ਘਰੋਂ ਬੇ-ਘਰ ਹੋਈ 92 ਸਾਲਾ ਬਜ਼ੁਰਗ ਮਾਂ, ਕੁੱਖੋਂ ਜੰਮੇ ਪੁੱਤ ''ਤੇ ਲਗਾਏ ਵੱਡੇ ਦੋਸ਼

Wednesday, Sep 16, 2020 - 06:40 PM (IST)

ਘਰੋਂ ਬੇ-ਘਰ ਹੋਈ 92 ਸਾਲਾ ਬਜ਼ੁਰਗ ਮਾਂ, ਕੁੱਖੋਂ ਜੰਮੇ ਪੁੱਤ ''ਤੇ ਲਗਾਏ ਵੱਡੇ ਦੋਸ਼

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਮਾਂ ਸ਼ਬਦ ਦੀ ਵਿਆਖਿਆ 'ਰੱਬ' ਨਾਲ ਕੀਤੀ ਗਈ ਹੈ ਪਰ ਪੰਜਾਬ ਵਿਚ ਅੱਜ ਵੀ ਹਜ਼ਾਰਾਂ ਮਾਵਾਂ ਬਿਨਾਂ ਸਾਂਭ-ਸੰਭਾਲ ਤੋਂ ਬਿਰਧ ਆਸ਼ਰਮਾਂ ਵਿਚ ਰਹਿ ਕੇ ਆਪਣਾ ਜੀਵਨ ਬਸਰ ਕਰ ਰਹੀਆਂ ਹਨ। ਅਜਿਹਾ ਹੀ ਮਾਮਲਾ ਜ਼ਿਲ੍ਹੇ ਦੇ ਪਿੰਡ ਤਾਮਕੋਟ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ 92 ਸਾਲਾ ਬਜ਼ੁਰਗ ਦਲੀਪ ਕੌਰ ਪਤਨੀ ਸਵਰਗੀ ਸੁਬੇਗ ਸਿੰਘ ਵਾਸੀ ਤਾਮਕੋਟ ਨੇ ਆਪਣੇ ਹੀ ਪੁੱਤਰ ਸੁਖਰਾਜ ਸਿੰਘ 'ਤੇ ਕਥਿਤ ਦੋਸ਼ ਲਾਇਆ ਕਿ ਉਸ ਨੂੰ ਘਰੋਂ ਬੇਘਰ ਕਰਕੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਪੁੱਤਰ ਸੁਖਰਾਜ ਸਿੰਘ ਨੇ ਧੋਖੇ ਨਾਲ ਜ਼ਮੀਨ ਆਪਣੇ ਨਾਂ ਕਰਵਾ ਲਈ ਹੈ। ਬਜ਼ੁਰਗ ਮਾਤਾ ਦਲੀਪ ਕੌਰ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਨੇ ਉਸ ਦੇ ਰਹਿਣ ਵਾਲਾ ਘਰ ਵੀ ਢਾਹ ਦਿੱਤਾ, ਜਦੋਂਕਿ ਉਸ ਦੀਆਂ ਤਿੰਨ ਧੀਆਂ ਵੀ ਹਨ, ਜਿੰਨ੍ਹਾਂ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ ਪਰ ਉਕਤ ਸੁਖਰਾਜ ਸਿੰਘ ਵੱਲੋਂ ਆਪਣੀਆਂ ਭੈਣਾਂ ਨੂੰ ਵੀ ਘਰ ਆਉਣ ਤੋਂ ਰੋਕ ਦਿੱਤਾ ਗਿਆ। 

ਇਹ ਵੀ ਪੜ੍ਹੋ :  ਕੋਰੋਨਾ ਆਫ਼ਤ ਦੌਰਾਨ ਆਸ਼ਾ ਵਰਕਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਘਰੋਂ ਬੇਘਰ ਹੋਣ ਤੋਂ ਬਾਅਦ ਮਾਤਾ ਕਦੇ ਵੱਡੀ ਧੀ ਅਤੇ ਕਦੇ ਛੋਟੀ ਧੀ ਦੇ ਘਰ ਰਹਿਣ ਲਈ ਮਜਬੂਰ ਹੈ। ਅਖੀਰ ਮਾਤਾ ਨੇ ਇਨਸਾਫ਼ ਦੀ ਗੁਹਾਰ ਲਾਉਂਦੇ ਹੋਏ ਆਪਣੇ ਪੁੱਤਰ ਸੁਖਰਾਜ ਸਿੰਘ ਖ਼ਿਲਾਫ਼ ਜ਼ਿਲ੍ਹਾ ਪੁਲਸ ਮੁਖੀ ਨੂੰ ਇਕ ਦਰਖਾਸਤ ਦਿੱਤੀ ਹੈ। ਇਸ ਦਰਖਾਸਤ ਵਿਚ ਮਾਤਾ ਨੇ ਦੱਸਿਆ ਹੈ ਕਿ 1992 ਵਿਚ ਉਸ ਦੇ ਪਤੀ ਦਾ ਕਤਲ ਹੋ ਗਿਆ ਸੀ, ਜਿਸ ਤੋਂ ਬਾਅਦ ਮੇਰੇ ਪੁੱਤਰ ਨੇ ਮੈਂਨੂੰ ਵੀ ਘਰੋਂ ਕੱਢ ਦਿੱਤਾ। ਇਨਸਾਉਂ ਲਈ ਬਜ਼ੁਰਗ ਮਾਤਾ ਦਲੀਪ ਕੌਰ ਨੇ ਪੁਲਸ ਪ੍ਰਸ਼ਾਸਨ ਨੂੰ ਗੁਹਾਰ ਲਾਈ ਹੈ। ਇਸ ਵਿਚ ਪੁਲਸ ਪ੍ਰਸ਼ਾਸਨ ਵੱਲੋਂ ਥਾਣਾ ਲੱਖੇਵਾਲੀ ਦੇ ਏ.ਐੱਸ.ਆਈ. ਕੋਲ ਤਫਤੀਸ਼ੀ ਰਿਪੋਰਟ ਭੇਜੀ ਹੈ। ਜਿਸ ਦੀ ਤਫਤੀਸ਼ ਗੁਰਮੀਤ ਸਿੰਘ ਏ.ਐੱਸ.ਆਈ. ਕਰ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹਰਸਿਮਰਤ ਬਾਦਲ ਦੇ ਸਕਦੇ ਹਨ ਕੇਂਦਰੀ ਵਜ਼ੀਰੀ ਤੋਂ ਅਸਤੀਫ਼ਾ!

