ਪੰਜਾਬ 'ਚ ਸਮੇਂ ਤੋਂ ਪਹਿਲਾਂ ਸ਼ੁਰੂ ਹੋਈਆਂ 'ਚੋਣ ਸਰਗਰਮੀਆਂ', ਪੰਜਾਬ ਭਾਜਪਾ ਨੂੰ ਚਮਤਕਾਰ ਦੀ ਉਮੀਦ
Tuesday, Mar 16, 2021 - 09:10 AM (IST)
ਜਲੰਧਰ (ਐੱਨ. ਮੋਹਨ) : ਪੰਜਾਬ ’ਚ ਸਮੇਂ ਤੋਂ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਅਕਾਲੀ ਦਲ ਨੇ ਐਤਵਾਰ ਨੂੰ ਜਲਾਲਾਬਾਦ ਤੋਂ ਚੋਣ ਬਿਗੁਲ ਵਜਾ ਦਿੱਤਾ ਹੈ। ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ 21 ਮਾਰਚ ਨੂੰ ਪੰਜਾਬ ਦੇ ਬਾਘਾਪੁਰਾਣਾ ਤੋਂ ਚੋਣ ਸਰਗਰਮੀਆਂ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜਦੋਂ ਕਿ ਸੱਤਾਧਾਰੀ ਕਾਂਗਰਸ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 18 ਮਾਰਚ ਨੂੰ ਆਪਣੇ 4 ਸਾਲ ਦੀਆਂ ਪ੍ਰਾਪਤੀਆਂ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਚੋਣਾਂ ਦੀ ਰਣਨੀਤੀ ਦੀ ਬੈਠਕ ਪ੍ਰਸ਼ਾਂਤ ਕਿਸ਼ੋਰ ਨਾਲ ਕਰਨ ਦੀ ਤਿਆਰੀ ’ਚ ਹਨ। ਇਨ੍ਹਾਂ ਸਾਰੀਆਂ ਗੱਲਾਂ ਦਰਮਿਆਨ ਭਾਜਪਾ ਦੀਆਂ ਸਰਗਰਮੀਆਂ ਸ਼ੱਕੀ ਹੋ ਗਈਆਂ ਹਨ। ਪਾਰਟੀ ਦੇ ਸੂਤਰ ਦੱਸਦੇ ਹਨ ਕਿ ਕਿਸਾਨ ਅੰਦੋਲਨ ਦਾ ਜ਼ੋਰ ਹੋਰ ਮੱਠਾ ਪੈਣ ਤੋਂ ਬਾਅਦ ਕੇਂਦਰ ਸਰਕਾਰ ਖੇਤੀਬਾੜੀ ਕਾਨੂੰਨਾਂ ਨਾਲ ਸਬੰਧਿਤ ਕੋਈ ਵੱਡਾ ਫ਼ੈਸਲਾ ਲੈਣ ਦੀ ਤਿਆਰੀ ’ਚ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦੇ 'ਨਵੇਂ ਸਟਰੇਨ' ਦੀ ਐਂਟਰੀ, 2 ਲੋਕਾਂ 'ਚ ਮਿਲਿਆ ਵਾਇਰਸ
ਪੰਜਾਬ ’ਚ ਵਿਧਾਨ ਸਭਾ ਚੋਣਾਂ ਫਰਵਰੀ, 2022 ’ਚ ਹੋਣੀਆਂ ਹਨ। ਅਕਾਲੀ ਦਲ ਨੇ ਇਕ ਦਿਨ ਪਹਿਲਾਂ 14 ਮਾਰਚ ਨੂੰ ਜਲਾਲਾਬਾਦ ਤੋਂ ਆਪਣੀ ਚੋਣ ਰਣਨੀਤੀ ਸ਼ੁਰੂ ਕਰ ਦਿੱਤੀ ਹੈ। ਬਰਗਾੜੀ ਅਤੇ ਹੋਰ ਬੇਅਦਬੀ ਮਾਮਲਿਆਂ ਤੋਂ ਬਾਅਦ ਠੰਡੀ ਪਈ ਪਾਰਟੀ ਦੀਆਂ ਸਰਗਰਮੀਆਂ ’ਚ ਗਰਮੀ ਲਿਆਉਣ ਦੀਆਂ ਕੋਸ਼ਿਸ਼ਾਂ ਹੁਣੇ ਲੰਘੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ’ਚ ਹੀ ਹੋਣ ਲੱਗੀਆਂ ਸਨ। ਬਿਕਰਮ ਸਿੰਘ ਮਜੀਠੀਆ ਇਜਲਾਸ ’ਚ ਜ਼ਿਆਦਾ ਸਰਗਰਮ ਨਜ਼ਰ ਆਏ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਾਰਟੀ ਮਾਮਲਿਆਂ ’ਚ ਜਨਤਕ ਤੌਰ ’ਤੇ ਘੱਟ ਸਰਗਰਮੀ ਤੋਂ ਬਾਅਦ ਹਰਸਿਮਰਤ ਕੌਰ ਅਤੇ ਬਿਕਰਮ ਸਿੰਘ ਮਜੀਠੀਆ ਦੀ ਸਰਗਰਮੀ ਨੇ ਪਾਰਟੀ ਦੇ ਨਵੇਂ ਰੂਪ ਵੱਲ ਸੰਕੇਤ ਕੀਤਾ ਹੈ। ਅਕਾਲੀ ਦਲ ਨੇ ਕਾਂਗਰਸ ਦਾ ਪੂਰਾ ਮੈਨੀਫੈਸਟੋ ਹੀ ਆਪਣੇ ਨਿਸ਼ਾਨੇ ’ਤੇ ਲੈ ਲਿਆ ਹੈ ਅਤੇ ਮੁੱਖ ਮੰਤਰੀ ਦੀ ਚਾਰ ਸਾਲ ਦੀ ਸਰਗਰਮੀ ਵੀ ਰਿਕਾਰਡ ’ਚ ਰੱਖੀ ਹੈ। ਜਲਾਲਾਬਾਦ ’ਚ ਹੋਈ ਰੈਲੀ ’ਚ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਉਮੀਦਵਾਰ ਦੇ ਰੂਪ ’ਚ ਜਲਾਲਾਬਾਦ ਤੋਂ ਖ਼ੁਦ ਨੂੰ ਉਮੀਦਵਾਰ ਐਲਾਨਿਆ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਮੈਂਬਰ ਜੱਥੇਦਾਰ 'ਦਿਆਲ ਸਿੰਘ ਕੋਲਿਆਂਵਾਲੀ' ਦਾ ਦਿਹਾਂਤ
ਪਾਰਟੀ ਦੀ ਵਰਕਿੰਗ ਕਮੇਟੀ ਦੇ 87 ਮੈਂਬਰਾਂ ਦਾ ਐਲਾਨ ਵੀ ਪਾਰਟੀ ਦੀ ਨਵੀਂ ਰਣਨੀਤੀ ਦਾ ਹਿੱਸਾ ਹੈ। ਇਧਰ, ਆਮ ਆਦਮੀ ਪਾਰਟੀ ਨੇ ਵੀ ਪੰਜਾਬ ’ਚ ਚੋਣ ਸਰਗਰਮੀਆਂ ਨੂੰ ਤੇਜ਼ ਕਰਨ ਦਾ ਫ਼ੈਸਲਾ ਲਿਆ ਹੈ। ਇਕ ਗੱਲਬਾਤ ’ਚ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਨੇ ਆਪਣੀਆਂ ਸਰਗਰਮੀਆਂ ਵਧਾਉਣ ਦਾ ਆਧਾਰ ਹੋਰ ਪਾਰਟੀਆਂ ਦੀਆਂ ਸਰਗਰਮੀਆਂ ਨੂੰ ਨਹੀਂ ਰੱਖਿਆ, ਸਗੋਂ ਪਾਰਟੀ ਆਪਣੀ ਰਣਨੀਤੀ ’ਤੇ ਹੀ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ 21 ਮਾਰਚ ਨੂੰ ਪਾਰਟੀ ਬਾਘਾਪੁਰਾਣਾ ’ਚ ਕਿਸਾਨ ਮਹਾਂਪੰਚਾਇਤ ਕਰਨ ਜਾ ਰਹੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਾਰਟੀ ਸਿਰਫ ਕਿਸਾਨਾਂ ਦੇ ਨਾਂ ’ਤੇ ਹੀ ਨਹੀਂ, ਸਗੋਂ ਹੋਰ ਮੁੱਦਿਆਂ ’ਤੇ ਵੀ ਚੋਣ ਲੜੇਗੀ। ਉਨ੍ਹਾਂ ਇਸ ਗੱਲ ਨੂੰ ਵੀ ਨਕਾਰਿਆ ਕਿ ਪਾਰਟੀ ਦਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਪੰਜਾਬ ਤੋਂ ਬਾਹਰ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ ’ਤੇ ਪਾਰਟੀ ਚੋਣ ਲੜੇਗੀ ਅਤੇ ਇਹ ਚਿਹਰਾ ਪੰਜਾਬ ਤੋਂ ਹੀ ਹੋਵੇਗਾ। ਇਸ ਤੋਂ ਬਾਅਦ ਪਾਰਟੀ ਆਪਣੀਆਂ ਰੈਲੀਆਂ ਦਾ ਸਿਲਸਿਲਾ ਸ਼ੁਰੂ ਕਰੇਗੀ।
