2 ਬੱਚਿਆਂ ਦੇ ਪਿਓ ਨੇ 66 ਸਾਲਾ ਬਜ਼ੁਰਗ ਔਰਤ ਨਾਲ ਕੀਤਾ ਜਬਰ-ਜ਼ਨਾਹ
Friday, Sep 27, 2019 - 10:35 AM (IST)

ਮੋਗਾ (ਆਜ਼ਾਦ)—ਇਥੋਂ ਦੇ ਨਜ਼ਦੀਕੀ ਕਸਬੇ 'ਚ ਇਕ 66 ਸਾਲਾ ਬਜ਼ੁਰਗ ਔਰਤ ਜੋ ਚਾਰ ਬੱਚਿਆਂ ਦੀ ਮਾਂ ਹੈ, ਨਾਲ ਇਕ ਵਿਅਕਤੀ ਵੱਲੋਂ ਘਰ ਵਿਚ ਦਾਖਲ ਹੋ ਕੇ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਦੋਸ਼ੀ ਲਾਡੀ (28) ਜੋ ਦੋ ਬੱਚਿਆਂ ਦਾ ਪਿਤਾ ਹੈ, ਨੂੰ ਕਾਬੂ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਲੇਡੀਜ਼ ਪੁਲਸ ਅਧਿਕਾਰੀ ਸੁਨੀਤਾ ਰਾਣੀ ਨੇ ਦੱਸਿਆ ਕਿ ਪੀੜਤ ਔਰਤ ਜੋ ਚਾਰ ਬੱਚਿਆਂ ਦੀ ਮਾਂ ਹੈ, ਘਰ ਵਿਚ ਇਕੱਲੀ ਰਹਿੰਦੀ ਹੈ ਕਿਉਂਕਿ ਉਸ ਦੀਆਂ ਲੜਕੀਆਂ ਦੇ ਵਿਆਹ ਹੋ ਚੁੱਕੇ ਹਨ ਅਤੇ ਮੁੰਡਾ ਘਰੋਂ ਬਾਹਰ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਲਾਡੀ ਜੋ ਗੈਸ ਚੁੱਲ੍ਹੇ ਦੀ ਮੁਰੰਮਤ ਦਾ ਕੰਮ ਕਰਦਾ ਹੈ, ਕਈ ਵਾਰ ਉਸ ਦੇ ਘਰ ਕੰਮ ਕਰਨ ਲਈ ਆਇਆ ਕਰਦਾ ਸੀ, ਜਿਸ ਕਰ ਕੇ ਉਹ ਚੰਗੀ ਤਰ੍ਹਾਂ ਉਸ ਨੂੰ ਜਾਣਦਾ ਸੀ।
ਪੀੜਤਾ ਅਨੁਸਾਰ ਜਦੋਂ ਉਹ ਘਰ ਵਿਚ ਇਕੱਲੀ ਸੀ ਤਾਂ ਦੋਸ਼ੀ ਪੌੜੀਆਂ ਰਾਹੀਂ ਘਰ ਵਿਚ ਦਾਖਲ ਹੋਇਆ, ਜਿਵੇਂ ਹੀ ਮੈਨੂੰ ਪਤਾ ਲੱਗਾ ਤਾਂ ਮੈਂ ਉਸ ਦਾ ਵਿਰੋਧ ਕੀਤਾ ਅਤੇ ਉਸ ਨਾਲ ਹੱਥੋਪਾਈ ਵੀ ਕੀਤੀ ਪਰ ਜਦੋਂ ਮੈਂ ਰੌਲਾ ਪਾਉਣ ਲੱਗੀ ਤਾਂ ਉਕਤ ਨੇ ਮੈਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਉਸ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ ਅਤੇ ਦੌੜ ਗਿਆ, ਜਿਸ 'ਤੇ ਮੈਂ ਇਸ ਦੀ ਜਾਣਕਾਰੀ ਆਪਣੇ ਪਰਿਵਾਰ ਵਾਲਿਆਂ ਨੂੰ ਦਿੱਤੀ ਅਤੇ ਪੁਲਸ ਨੂੰ ਸੂਚਿਤ ਕੀਤਾ। ਜਾਂਚ ਅਧਿਕਾਰੀ ਸੁਨੀਤਾ ਰਾਣੀ ਨੇ ਦੱਸਿਆ ਕਿ ਪੀੜਤ ਔਰਤ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਲਾਡੀ ਖਿਲਾਫ ਮਾਮਲਾ ਦਰਜ ਕਰਨ ਉਪਰੰਤ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ। ਉਨ੍ਹਾਂ ਕਿਹਾ ਕਿ ਪੀੜਤਾ ਦੇ ਮਾਣਯੋਗ ਅਦਾਲਤ ਵਿਚ ਬਿਆਨ ਦਰਜ ਕਰਵਾਏ ਜਾਣਗੇ।