ਕੀ ਕਹਿਣੈ ਸੁਖਰਾਜ ਸਿੰਘ ਦਾ
ਇਸ ਸਬੰਧੀ ਜਦੋਂ ਮਾਤਾ ਦਲੀਪ ਕੌਰ ਦੇ ਪੁੱਤਰ ਸੁਖਰਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਮਾਤਾ ਨੂੰ ਆਪਣੇ ਘਰ ਲਿਆਉਣ ਲਈ ਕਈ ਵਾਰ ਗਿਆ ਪਰ ਮਾਤਾ ਮੇਰੇ ਨਾਲ ਆਉਣ ਨੂੰ ਤਿਆਰ ਨਹੀਂ ਹੈ, ਉਹ ਸਿਰਫ ਕੁੜੀਆਂ ਕੋਲ ਰਹਿ ਕੇ ਹੀ ਖੁਸ਼ ਹੈ, ਜਦੋਂ ਮਾਤਾ ਦੀ ਪੈਨਸ਼ਨ ਬਾਰੇ ਉਸ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮੇਰਾ ਮਾਤਾ ਨਾਲ ਕੋਈ ਜੁਆਇੰਟ ਖਾਤਾ ਨਹੀਂ ਹੈ, ਉਸ ਦੀ ਪੈਨਸ਼ਨ ਉਸ ਦੇ ਆਪਣੇ ਖਾਤੇ ਵਿਚ ਆ ਰਹੀ ਹੈ ਅਤੇ ਕੁੜੀਆਂ (ਮੇਰੀਆਂ ਭੈਣਾਂ) ਨਾਲ ਜਾ ਕੇ ਪੈਨਸ਼ਨ ਕੱਢਵਾ ਕੇ ਲਿਆਉਂਦੀਆਂ ਹਨ। ਇਸ ਤੋਂ ਇਲਾਵਾ ਜਦੋਂ ਜ਼ਮੀਨ ਬਾਰੇ ਸੁਖਰਾਜ ਸਿੰਘ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਉਸ ਨੇ ਜ਼ਮੀਨ ਆਪਣੇ ਬੇਟੇ ਦੇ ਨਾਂ 'ਤੇ ਕਰਵਾ ਦਿੱਤੀ ਹੈ ਅਤੇ ਹੁਣ ਉਸ ਕੋਲ ਸ੍ਰੀ ਮੁਕਤਸਰ ਸਾਹਿਬ ਵਿਖੇ ਘਰ ਤੋਂ ਇਲਾਵਾ ਕੁਝ ਵੀ ਨਹੀਂ ਹੈ। ਉਸ ਨੇ ਮੀਡੀਆ ਰਾਹੀਂ ਵੀ ਮਾਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਆ ਕੇ ਮੇਰੇ ਨਾਲ ਰਹੇ ਅਤੇ ਮੈਂ ਉਸ ਦੀ ਸੇਵਾ ਕਰਨ ਲਈ ਤਿਆਰ ਹਾਂ। ਮੈਂ ਕਈ ਵਾਰ ਉਸ ਨੂੰ ਲੈਣ ਲਈ ਗਿਆ ਉਹ ਮੇਰੇ ਨਾਲ ਘਰ ਆਉਣ ਨੂੰ ਤਿਆਰ ਹੀ ਨਹੀਂ ਹੈ।

ਇਹ ਵੀ ਪੜ੍ਹੋ : ਖੇਤੀ ਆਰਡੀਨੈਂਸ ‘ਤੇ ਮੰਤਰੀ ਰੰਧਾਵਾ ਦਾ ਵੱਡੇ ਬਾਦਲ ਨੂੰ ਲਿਖਤੀ ਮੇਹਣਾ

ਕੀ ਕਹਿਣੈ ਥਾਣਾ ਮੁਖੀ ਦਾ
ਇਸ ਸਬੰਧ ਵਿਚ ਥਾਣਾ ਲੱਖੇਵਾਲੀ ਦੀ ਮੁੱਖੀ ਮਾਇਆ ਦੇਵੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸੂਚਨਾ ਮਿਲੀ ਹੈ, ਜਿਸ 'ਤੇ ਜਾਂਚ ਚੱਲ ਰਹੀ ਹੈ, ਜਿਸ ਵਿਚ ਜੋ ਵੀ ਤੱਥ ਸਾਹਮਣੇ ਆਉਂਣਗੇ ਉਸ 'ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸੁਖਬੀਰ ਦੇ ਅਰਡੀਨੈਂਸ ਬਿੱਲ ਵੋਟਿੰਗ ਵਾਲੇ ਬਿਆਨ 'ਤੇ 'ਤੱਤੇ' ਹੋਏ ਭਗਵੰਤ ਮਾਨ


author

Gurminder Singh

Content Editor

Related News