ਸ਼ਰਮਨਾਕ ! ਲੁਟੇਰਿਆਂ ਨੇ ਦਿਨ ਦਿਹਾੜੇ ਬਜ਼ੁਰਗ ਜੋੜੇ ਤੋਂ ਲੁੱਟੇ ਪੈਨਸ਼ਨ ਦੇ ਪੈਸੇ
Tuesday, Feb 11, 2025 - 05:53 PM (IST)
![ਸ਼ਰਮਨਾਕ ! ਲੁਟੇਰਿਆਂ ਨੇ ਦਿਨ ਦਿਹਾੜੇ ਬਜ਼ੁਰਗ ਜੋੜੇ ਤੋਂ ਲੁੱਟੇ ਪੈਨਸ਼ਨ ਦੇ ਪੈਸੇ](https://static.jagbani.com/multimedia/2025_2image_17_53_221941023old.jpg)
ਮੋਗਾ (ਕਸ਼ਿਸ਼) : ਲੁਟੇਰਿਆਂ ਦੇ ਹੌਂਸਲੇ ਦਿਨੋਂ-ਦਿਨ ਵੱਧ ਰਹੇ ਹਨ। ਤਾਜ਼ਾ ਮਾਮਲਾ ਮੋਗਾ ਬਾਈਪਾਸ ਤੋਂ ਸਾਹਮਣੇ ਆਇਆ ਹੈ, ਜਿਸ ਵਿਚ ਇਕ ਬਜ਼ੁਰਗ ਜੋੜਾ ਸਾਈਕਲ 'ਤੇ ਆਪਣੇ ਪਿੰਡ ਜਾ ਰਿਹਾ ਸੀ, ਪਿੱਛੇ ਤਿੰਨ ਅਣਪਛਾਤੇ ਬਾਈਕ ਸਵਾਰਾਂ ਨੇ ਚੱਲਦੀ ਬਾਈਕ ਤੋਂ ਔਰਤ ਦਾ ਪਰਸ ਖੋਹ ਲਿਆ ਅਤੇ ਫਰਾਰ ਹੋ ਗਏ। ਇਸ ਦੌਰਾਨ ਬਜ਼ੁਰਗ ਬੀਬੀ ਸਾਈਕਲ ਤੋਂ ਡਿੱਗ ਕੇ ਜ਼ਖਮੀ ਹੋ ਗਈ, ਜਿਸਨੂੰ 108 ਐਂਬੂਲੈਂਸ ਰਾਹੀਂ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਇਹੀ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਦੇ ਪਤੀ ਸਾਧੂ ਸਿੰਘ ਘੁੱਦਕੋਟ ਨੇ ਦੱਸਿਆ ਕਿ ਮੇਰੀ ਪਤਨੀ ਸਰਕਾਰੀ ਹਸਪਤਾਲ ਤੋਂ ਸੇਵਾਮੁਕਤ ਹੈ ਅਤੇ ਅਸੀਂ ਆਪਣੀ 40,000 ਰੁਪਏ ਦੀ ਪੈਨਸ਼ਨ ਲੈ ਕੇ ਮੋਗਾ ਤੋਂ ਆਪਣੇ ਪਿੰਡ ਜਾ ਰਹੇ ਸੀ। ਇਸ ਦੌਰਾਨ ਜਦੋਂ ਅਸੀਂ ਆਪਣੀ ਸਾਈਕਲ 'ਤੇ ਬਾਈਪਾਸ ਨੇੜੇ ਪਹੁੰਚੇ ਤਾਂ ਪਿੱਛੋਂ ਤਿੰਨ ਅਣਪਛਾਤੇ ਵਿਅਕਤੀ ਬਾਈਕ 'ਤੇ ਆਏ, ਪਰਸ ਖੋਹ ਕੇ ਭੱਜ ਗਏ। ਮੈਂ ਅਤੇ ਮੇਰੀ ਪਤਨੀ ਦੋਵੇਂ ਸਾਈਕਲ ਤੋਂ ਡਿੱਗ ਪਏ। ਮੇਰੀ ਪਤਨੀ ਦੇ ਸਿਰ ਅਤੇ ਅੱਖ 'ਤੇ ਸੱਟਾਂ ਲੱਗੀਆਂ ਹਨ। ਉਸਨੂੰ 108 ਐਂਬੂਲੈਂਸ ਵਿਚ ਹਸਪਤਾਲ ਲਿਜਾਇਆ ਗਿਆ। ਮੋਗਾ ਦੇ ਸਰਕਾਰੀ ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ।