ਚੋਣ ਕਮਿਸ਼ਨ ਵਲੋਂ ਖੰਨਾ ਦੇ SSP ਧਰੁਵ ਦਾਹੀਆ ਦਾ ਤਬਾਦਲਾ

05/01/2019 6:07:09 PM

ਚੰਡੀਗੜ੍ਹ,(ਭੁੱਲਰ): ਬਹੁਚਰਚਿਤ ਪਾਦਰੀ ਕੈਸ਼ ਬਰਾਮਦਗੀ ਮਾਮਲੇ 'ਚ ਕਰੋੜਾਂ ਰੁਪਏ ਦਾ ਕੈਸ਼ ਗੁੰਮ ਹੋਣ ਦੀ ਜਾਂਚ ਦੇ ਚਲਦਿਆਂ ਚੋਣ ਕਮਿਸ਼ਨ ਖੰਨਾ ਦੇ ਐਸ.ਐਸ.ਪੀ. ਧਰੁਵ ਦਾਹੀਆ ਦਾ ਤਬਾਦਲਾ ਕਰ ਦਿੱਤਾ ਹੈ। ਉਨ੍ਹਾਂ ਦੀ ਥਾਂ ਏ.ਆਈ.ਜੀ. ਇੰਟੈਲੀਜੈਂਸ ਗੁਰਸ਼ਰਨਦੀਪ ਸਿੰਘ ਗਰੇਵਾਲ ਨੂੰ ਖੰਨਾ ਦਾ ਨਵਾਂ ਐਸ.ਐਸ.ਪੀ. ਲਾਉਂਦਿਆਂ ਤੁਰੰਤ ਅਹੁਦਾ ਸੰਭਾਲਣ ਦੇ ਨਿਰਦੇਸ਼ ਦਿੱਤੇ ਗਏ ਹਨ। ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਕੀ ਆਧਾਰ 'ਤੇ ਸਬੰਧਤ ਅਧਿਕਾਰੀ ਦੇ ਵਿਵਾਦਤ ਹੋਣ ਕਾਰਨ ਤਬਾਦਲਾ ਕੀਤਾ ਗਿਆ ਹੈ। ਪਾਦਰੀ ਕੈਸ਼ ਬਰਾਮਦਗੀ ਮਾਮਲੇ ਦੀ ਪੁਲਸ ਵਲੋਂ ਗਠਿਤ ਵਿਸ਼ੇਸ਼ ਟੀਮ ਜਾਂਚ ਕਰ ਰਹੀ ਹੈ। ਪਤਾ ਲੱਗਾ ਹੈ ਕਿ ਜਲੰਧਰ ਦੇ ਪਾਦਰੀ ਫਾਦਰ ਐਂਥਨੀ ਦੀ ਗੱਡੀ ਵਿਚੋਂ ਬਰਾਮਦ ਕਰੋੜਾਂ ਰੁਪਏ ਦੀ ਰਾਸ਼ੀ ਵਿਚੋਂ 6 ਕਰੋੜ ਰੁਪਏ ਤੋਂ ਵੱਧ ਦੇ ਰਹੱਸਮਈ ਢੰਗ ਨਾਲ ਗਾਇਬ ਹੋ ਜਾਣ ਤੋਂ ਬਾਅਦ ਖੰਨਾ ਦੇ ਐਸ.ਐਸ.ਪੀ. ਦਾਹੀਆ ਦੀ ਭੂਮਿਕਾ 'ਤੇ ਵੀ ਸਵਾਲ ਉਠ ਰਹੇ ਸਨ। ਕਿਉਂਕਿ ਰਾਸ਼ੀ ਬਰਾਮਦਗੀ ਦੀ ਸਾਰੀ ਕਾਰਵਾਈ ਉਨ੍ਹਾਂ ਦੀ ਦੇਖਰੇਖ ਵਿਚ ਹੀ ਹੋਈ ਸੀ।
ਵਿਸ਼ੇਸ਼ ਜਾਂਚ ਟੀਮ ਵਲੋਂ ਇਸ ਮਾਮਲੇ ਵਿਚ ਰਾਸ਼ੀ ਗਾਇਬ ਹੋਣ ਦੇ ਮਾਮਲੇ ਵਿਚ ਦੋ ਏ.ਐਸ.ਆਈ. ਦੀ ਵੀ ਪਹਿਚਾਣ ਕੀਤੀ ਗਈ ਹੈ, ਜੋ ਕਿ ਕੋਚੀ ਵਿਚ ਬੀਤੇ ਦਿਨੀਂ ਗ੍ਰਿਫ਼ਤਾਰ ਹੋ ਚੁੱਕੇ ਹਨ। ਸੂਤਰਾਂ ਅਨੁਸਾਰ ਭਾਵੇਂ ਖੰਨਾ ਦੇ ਐਸ.ਐਸ.ਪੀ. ਦਾਹੀਆ ਇਸ ਮਾਮਲੇ ਵਿਚ ਆਪਣੇ ਆਪ ਨੂੰ ਨਿਰਦੋਸ਼ ਦੱਸ ਰਹੇ ਹਨ, ਪਰ ਵਿਸ਼ੇਸ਼ ਜਾਂਚ ਟੀਮ ਵਲੋਂ ਚੱਲ ਰਹੀ ਜਾਂਚ ਦੌਰਾਨ ਉਹ ਪੁੱਛਗਿੱਛ ਦੌਰਾਨ ਪਾਦਰੀ ਦੇ ਕੈਸ਼ ਮਾਮਲੇ ਨਾਲ ਸਬੰਧਤ ਮੁਖ਼ਬਰ ਨੂੰ ਦੋ ਲੱਖ ਰੁਪਏ ਦਾ ਇਨਾਮ ਦੇਣ ਬਾਰੇ ਸਹੀ ਜਵਾਬ ਨਹੀਂ ਦੇ ਸਕੀ। ਉਹ ਇਹ ਨਹੀਂ ਦੱਸ ਸਕੇ ਕਿ ਇਹ ਅਵਾਰਡ ਦੇਣ ਲਈ ਕਿਸ ਨੇ ਆਦੇਸ਼ ਦਿੱਤੇ ਸਨ ਜਾਂ ਕਿਹੜੇ ਖਾਤੇ ਵਿਚੋਂ ਇਨਾਮ ਦੀ ਰਾਸ਼ੀ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਵੀ ਐਸ.ਐਸ.ਪੀ. ਦੀ ਭੂਮਿਕਾ ਬਾਰੇ ਗ੍ਰਹਿ ਵਿਭਾਗ ਤੋਂ ਰਿਪੋਰਟ ਮੰਗੀ ਸੀ ਅਤੇ ਉਨ੍ਹਾਂ ਦੀ ਭੂਮਿਕਾ ਸ਼ੱਕ ਦੇ ਘੇਰੇ 'ਚ ਹੋਣ ਕਾਰਨ ਹੀ ਉਨ੍ਹਾਂ ਦਾ ਤਬਾਦਲਾ ਕੀਤਾ ਗਿਆ ਹੈ। ਦਾਹੀਆ ਨੂੰ ਤਬਦੀਲ ਕਰਕੇ ਹੁਣ ਪੁਲਸ ਹੈਡਕੁਆਟਰ ਚੰਡੀਗੜ੍ਹ ਵਿਖੇ ਤਾਇਨਾਤ ਕੀਤਾ ਗਿਆ ਹੈ।


Related News