ਜਨਮਦਿਨ ਮਨਾਉਣ ਲਈ ਕੇਕ ਲੈ ਕੇ ਬਜ਼ੁਰਗ ਮਹਿਲਾ ਦੇ ਘਰ ਪਹੁੰਚੀ ਪੁਲਸ

05/05/2020 9:48:24 PM

ਭਵਾਨੀਗੜ,(ਵਿਕਾਸ, ਸੰਜੀਵ) : ਕੋਰੋਨਾ ਵਾਇਰਸ ਦੇ ਸੰਕਟ 'ਚ ਪੁਲਸ ਕਰਮਚਾਰੀ ਨਾ ਕੇਵਲ ਕਰਫ਼ਿਊ ਨੂੰ ਸਖ਼ਤੀ ਨਾਲ ਲਾਗੂ ਕਰਵਾ ਰਹੇ ਹਨ, ਬਲਕਿ ਇਸ ਦੌਰਾਨ ਮੁਸੀਬਤ 'ਚ ਫਸੇ ਲੋਕਾਂ ਦੀ ਮਦਦ ਕਰਨ ਦੇ ਨਾਲ ਹੀ ਦੂਸਰੇ ਲੋਕਾਂ ਦੇ ਚਿਹਰਿਆਂ 'ਤੇ ਮੁਸਕਾਨ ਵੀ ਲਿਆ ਰਹੇ ਹਨ। ਪੁਲਸ ਮੁਲਾਜ਼ਮ ਜ਼ਰੂਰੀ ਸਾਮਾਨ ਤੋਂ ਲੈ ਕੇ ਜਨਮ ਦਿਨ ਦੇ ਕੇਕ ਲੋਕਾਂ ਦੇ ਘਰ ਪਹੁੰਚਾ ਰਹੇ ਹਨ। ਅਜਿਹਾ ਹੀ ਨੇਕ ਕੰਮ ਸੰਗਰੂਰ ਦੀ ਭਵਾਨੀਗੜ ਪੁਲਸ ਨੇ ਵੀ ਕੀਤਾ।
ਦਰਅਸਲ ਸ਼ਹਿਰ ਦੇ ਵਾਰਡ ਨੰਬਰ 2 'ਚ ਰਹਿਣ ਵਾਲੀ 74 ਸਾਲਾਂ ਬਜ਼ੁਰਗ ਮਹਿਲਾ ਸ਼ਕੁੰਤਲਾ ਦੇਵੀ ਦਾ ਮੰਗਲਵਾਰ ਨੂੰ ਜਨਮ ਦਿਨ ਸੀ ਅਤੇ ਉਹ ਆਪਣਾ ਜਨਮ ਦਿਨ ਕੇਕ ਕੱਟ ਕੇ ਮਨਾਉਣਾ ਚਾਹੁੰਦੀ ਸੀ ਪਰ ਬੱਚੇ ਵਿਦੇਸ਼ 'ਚ ਰਹਿੰਦੇ ਹੋਣ ਕਾਰਣ ਅਤੇ ਲਾਕਡਾਊਨ ਜਾਰੀ ਹੋਣ ਕਰਕੇ ਘਰੋਂ ਬਾਹਰ ਨਹੀਂ ਜਾ ਸਕਦੀ ਸੀ। ਇਸ ਸਬੰਧੀ ਥਾਣਾ ਮੁਖੀ ਭਵਾਨੀਗੜ ਰਮਨਦੀਪ ਸਿੰਘ ਨੇ ਬਜ਼ੁਰਗ ਮਹਿਲਾ ਨੂੰ ਉਸ ਦੇ ਜਨਮ ਦਿਨ 'ਤੇ ਖੁਸ਼ੀ ਦੇਣ ਦੇ ਮਕਸਦ ਨਾਲ 'ਸਰਪ੍ਰਾਇਜ' ਦਿੰਦਿਆਂ 2 ਪੁਲਸ ਮੁਲਾਜ਼ਮਾਂ ਹੱਥ ਉਨ੍ਹਾਂ ਘਰ ਕੇਕ ਭੇਜਿਆ। ਜਿਸ ਨੂੰ ਦੇਖ ਕੇ ਮਹਿਲਾ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਇਸ ਖਾਸ ਪਲਾਂ ਨੂੰ ਸ਼ੰਕੁਤਲਾ ਦੇਵੀ ਨੇ ਆਪਣੇ ਮੋਬਾਇਲ ਕੈਮਰੇ 'ਚ ਲਾਇਵ ਰਿਕਾਰਡ ਕੀਤਾ ਤੇ ਵਿਦੇਸ਼ 'ਚ ਬੈਠੇ ਆਪਣੇ ਬੱਚਿਆਂ ਨੂੰ ਦਿਖਾਈ। ਇਸ ਮੌਕੇ ਉਕਤ ਮਹਿਲਾ ਨੇ ਪੁਲਸ ਦਾ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਦੇਸ਼ ਵਿਆਪੀ ਲਾਕਡਾਊਨ ਹੋਣ ਕਰਕੇ ਲੋਕ ਆਪਣੇ ਆਪਣੇ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਹਨ। ਅਜਿਹੇ ਵਿੱਚ ਪੁਲਸ ਕਰਮਚਾਰੀ ਕਦੇ ਕਿਸੇ ਬੱਚੇ ਜਾਂ ਬਜ਼ੁਰਗ ਨੂੰ ਬਰਥਡੇ ਕੇਕ ਪਹੁੰਚਾ ਕੇ ਲੋਕਾਂ ਦਾ ਦਿਲ ਜਿੱਤ ਰਹੇ ਹਨ ਤੇ ਪੁਲਸ ਦੇ ਇਸ ਉਪਰਾਲੇ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।


Deepak Kumar

Content Editor

Related News