ਸੰਗਰੂਰ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਬਜ਼ੁਰਗ ਦੀ ਮੌਤ, ਪਤੀ-ਪਤਨੀ ਤੇ ਬੱਚਾ ਜ਼ਖ਼ਮੀ

Sunday, Nov 21, 2021 - 09:07 PM (IST)

ਸੰਗਰੂਰ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਬਜ਼ੁਰਗ ਦੀ ਮੌਤ, ਪਤੀ-ਪਤਨੀ ਤੇ ਬੱਚਾ ਜ਼ਖ਼ਮੀ

ਸੰਗਰੂਰ (ਸਿੰਗਲਾ)-ਮਹਿਲਾ ਤੋਂ ਸੁਨਾਮ ਰੋਡ ’ਤੇ ਪੈਂਦੇ ਪਿੰਡ ਮਰਦ ਖੇੜਾ ਨਜ਼ਦੀਕ ਇਕ ਸੜਕ ਹਾਦਸੇ ’ਚ ਬਜ਼ੁਰਗ ਦੀ ਮੌਤ ਅਤੇ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਚੌਕੀ ਦੇ ਏ. ਐੱਸ. ਆਈ. ਪਿਜੌਰ ਸਿੰਘ ਨੇ ਦੱਸਿਆ ਕਿ ਹਰਮੇਲ ਸਿੰਘ, ਹਰਦੀਪ ਕੌਰ ਪਤਨੀ ਹਰਮੇਲ ਸਿੰਘ ਅਤੇ ਭਤੀਜੀ ਜਸਪ੍ਰੀਤ ਕੌਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰਾਚੋਂ ਤੋਂ ਸੁਨਾਮ ਸਾਈਡ ਵੱਲ ਨੂੰ ਜਾ ਰਹੇ ਸਨ। ਪਿੰਡ ਮਰਦ ਖੇੜਾ ਨਜ਼ਦੀਕ ਪੁੱਜਣ ’ਤੇ ਕਿਸੇ ਅਣਪਛਾਤੇ ਵ੍ਹੀਕਲ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਤਿੰਨੋਂ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਏ ਅਤੇ ਇਸੇ ਵ੍ਹੀਕਲ ਵੱਲੋਂ ਇਕ ਪੈਦਲ ਜਾ ਰਹੇ ਬਜ਼ੁਰਗ ਵਿਅਕਤੀ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ ਗਿਆ, ਜਿਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੀ ਵੀ ਮੌਤ ਹੋ ਗਈ।

ਇਹ ਵੀ ਪੜ੍ਹੋ : ਭਾਰਤ-ਪਾਕਿ ਬਾਰਡਰ ’ਤੇ BSF ਦੀ ਵੱਡੀ ਕਾਰਵਾਈ, 30 ਕਰੋੜ ਰੁਪਏ ਮੁੱਲ ਦੀ ਹੈਰੋਇਨ ਕੀਤੀ ਬਰਾਮਦ

ਏ. ਐੱਸ. ਆਈ. ਪਿਜੌਰ ਸਿੰਘ ਨੇ ਅੱਗੇ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਦਕਿ ਬੱਚੇ ਨੂੰ ਇਲਾਜ ਲਈ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬਜ਼ੁਰਗ ਦੀ ਅਜੇ ਤੱਕ ਕੋਈ ਵੀ ਪਛਾਣ ਨਹੀਂ ਹੋ ਸਕੀ, ਜਿਸ ਕਰਕੇ ਮ੍ਰਿਤਕ ਦੇ ਸਰੀਰ ਨੂੰ ਸਿਵਲ ਹਸਪਤਾਲ ਸੁਨਾਮ ਦੀ ਮੋਰਚਰੀ ’ਚ 72 ਘੰਟਿਆਂ ਲਈ ਰੱਖਿਆ ਗਿਆ ਹੈ। ਪਿਜੌਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।  


author

Manoj

Content Editor

Related News