ਬਜ਼ੁਰਗ ਔਰਤ ਦੀ ਸ਼ੱਕੀ ਹਾਲਤ ਵਿਚ ਮੌਤ, ਪਰਿਵਾਰ ਨੇ ਜਾਂਚ ਦੀ ਕੀਤੀ ਮੰਗ
Thursday, Aug 27, 2026 - 12:41 PM (IST)
ਮਾਨਸਾ (ਸੰਦੀਪ ਮਿੱਤਲ) : ਪਿੰਡ ਨੰਗਲ ਕਲਾਂ ਵਿਖੇ ਇਕ ਬਜ਼ੁਰਗ ਔਰਤ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰਾਮ ਕੌਰ ਵਿਧਵਾ ਪ੍ਰੀਤਮ ਸਿੰਘ ਵਜੋਂ ਹੋਈ ਹੈ। ਮੌਤ ਦੇ ਕਾਰਨਾਂ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਸ਼ੱਕ ਜ਼ਾਹਰ ਕਰਦਿਆਂ ਪੁਲਸ ਤੋਂ ਪੂਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਮ੍ਰਿਤਕਾ ਦੇ ਪੁੱਤਰ ਜਗਮੇਲ ਸਿੰਘ ਨੇ ਇਸ ਸਬੰਧੀ ਐੱਸ.ਐੱਸ.ਪੀ. ਮਾਨਸਾ ਨੂੰ ਪੱਤਰ ਦੇ ਕੇ ਮਾਮਲੇ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਹੈ। ਉਸ ਨੇ ਦੱਸਿਆ ਕਿ ਉਸ ਦੀ ਮਾਤਾ ਦੇ ਨਾਂ ਕਰੀਬ 15 ਕਿੱਲੇ ਜ਼ਮੀਨ ਸੀ। ਪਰਿਵਾਰ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਕੁਝ ਵਿਅਕਤੀਆਂ ਦੇ ਨਾਂ ’ਤੇ ਜ਼ਮੀਨ ਦੀ ਰਜਿਸਟਰੀ ਕਰਵਾਏ ਜਾਣ ਤੋਂ ਬਾਅਦ ਉਸ ਦੀ ਮਾਤਾ ਦੀ ਸ਼ੱਕੀ ਹਾਲਤ ਵਿਚ ਮੌਤ ਹੋਈ ਹੈ। ਇਸ ਕਾਰਨ ਪਰਿਵਾਰ ਨੂੰ ਮੌਤ ਦੇ ਕਾਰਨਾਂ ਸਬੰਧੀ ਸ਼ੱਕ ਪੈਦਾ ਹੋਇਆ ਹੈ।
ਜਗਮੇਲ ਸਿੰਘ ਨੇ ਪੁਲਸ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਜੇਕਰ ਮੌਤ ਪਿੱਛੇ ਕੋਈ ਸ਼ੱਕੀ ਕਾਰਨ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਪਰਿਵਾਰ ਨੇ ਮੌਤ ਨਾਲ ਜੁੜੇ ਸਾਰੇ ਤੱਥਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਥਾਣਾ ਕੋਟਧਰਮੂ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਮਹਿਲਾ ਦੀ ਮੌਤ ਕੁਦਰਤੀ ਜਾਪਦੀ ਹੈ। ਹਾਲਾਂਕਿ ਮੌਤ ਦੇ ਅਸਲ ਕਾਰਨਾਂ ਬਾਰੇ ਸਥਿਤੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗੀ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮਾਮਲੇ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਾਂਚ ਜਾਰੀ ਹੈ।
ਦੂਜੇ ਪਾਸੇ, ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲੇ ਵਿਅਕਤੀਆਂ ਨੇ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਲਗਾਏ ਗਏ ਦੋਸ਼ਾਂ ਵਿਚ ਕੋਈ ਸੱਚਾਈ ਨਹੀਂ ਹੈ। ਪੁਲਸ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਸਥਿਤੀ ਸਪੱਸ਼ਟ ਹੋਣ ਦੀ ਉਮੀਦ ਹੈ। ਐਸ ਐਸ ਪੀ ਮਾਨਸਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲਸ ਜਾਂਚ ਕਰ ਰਹੀ ਹੈ।
