ਬਿਜਲੀ ਦੇ ਸ਼ਾਰਟ ਸਰਕਟ ਕਾਰਨ ਘਰ ਨੂੰ ਲੱਗੀ ਅੱਗ, ਸਾਰਾ ਸਮਾਨ ਸੜ ਕੇ ਸੁਆਹ

Thursday, Jan 30, 2025 - 03:35 PM (IST)

ਬਿਜਲੀ ਦੇ ਸ਼ਾਰਟ ਸਰਕਟ ਕਾਰਨ ਘਰ ਨੂੰ ਲੱਗੀ ਅੱਗ, ਸਾਰਾ ਸਮਾਨ ਸੜ ਕੇ ਸੁਆਹ

ਸ੍ਰੀ ਮੁਕਤਸਰ ਸਾਹਿਬ  (ਪਵਨ ਤਨੇਜਾ, ਖੁਰਾਣਾ) : ਪਿੰਡ ਕੋਟਲੀ ਸੰਘਰ ਵਿਖੇ ਬਿਜਲੀ ਦਾ ਸ਼ਾਰਟ ਸਰਕਟ ਕਰਕੇ ਇਕ ਘਰ ਵਿਚ ਅਚਾਨਕ ਅੱਗ ਲੱਗ ਜਾਣ ਕਰਕੇ ਘਰ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ । ਅੱਗ ਲੱਗ ਜਾਣ ਕਾਰਨ ਘਰ ਅੰਦਰ ਪਿਆ ਟੀ. ਵੀ, ਬੈੱਡ, ਪੱਖਾ, ਚਾਰ ਕੁਰਸੀਆਂ, ਦੋ ਮੰਜੇ, ਕੱਪੜੇ, ਪੇਟੀ ਅਤੇ ਪੰਜ ਹਜ਼ਾਰ ਰੁਪਏ ਦੀ ਨਗਦੀ ਵੀ ਸੜ ਕੇ ਸੁਆਹ ਹੋ ਗਈ । ਇਸ ਤੋਂ ਇਲਾਵਾ ਟੈਲ-ਬੱਤੇ ਵਾਲੇ ਕਮਰੇ ਨੂੰ ਵੀ ਅੱਗ ਲੱਗ ਜਾਣ ਕਾਰਨ ਕਮਰਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਪੀੜਤ ਚੰਦ ਸਿੰਘ ਪੁੱਤਰ ਆਤਮਾ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 5:30 ਵਜੇ ਜਦ ਉਹ ਉੱਠ ਕੇ ਬਾਹਰ ਚਾਹ ਬਣਾਉਣ ਲਈ ਆਏ ਤਾਂ ਅੰਦਰ ਬਿਜਲੀ ਵਾਲੇ ਬੋਰਡ ’ਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਅੱਗ ਟੀਵੀ ਅਤੇ ਹੋਰ ਸਮਾਨ ਨੂੰ ਲੱਗ ਗਈ ਜਿਸ ਤੋਂ ਬਾਅਦ ਇਹ ਅੱਗ ਬੜੀ ਹੀ ਤੇਜ਼ੀ ਨਾਲ ਫੈਲਦੀ ਹੋਈ ਬੈੱਡ ਅਤੇ ਹੋਰ ਸਮਾਨ ਨੂੰ ਪੈ ਗਈ। ਜਿਵੇਂ ਹੀ ਸਾਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਅਸੀਂ ਤੁਰੰਤ ਰੌਲਾ ਪਾਇਆ ਅਤੇ ਆਸ ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਪਾਣੀ ਨਾਲ ਅੱਗ ਬੁਝਾਈ ਪਰ ਉਦੋਂ ਤੱਕ ਕਮਰੇ ਅੰਦਰ ਪਿਆ ਸਾਰਾ ਸਮਾਨ ਸੜ ਚੁੱਕਾ ਸੀ ।

ਉਸਨੇ ਦੱਸਿਆ ਕਿ ਉਸ ਦਾ ਕਰੀਬ 1 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਉਸਨੇ ਦੱਸਿਆ ਕਿ ਉਹ ਇਕ ਗਰੀਬ ਮਜ਼ਦੂਰ ਹੈ ਅਤੇ ਉਸ ਨੇ ਪਾਈ-ਪਾਈ ਜੋੜ ਕੇ ਆਪਣਾ ਘਰੇਲੂ ਸਮਾਨ ਬਣਾਇਆ ਸੀ ਪਰ ਅੱਜ ਸਾਰਾ ਸਮਾਨ ਅੱਗ ਦੀ ਭੇਟ ਚੜ ਗਿਆ। ਉਸਨੇ ਭਰੇ ਮਨ ਨਾਲ ਕਿਹਾ ਕਿ ਉਹ ਮੁੜ ਤੋਂ ਆਪਣਾ ਸਮਾਨ ਬਣਾਉਣ ਅਤੇ ਕਮਰੇ ਦੀ ਛੱਤ ਪਾਉਣ ਤੋਂ ਅਸਮਰਥ ਹੈ। ਉਸਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਮੰਗ ਕੀਤੀ ਕਿ ਉਸ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਮੁੜ ਤੋਂ ਆਪਣੇ ਕਮਰੇ ਦੀ ਛੱਤ ਪਾ ਸਕੇ ਅਤੇ ਜੋ ਘਰੇਲੂ ਸਮਾਨ ਸੜਿਆ ਹੈ ਉਹ ਵੀ ਲੈ ਸਕੇ। ਇਸ ਦੌਰਾਨ ਮੌਕੇ ’ਤੇ ਪੁੱਜੀ ਪਿੰਡ ਦੀ ਪੰਚਾਇਤ ਅਤੇ ਹੋਰ ਮੋਹਤਵਾਰ ਵਿਅਕਤੀਆਂ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ।


author

Gurminder Singh

Content Editor

Related News