀ ਮੁਹਿੰਮ ਮੁੜ ਵਿੱਢ ਦਿੱਤੀ ਹੈ। ਇਸ ਤਹਿਤ ਪਾਵਰਕਾਮ ਕਰਮਚਾਰੀਆਂ ਨੇ ਸ਼ਹਿਰ 3 ਪੁਲਸ ਥਾਣਿਆਂ ਦੇ ਕੁਨੈਕਸ਼ਨ ਕੱਟ ਦਿੱਤੇ, ਜਦੋਂ ਕਿ ਇਕ ਕਲਾ ਕੇਂਦਰ ਤੇ ਇਕ ਰੈਸਟ ਹਾਊਸ ਦਾ ਕੁਨੈਕਸ਼ਨ ਵੀ ਕੱਟਿਆ ਗਿਆ ਹੈ। ਸੂਤਰਾਂ ਮੁਤਾਬਕ ਪਾਵਰਕਾਮ ਨੇ ਮੰਗਲਵਾਰ ਨੂੰ ਪੁਲਸ ਥਾਣਾ ਸਿਵਲ ਲਾਈਨ, ਪੁਲਸ ਥਾਣਾ ਕੋਤਵਾਲੀ ਤੇ ਚੌਂਕੀ ਮਾਡਲ ਟਾਊਨ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਸਨ।

ਉਪਰੰਤ ਸੀਨੀਅਰ ਪੁਲਸ ਅਧਿਕਾਰੀ ’ਚ ਪੈ ਗਏ ਅਤੇ 10 ਅਗਸਤ ਤੱਕ ਅਦਾਇਗੀ ਦਾ ਭਰੋਸਾ ਦੁਆਇਆ ਤਾਂ ਇਹ ਕੁਨੈਕਸ਼ਨ ਮੁੜ ਬਹਾਲ ਕੀਤੇ ਗਏ। ਪੁਲਸ ਮਹਿਕਮੇ ਵੱਲ ਪਟਿਆਲਾ ਇਲਾਕੇ ਦਾ ਹੀ 70 ਲੱਖ ਰੁਪਏ ਬਿਜਲੀ ਬਿੱਲ ਬਕਾਇਆ ਪਿਆ ਹੈ। ਇਸੇ ਤਰ੍ਹਾਂ ਬਹੁਤ ਪ੍ਰਸਿੱਧ ਹਰਪਾਲ ਟਿਵਾਣਾ ਕਲਾ ਕੇਂਦਰ ਦਾ ਕੁਨੈਕਸ਼ਨ ਤਕਰੀਬਨ 3 ਹਫ਼ਤੇ ਪਹਿਲਾਂ ਕੱਟ ਦਿੱਤਾ ਗਿਆ ਹੈ। ਇਸ ਕੇਂਦਰ ਵੱਲ 40 ਲੱਖ ਰੁਪਏ ਬਿਜਲੀ ਬਿੱਲ ਬਕਾਇਆ ਹੈ ਅਤੇ ਇਹ ਕੁਨੈਕਸ਼ਨ ਡਿਪਟੀ ਕਮਿਸ਼ਨਰ ਦੇ ਨਾਂ ’ਤੇ ਹੈ।

ਇਸੇ ਤਰੀਕੇ ਜੰਗਲਾਤ ਮਹਿਕਮੇ ਦੇ ਗੈਸਟ ਹਾਊਸ ਦਾ ਵੀ ਕੁਨੈਕਸ਼ਨ ਕੱਟ ਦਿੱਤਾ ਹੈ। ਸੂਤਰਾਂ ਮੁਤਾਬਕ ਕੇਂਦਰੀ ਜੇਲ ਜਿਸ ਦਾ ਕੁਨੈਕਸ਼ਨ ਕੁਝ ਮਹੀਨੇ ਕੱਟ ਦਿੱਤਾ ਗਿਆ ਸੀ। ਫਿਰ ਉੱਚ ਅਧਿਕਾਰੀਆਂ ਦੇ ਦਖ਼ਲ ਮਗਰੋਂ ਬਹਾਲ ਹੋਇਆ ਸੀ, ਵੱਲੋਂ 2 ਕਰੋੜ ਰੁਪਏ ਬਿੱਲ ਦੀ ਅਦਾਇਗੀ ਕਰ ਦਿੱਤੀ ਗਈ ਹੈ। ਸਰਕਾਰੀ ਰਾਜਿੰਦਰਾ ਹਸਪਤਾਲ ਵੱਲੋਂ ਵੀ 2 ਕਰੋੜ ਰੁਪਏ ਮਹਿਕਮੇ ਨੇ ਜਮ੍ਹਾਂ ਕਰਵਾ ਦਿੱਤੇ ਹਨ। ਪੀ. ਡਬਲਿਯੂ. ਡੀ. ਗੈਸਟ ਹਾਊਸ ਤੋਂ ਵੀ ਤਕਰੀਬਨ ਸਵਾ 5 ਲੱਖ ਰੁਪਏ ਬਿਜਲੀ ਬਿੱਲ ਦੀ ਵਸੂਲੀ ਕੀਤੀ ਗਈ ਹੈ।

ਆਬਕਾਰੀ ਤੇ ਕਰ ਮਹਿਕਮੇ ਵੱਲੋਂ ਵੀ ਸਵਾ 6 ਲੱਖ ਰੁਪਏ ਬਿਜਲੀ ਬਿੱਲ ਭਰਿਆ ਗਿਆ ਹੈ। ਇਸ ਦੌਰਾਨ ਪਾਵਰਕਾਮ ਦੇ ਵਧੀਕ ਨਿਗਰਾਨ ਇੰਜੀਨੀਅਰ ਮਾਡਲ ਟਾਊਨ ਡਵੀਜ਼ਨ ਅਮਨਦੀਪ ਸਿੰਘ ਢੀਂਡਸਾ ਨੇ ਇਹ ਕੁਨੈਕਸ਼ਨ ਕੱਟੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਾਵਰਕਾਮ ਨੇ ਸਾਰੇ ਮਹਿਕਮਿਆਂ ਨੂੰ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਵਾਸਤੇ ਆਖਿਆ ਹੈ।
 


Babita

Content Editor

Related News