ਕਾਂਗਰਸ ’ਚ ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਪਾਰਟੀ ਦਾ ਮਜ਼ਬੂਤ ਚਿਹਰਾ ਹਨ ਪਰ ਨਗਰ ਨਿਗਮ ਚੋਣਾਂ ਜਿੱਤਣ ਤੋਂ ਬਾਅਦ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੈਪਟਨ ਨੂੰ ਆਉਦੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਦਾ ਚਿਹਰਾ ਦੱਸਣ ਤੋਂ ਬਾਅਦ ਹੋਏ ਵਿਵਾਦ ਉਪਰੰਤ ਪਾਰਟੀ ਅਜੇ ਇਸ ਮੁੱਦੇ ’ਤੇ ਤਾਂ ਚੁੱਪ ਹੈ ਪਰ ਪਾਰਟੀ ’ਚ ਅਹੁਦੇਦਾਰਾਂ, ਮੰਤਰੀਆਂ, ਵਿਧਾਇਕਾਂ ਨੂੰ ਆਪਣੇ-ਆਪਣੇ ਖੇਤਰ ’ਚ ਸਰਗਰਮ ਹੋਣ ਲਈ ਕਹਿ ਦਿੱਤਾ ਗਿਆ ਹੈ। ਪਾਰਟੀ ਦੇ ਸੂਤਰ ਦੱਸਦੇ ਹਨ ਕਿ ਕਾਂਗਰਸ ਆਪਣੀ ਚੋਣ ਰਣਨੀਤੀ ਵੀ ਕੋਰੋਨਾ ਨੂੰ ਵੇਖ ਕੇ ਬਣਾ ਰਹੀ ਹੈ। ਜਿਸ ਤਰ੍ਹਾਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਰਾਤ ਦਾ ਕਰਫ਼ਿਊ ਇਕ-ਇਕ ਕਰ ਕੇ ਲਾਇਆ ਜਾ ਰਿਹਾ ਹੈ, ਮੰਤਰੀ ਆਪਣੇ ਆਪ ਤਾਲਾਬੰਦੀ ਦੀ ਗੱਲ ’ਤੇ ਕੁੱਝ ਵੀ ਨਹੀਂ ਬੋਲ ਰਹੇ।
ਅਜਿਹੇ ’ਚ ਚੋਣ ਸਰਗਰਮੀਆਂ ਕਿਵੇਂ ਦੀਆਂ ਹੋਣਗੀਆਂ, ਕਾਂਗਰਸ ਦੀ ਇਸ ਮਹੀਨੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਨਾਲ ਹੋਣ ਵਾਲੀ ਸੰਭਾਵੀ ਬੈਠਕ ’ਚ ਦਿਸ਼ਾ ਤੈਅ ਹੋਵੇਗੀ। ਕਿਸਾਨ ਅੰਦੋਲਨ ਦਾ ਸਭ ਤੋਂ ਜ਼ਿਆਦਾ ਵਿਰੋਧ ਝੱਲ ਰਹੀ ਭਾਜਪਾ ਵੀ ਕਿਸੇ ਹੌਂਸਲੇ ’ਚ ਹੈ। ਪਾਰਟੀ ਦੇ ਸੂਤਰਾਂ ਦਾ ਦਾਅਵਾ ਹੈ ਕਿ ਕਿਸਾਨ ਅੰਦੋਲਨ ਦਾ ਜ਼ੋਰ ਘੱਟ ਹੋ ਰਿਹਾ ਹੈ, ਕਿਸਾਨ ਕਣਕ ਦੀ ਵਾਢੀ ’ਚ ਰੁੱਝਣ ਲੱਗੇ ਹਨ। ਅਜਿਹੇ ’ਚ ਪਾਰਟੀ ਹਾਈਕਮਾਂਡ ਖੇਤੀਬਾੜੀ ਕਾਨੂੰਨਾਂ ’ਤੇ ਕੋਈ ਅਜਿਹਾ ਫ਼ੈਸਲਾ ਲੈ ਸਕਦੀ ਹੈ, ਜੋ ਉਸ ਦੇ ਲਈ ਪੰਜਾਬ ’ਚ ਚੋਣ ਸਰਗਰਮੀਆਂ ਦਾ ਆਧਾਰ ਬਣੇਗਾ। ਇਸ ਕਾਰਨ ਪੰਜਾਬ ਭਾਜਪਾ ਨੂੰ ਵੀ ਕਿਸੇ ਚਮਤਕਾਰ ਹੋਣ ਦੀ ਉਮੀਦ ਬੱਝੀ ਹੈ। ਇਸ ਦੇ ਬਾਵਜੂਦ ਸਾਰੇ ਆਗੂ ਗੈਰ-ਰਸਮੀ ਗੱਲਬਾਤ ’ਚ ਇਸ ਗੱਲ ਨੂੰ ਮੰਨਦੇ ਹਨ ਕਿ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਜਲਦੀ ਥਕਾ ਦੇਣਗੀਆਂ।
ਨੋਟ : ਉਪਰੋਕਤ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