ਹੀਟਰ ’ਤੇ ਡਿੱਗਿਆ ਬਜ਼ੁਰਗ, ਕਰੰਟ ਲੱਗਣ ਕਾਰਨ ਮੌਤ
Thursday, Jan 23, 2025 - 05:18 AM (IST)
ਚੰਡੀਗੜ੍ਹ (ਸੁਸ਼ੀਲ) - ਠੰਢ ਤੋਂ ਬਚਣ ਲਈ ਸੈਕਟਰ-29 ਸਥਿਤ ਘਰ ’ਚ ਹੀਟਰ ਲਾ ਕੇ ਸੌਂ ਰਹੇ ਬਜ਼ੁਰਗ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖਬਰ ਹੈ। ਉਸ ਦੀ ਪਛਾਣ ਸੈਕਟਰ-29 ਦੇ ਰਹਿਣ ਵਾਲੇ ਛੁੱਟਨ ਵਜੋਂ ਹੋਈ ਹੈ। ਇੰਡਸਟਰੀਅਲ ਏਰੀਆ ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਘਟਨਾ ਮੰਗਲਵਾਰ ਰਾਤ ਕਰੀਬ 11.45 ਵਜੇ ਦੀ ਹੈ। ਸੈਕਟਰ-29 ਨਿਵਾਸੀ ਛੁੱਟਨ ਕਮਰੇ ’ਚ ਹੀਟਰ ਲਾ ਕੇ ਸੌਂ ਰਿਹਾ ਸੀ। ਕਮਰਾ ਜ਼ਿਆਦਾ ਗਰਮ ਹੋਣ ’ਤੇ ਉਸ ਨੇ ਹੀਟਰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਹੀਟਰ ’ਤੇ ਡਿੱਗ ਗਿਆ। ਡਿੱਗਣ ਨਾਲ ਹੀਟਰ ਦੀ ਰਾਡ ਟੁੱਟ ਗਈ ਤੇ ਛੁੱਟਨ ਨੂੰ ਕਰੰਟ ਲੱਗ ਗਿਆ। ਕਮਰਾ ਧੂੰਏਂ ਨਾਲ ਭਰਨ ਲੱਗਿਆ। ਦੂਜੇ ਕਮਰੇ ’ਚ ਸੌਂ ਰਹੀ ਉਸ ਦੀ ਪਤਨੀ ਨੇ ਜਦੋਂ ਧੂੰਆਂ ਦੇਖਿਆ ਤਾਂ ਉਸ ਨੇ ਰੌਲਾ ਪਾ ਦਿੱਤਾ।
ਰੌਲਾ ਸੁਣ ਕੇ ਗੁਆਂਢੀ ਵੀ ਆ ਗਏ। ਜਦੋਂ ਉਨ੍ਹਾਂ ਨੇ ਕਮਰੇ ’ਚ ਦੇਖਿਆ ਗਿਆ ਕਿ ਛੁੱਟਨ ਦਾ ਢਿੱਡ ਹੀਟਰ ਦੀ ਰਾਡ ਨਾਲ ਚਿਪਕਿਆ ਹੋਇਆ ਸੀ। ਇੰਡਸਟਰੀਅਲ ਏਰੀਆ ਫੇਜ਼-1 ਥਾਣਾ ਮੁਖੀ ਜਸਪਾਲ ਸਿੰਘ ਭੁੱਲਰ ਮੌਕੇ ’ਤੇ ਪਹੁੰਚੇ। ਪੁਲਸ ਅਤੇ ਫੋਰੈਂਸਿਕ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ। ਪੁਲਸ ਨੇ ਛੁੱਟਨ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ’ਚ ਰੱਖਿਆ ਗਿਆ ਹੈ।