ਕਿਸ ਦੇ ਸਿਰ ’ਤੇ ਸਜੇਗਾ ਨਾਭਾ ਹਲਕੇ ਦੀ ਸੀਟ ਦਾ ਸਿਹਰਾ, ਕੀ ਜਿੱਤ ਪ੍ਰਾਪਤ ਕਰਕੇ ਹੈਟ੍ਰਿਕ ਲਗਾ ਸਕਣਗੇ ਧਰਮਸੋਤ
Monday, Mar 07, 2022 - 04:34 PM (IST)
ਭਾਦਸੋਂ (ਅਵਤਾਰ) - 20 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਪਿੱਛੋਂ ਹੁਣ ਨਤੀਜਿਆਂ ਦੀ ਲਗਾਤਾਰ ਉਡੀਕ ਕੀਤੀ ਜਾ ਰਹੀ ਹੈ। ਸਾਰੇ ਉਮੀਦਵਾਰ ਆਪੋ ਆਪਣੀ ਜਿੱਤ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ। ਇਸ ਦੌਰਾਨ ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸੱਤਾ ਵਿੱਚ ਆਉਣ ਦੇ ਸੁਫ਼ਨੇ ਦੇਖ ਰਹੇ ਹਨ ਪਰ ਇਸ ਸੁਫ਼ਨੇ ਦਾ ਅਸਲ ਸੱਚ 10 ਮਾਰਚ ਨੂੰ ਹੀ ਪਤਾ ਲੱਗੇਗਾ। ਇਨ੍ਹਾਂ ਚੋਣਾਂ ਦੌਰਾਨ ਜਿੱਥੇ ਕਈ ਹੌਟ ਸੀਟਾਂ ’ਤੇ ਵੱਡੇ ਪੱਧਰ ’ਤੇ ਚਰਚਾਵਾਂ ਛਿੜੀਆਂ ਹੋਈਆਂ ਹਨ, ਉਥੇ ਕਈ ਲੋਕਾਂ ਆਪੋ ਆਪਣੇ ਉਮੀਦਵਾਰਾਂ ਦੀਆਂ ਜਿੱਤਾਂ ਲਈ ਸ਼ਰਤਾਂ ਵੀ ਲਗਾ ਰਹੇ ਹਨ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਨਾਭਾ ਦੀ ਸੀਟ ਵੀ ਵੱਕਾਰੀ ਸੀਟ ਬਣੀ ਹੋਈ ਹੈ। ਇਸ ਪਿਛਲੀਆਂ 2 ਟਰਮਾਂ ਤੋਂ ਲਗਾਤਾਰ ਜਿੱਤ ਪ੍ਰਾਪਤ ਕਰ ਚੁੱਕੇ ਕਾਂਗਰਸ ਦੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਇਸ ਵਾਰ ਜਿੱਤ ਦੀ ਹੈਟ੍ਰਿਕ ਲਾਉਣ ਦਾ ਦਾਅਵਾ ਕਰ ਰਹੇ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੀ 1997 ਤੋਂ ਬਾਅਦ ਜਿੱਤ ਹਾਸਲ ਕਰਕੇ ਹਾਰ ਦੇ ਘਟਨਾ ਚੱਕਰ ਨੂੰ ਤੋੜਨ ਦੀ ਤਿਆਰੀ ਵਿੱਚ ਲੱਗਿਆ ਹੋਇਆ ਹੈ ਪਰ ਇਨ੍ਹਾਂ ਦੋਵਾਂ ਦੀਆਂ ਜਿੱਤਾਂ ਦੇ ਆਪੋ ਆਪਣੇ ਦਾਅਵਿਆਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਵੀ ਆਪਣੀ ਜਿੱਤ ਦਾ ਵੱਡਾ ਦਾਅਵਾ ਕਰ ਕੇ ਬਾਕੀਆਂ ਦੇ ਸਾਹ ਸੂਤਣ ਲਈ ਮਜਬੂਰ ਕਰ ਦਿੱਤਾ ਹੈ।
ਇਸ ਦੌਰਾਨ ਜੇਕਰ ਅੰਕੜਿਆਂ ਵੱਲ ਧਿਆਨ ਮਾਰੀਏ ਤਾਂ 1997 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਰਾਜਾ ਨਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੇ ਕਾਕਾ ਰਣਦੀਪ ਸਿੰਘ ਨੂੰ 1294 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨਾਭਾ ਹਲਕੇ ਦੀ ਸੀਟ ਦੀ ਜਿੱਤ ਨੂੰ ਤਰਸ ਰਹੇ 2002 ਵਿਚ ਕਾਕਾ ਰਣਦੀਪ ਸਿੰਘ ਨੇ 37453 ਵੋਟਾਂ ਹਾਸਲ ਕਰਕੇ ਅਕਾਲੀ ਦਲ ਦੇ ਰਾਜਾ ਨਰਿੰਦਰ ਸਿੰਘ ਨੂੰ 13591 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ ਸੀ। 2007 ਵਿੱਚ ਮੁੜ ਕਾਂਗਰਸ ਦੇ ਕਾਕਾ ਰਣਦੀਪ ਸਿੰਘ ਨੇ 41310 ਵੋਟਾਂ ਪ੍ਰਾਪਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਰਾਜਾ ਨਰਿੰਦਰ ਸਿੰਘ ਨੂੰ 5313 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।
