ਬਜ਼ੁਰਗ ਹੱਤਿਆ ਮਾਮਲਾ : ਦੋਸ਼ੀ ਨੂੰ ਉਮਰਕੈਦ
Tuesday, Mar 27, 2018 - 06:04 AM (IST)

ਚੰਡੀਗੜ੍ਹ, (ਸੰਦੀਪ)- ਮਨੀਮਾਜਰਾ ਨਿਵਾਸੀ ਸੁਖਲਾਲ (85) ਦੀ ਹੱਤਿਆ ਦੇ ਮਾਮਲੇ ਵਿਚ ਜ਼ਿਲਾ ਅਦਾਲਤ ਨੇ ਦੋਸ਼ੀ ਵਿਜੇ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਉਸ 'ਤੇ 5 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਗਿਆ ਹੈ। ਦੋਸ਼ੀ ਦੇ ਖਿਲਾਫ ਪਿਛਲੇ ਸਾਲ ਕੇਸ ਦਰਜ ਕੀਤਾ ਗਿਆ ਸੀ। ਦਰਜ ਕੇਸ ਦੇ ਤਹਿਤ ਸੁਖਲਾਲ ਮਨੀਮਾਜਰਾ ਪੁਲਸ ਸਟੇਸ਼ਨ ਦੇ ਪਿੱਛੇ ਲੱਗਣ ਵਾਲੀ ਸਬਜ਼ੀ ਮੰਡੀ ਵਿਚ ਸਬਜ਼ੀ ਵਿਕ੍ਰੇਤਾ ਸੀ। ਪਿਛਲੇ ਸਾਲ 29 ਮਈ ਨੂੰ ਰਾਤ ਨੂੰ ਸੁਖਲਾਲ ਭਰਾ ਛਤਰਪਾਲ ਦੇ ਨਾਲ ਬੈਠ ਕੇ ਸ਼ਰਾਬ ਪੀ ਰਿਹਾ ਸੀ। ਇਸੇ ਦੌਰਾਨ ਉਸਦੇ ਹੀ ਗੁਆਂਢ ਵਿਚ ਰਹਿਣ ਵਾਲੇ ਫਲ ਵੇਚਣ ਵਾਲੇ ਨੇ ਸ਼ਰਾਬ ਪੀਣ ਤੋਂ ਮਨ੍ਹਾ ਕਰ ਦਿੱਤਾ ਤੇ ਘਰ ਜਾਣ ਲਈ ਕਿਹਾ।
ਇਸੇ ਗੱਲ 'ਤੇ ਵਿਜੇ ਦੀ ਸੁਖਲਾਲ ਤੇ ਉਸ ਦੇ ਭਰਾ ਛਤਰਪਾਲ ਨਾਲ ਬਹਿਸ ਹੋ ਗਈ। ਵਿਜੇ ਨੇ ਸੁਖਲਾਲ ਦੇ ਸਿਰ 'ਤੇ ਡੰਡੇ ਨਾਲ ਹਮਲਾ ਕਰ ਦਿੱਤਾ, ਜਿਸ ਮਗਰੋਂ ਸੁਖਲਾਲ ਲਹੂ-ਲੁਹਾਨ ਹੋ ਗਿਆ ਤੇ ਉਹ ਜ਼ਖਮੀ ਹਾਲਤ ਵਿਚ ਹੀ ਪੁਲਸ ਸਟੇਸ਼ਨ ਪਹੁੰਚਿਆ ਤੇ ਇਸੇ ਦੌਰਾਨ ਹੀ ਵਿਜੇ ਵੀ ਆਪਣੇ ਜਾਣਕਾਰਾਂ ਨੂੰ ਨਾਲ ਲੈ ਕੇ ਪੁਲਸ ਸਟੇਸ਼ਨ ਪਹੁੰਚ ਗਿਆ। ਥਾਣੇ ਵਿਚ ਹੀ ਦੋਵਾਂ ਧਿਰਾਂ ਵਿਚਕਾਰ ਹੱਥੋਪਾਈ ਸ਼ੁਰੂ ਹੋ ਗਈ। ਇਸ ਦੌਰਾਨ ਵਿਜੇ ਨੇ ਸੁਖਲਾਲ ਨੂੰ ਧੱਕਾ ਦੇ ਦਿੱਤਾ। ਧੱਕਾ ਲੱਗਣ ਨਾਲ ਸੁਖਲਾਲ ਜ਼ਮੀਨ 'ਤੇ ਡਿਗ ਗਿਆ ਤੇ ਬੇਸੁੱਧ ਹੋ ਗਿਆ। ਇਹ ਦੇਖ ਕੇ ਥਾਣੇ ਵਿਚ ਮੌਜੂਦ ਕਰਮੀ ਉਸ ਨੂੰ ਤੁਰੰਤ ਮਨੀਮਾਜਰਾ ਹਸਪਤਾਲ ਵਿਚ ਲੈ ਗਏ, ਜਿਥੇ ਜਾਂਚ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।