ਮਾਂ ਡੰਗਰਾਂ ਦੇ ਢਾਰੇ ''ਚ ਰਹਿਣ ਨੂੰ ਮਜਬੂਰ, ਪੁੱਤ ਨੇ ਨਸ਼ੇ ਦੀ ਪੂਰਤੀ ਲਈ ਵੇਚ ''ਤਾ ਘਰ ਦਾ ਸਾਰਾ ਸਾਮਾਨ
Thursday, Dec 22, 2022 - 01:18 AM (IST)
ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਨਸ਼ੇ ਨੇ ਕਿੰਨੇ ਹੀ ਘਰ ਉਜਾੜ ਦਿੱਤੇ ਹਨ। ਬਟਾਲਾ ਨੇੜਲੇ ਪਿੰਡ ਮੁਲਿਆਂਵਾਲ ਦੀ ਰਹਿਣ ਵਾਲੀ ਇਕ ਬਜ਼ੁਰਗ ਮਾਤਾ ਜਿਸ ਦੇ ਪਹਿਲਾਂ ਪਤੀ ਦੀ ਮੌਤ ਹੋ ਗਈ ਤੇ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਲੋਕਾਂ ਦੇ ਭਾਂਡੇ ਸਾਫ਼ ਕਰਦੀ ਰਹੀ। ਬਾਅਦ ਵਿੱਚ ਉਸ ਦੇ ਇਕ ਜਵਾਨ ਪੁੱਤ ਦੀ ਵੀ ਮੌਤ ਹੋ ਗਈ ਅਤੇ ਦੂਸਰਾ ਪੁੱਤ ਨਸ਼ੇ ਦਾ ਆਦੀ ਹੋ ਗਿਆ। ਨਸ਼ੇ ਦੀ ਪੂਰਤੀ ਲਈ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ। ਇਥੋਂ ਤੱਕ ਕਿ ਜਦੋਂ ਕੁਝ ਨਾ ਬਚਿਆ ਤਾਂ ਘਰ ਦੀ ਛੱਤ ਸੁੱਟ ਕੇ ਉਸ ਦੇ ਗਾਰਡਰ, ਬਾਲੇ ਸਭ ਵੇਚ ਦਿੱਤੇ। ਬਜ਼ੁਰਗ ਮਾਤਾ ਹੁਣ ਡੰਗਰਾਂ ਵਾਲੇ ਢਾਰੇ 'ਚ ਰਹਿਣ ਲਈ ਮਜਬੂਰ ਹੋ ਗਈ ਹੈ।
ਇਹ ਵੀ ਪੜ੍ਹੋ : ਨਹੀਂ ਰੁਕ ਰਹੀਆਂ ਵਾਰਦਾਤਾਂ, ਮੋਬਾਈਲ ਸ਼ਾਪ ਲੁੱਟਣ ਤੋਂ ਬਾਅਦ ਲੁਟੇਰਿਆਂ ਨੇ ਦੁਕਾਨਦਾਰ ’ਤੇ ਚਲਾਈਆਂ ਗੋਲ਼ੀਆਂ
ਬਜ਼ੁਰਗ ਮਾਤਾ ਦਾ ਕਹਿਣਾ ਹੈ ਕਿ ਉਸ ਦੇ ਘਰ ਦੀ ਛੱਤ ਬਣ ਜਾਵੇ ਤਾਂ ਜੋ ਉਹ ਡੰਗਰਾਂ ਵਾਲੇ ਢਾਰੇ 'ਚ ਰਹਿਣ ਨੂੰ ਮਜਬੂਰ ਨਾ ਹੋਵੇ। ਕਿਸੇ ਗੁਆਂਢ ਰਹਿੰਦੇ ਨੇ ਆਪਣੇ ਡੰਗਰਾਂ ਲਈ ਤਰਪਾਲ ਲਾ ਕੇ ਬਣਾਈ ਝੌਂਪੜੀ ਵਿੱਚ ਉਸ ਨੂੰ ਜਗ੍ਹਾ ਦਿੱਤੀ ਤਾਂ ਜੋ ਠੰਡ ਤੋਂ ਬਚਾ ਹੋ ਸਕੇ। ਮਾਤਾ ਨੇ ਕਿਹਾ ਕਿ ਨਸ਼ੇ ਕਰਕੇ ਹੀ ਉਸ ਦੇ ਇੰਨੇ ਹਾਲਾਤ ਮਾੜੇ ਹੋਏ ਹਨ। ਪਹਿਲਾਂ ਪਤੀ ਦੀ ਮੌਤ ਹੋਈ ਤੇ ਫਿਰ ਜਵਾਨ ਪੁੱਤ ਦੀ। ਹੁਣ ਇਕ ਪੁੱਤ ਨਸ਼ੇ ਦਾ ਆਦੀ ਹੋ ਗਿਆ ਹੈ, ਜਿਸ ਨੇ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ। ਮਾਤਾ ਨੇ ਕਿਹਾ ਕਿ ਮਦਦ ਸਿਰਫ ਛੱਤ ਦੀ ਮੰਗਦੀ ਹਾਂ ਤਾਂ ਜੋ ਇਸ ਮੌਸਮ ਵਿੱਚ ਸਰਦੀ ਤੋਂ ਬਚਾਅ ਹੋ ਸਕੇ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਸੰਪਤ ਨਹਿਰਾ ਨੂੰ ਮੁੜ ਲਿਆਂਦਾ ਦਿੱਲੀ, ਜਾਣੋ ਵਜ੍ਹਾ
ਮਾਤਾ ਦੇ ਗੁਆਂਢੀ ਨੇ ਦੱਸਿਆ ਕਿ ਇਸ ਨਸ਼ੇ ਦੇ ਹੜ੍ਹ 'ਚ ਬਹੁਤ ਸਾਰੇ ਨੌਜਵਾਨ ਰੁੜ੍ਹ ਚੁੱਕੇ ਹਨ। ਅੱਜ ਹਰ ਗਲੀ-ਮੁਹੱਲੇ ਵਿੱਚ ਨਸ਼ਾ ਆਸਾਨੀ ਨਾਲ ਮਿਲ ਰਿਹਾ ਹੈ ਪਰ ਸਾਨੂੰ ਅਣਦੇਖਿਆ ਕਰਨਾ ਪੈਂਦਾ ਹੈ ਕਿਉਂਕਿ ਜੇਕਰ ਇਨ੍ਹਾਂ ਨੂੰ ਫੜਾਉਂਦੇ ਹਾਂ ਤਾਂ ਸਾਡੇ ਨਾਲ ਝਗੜਾ ਕਰਦੇ ਹਨ ਅਤੇ ਸਿਆਸੀ ਲੀਡਰ ਹੀ ਇਨ੍ਹਾਂ ਨੂੰ ਛਡਾਉਂਦੇ ਹਨ। ਉਨ੍ਹਾਂ ਕਿਹਾ ਕਿ ਮਾਤਾ ਦੇ ਹਾਲਾਤ ਬਹੁਤ ਮਾੜੇ ਹਨ, ਪੁੱਤ ਨੇ ਨਸ਼ੇ ਦੀ ਪੂਰਤੀ ਲਈ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।