2012 ਵਿੱਚ ਕਾਂਗਰਸ ਦੇ ਸਾਧੂ ਸਿੰਘ ਧਰਮਸੋਤ ਨੇ 63350 ਵੋਟਾਂ ਹਾਸਲ ਕੀਤੀਆਂ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਬਲਵੰਤ ਸਿੰਘ ਸ਼ਾਹਪੁਰ ਨੂੰ 40802 ਵੋਟਾਂ ਪ੍ਰਾਪਤ ਹੋਈਆਂ। ਇਸ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਨੂੰ 22568 ਵੋਟਾਂ ਦੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 2017 ਵਿੱਚ ਸਾਧੂ ਸਿੰਘ ਧਰਮਸੋਤ ਨੇ 60861 ਵੋਟਾਂ ਹਾਸਲ ਕੀਤੀਆਂ ਅਤੇ ਆਮ ਆਦਮੀ ਪਾਰਟੀ ਦੇ ਦੇਵ ਮਾਨ ਨੂੰ 41866 ਵੋਟਾਂ ਮਿਲੀਆਂ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਬੀਰ ਦਾਸ 32482 ਵੋਟਾਂ ਲੈ ਕੇ ਤੀਸਰੇ ਨੰਬਰ ’ਤੇ ਰਿਹਾ। ਇਸ ਵਾਰ ਹਲਕੇ ਅੰਦਰ ਅਜੀਬੋ ਗਰੀਬ ਸਥਿਤੀ ਬਣ ਚੁੱਕੀ ਹੈ। ਕਾਂਗਰਸ ਦੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਜਿੱਥੇ ਪਾਰਟੀ ਦੇ ਹੀ ਕੁਝ ਵਰਕਰਾਂ ਵੱਲੋਂ ਵੱਡੇ ਪੱਧਰ ’ਤੇ ਬਗ਼ਾਵਤ ਕੀਤੀ ਗਈ, ਉਥੇ ਸਕਾਲਰਸ਼ਿਪ ਘਪਲੇ ਵਿੱਚ ਘਿਰੇ ਧਰਮਸੋਤ ਨੂੰ ਵੀ ਹਲਕੇ ਅੰਦਰ ਕਾਫ਼ੀ ਜਗ੍ਹਾ ਰੋਸ ਦਾ ਸਾਹਮਣਾ ਕਰਨਾ ਪਿਆ।
ਨਾਭਾ ਸ਼ਹਿਰ ਅੰਦਰ ਕਰੀਬ 42000 ਵੋਟਾਂ ਭੁਗਤਣ ’ਤੇ ਮੂਹਰਲੀ ਕਤਾਰ ਦੇ ਉਮੀਦਵਾਰਾਂ ਨੇ ਆਪੋ ਆਪਣੀ ਜਿੱਤ ਦੇ ਵੱਡੇ ਦਾਅਵੇ ਕੀਤੇ ਹਨ, ਉੱਥੇ ਹਲਕਾ ਨਾਭਾ ਦੇ ਪਿੰਡਾਂ ਵਿੱਚ ਕਰੀਬ 100254 ਵੋਟ ਭੁਗਤੀ, ਜਿਸ ਵਿੱਚ ਅਕਾਲੀ ਦਲ ਅਤੇ ਝਾੜੂ ਦੇ ਉਮੀਦਵਾਰਾਂ ਹਨ, ਵੱਲੋਂ ਵੱਡੀ ਲੀਡ ਪ੍ਰਾਪਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਸਬੰਧੀ ਤਾਂ ਹੁਣ 10 ਮਾਰਚ ਨੂੰ ਹੀ ਪਤਾ ਲੱਗੇਗਾ ਕਿ ਨਾਭਾ ਹਲਕੇ ਦੀ ਸੀਟ ਦਾ ਸਿਹਰਾ ਕਿਸ ਦੇ ਸਿਰ ’ਤੇ ਸਜਦਾ ਹੈ। ਦੱਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਬੀਜੇਪੀ ਦੇ ਸਾਂਝੇ ਉਮੀਦਵਾਰ ਗੁਰਪ੍ਰੀਤ ਸਿੰਘ ਸ਼ਾਹਪੁਰ ਨੇ ਵੀ ਜਿੱਤ ਦਾ ਦਾਅਵਾ ਕੀਤਾ, ਉਥੇ ਸੰਯੁਕਤ ਸਮਾਜ ਮੋਰਚਾ ਵੱਲੋਂ ਵਰਿੰਦਰ ਆਪਣੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦੇਖਣਾ ਹੁਣ ਇਹ ਹੈ ਕਿ ਨਾਭਾ ਹਲਕੇ ਦੇ ਵੋਟਰ 10 ਮਾਰਚ ਨੂੰ ਕਿਸ ਉਮੀਦਵਾਰ ਸਿਰ ਤਾਜ ਸਜਾਉਂਦੇ ਹਨ।