100 ਸਾਲਾ ਬੇਬੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਦੇ ਰਹੀ ਹੈ ਮਾਤ (ਵੀਡੀਓ)
Wednesday, Oct 09, 2019 - 07:00 PM (IST)
ਰੂਪਨਗਰ (ਸੱਜਣ ਸੈਣੀ)— ਅੱਜਕਲ੍ਹ ਦੇ ਲਾਈਫ ਸਟਾਈਲ ਦੇ ਚਲਦਿਆਂ ਹਰ ਇਨਸਾਨ ਕਿਸੇ ਨਾ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਰਿਹਾ ਹੈ। ਇਨ੍ਹਾਂ 'ਚੋਂ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਆਮ ਹੋ ਚੁੱਕੀਆਂ ਹਨ ਪਰ ਜੇਕਰ ਸਿਹਤ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਜਾਵੇ ਤਾਂ ਇਨਸਾਨ ਬੀਮਾਰੀਆਂ ਤੋਂ ਬਚ ਵੀ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇਕ 100 ਸਾਲ ਤੋਂ ਵੱਧ ਉਮਰ ਦੀ ਬਜ਼ੁਰਗ ਔਰਤ ਨਾਲ ਮਿਲਵਾਉਣ ਜਾਂ ਰਹੇ ਹਾਂ, ਜੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਮਾਤ ਦੇ ਰਹੀ ਹੈ। ਇਹ ਬੇਬੇ ਕਿਸੇ ਵੀ ਬੀਮਾਰੀ ਦਾ ਸ਼ਿਕਾਰ ਨਹੀਂ ਹੈ।
ਜ਼ਿਲਾ ਰੂਪਨਗਰ ਦੇ ਪਿੰਡਾਸ ਪਿੰਡ ਦੀ ਰਹਿਣ ਵਾਲੀ 100 ਸਾਲ ਤੋਂ ਵੱਧ ਉਮਰ ਦੀ ਰਾਜ ਕੌਰ ਅੱਜ ਦੇ ਜ਼ਮਾਨੇ 'ਚ ਦੂਜਿਆਂ ਨੂੰ ਵੀ ਮਾਤ ਦੇ ਰਹੀ ਹੈ। 100 ਸਾਲ ਤੋਂ ਉਪਰ ਇਹ ਬੇਬੇ ਹੁਣ ਤੱਕ ਚਾਰ ਪੀੜ੍ਹੀਆਂ ਹੰਢਾ ਚੁੱਕੀ ਹੈ। ਉਮਰ ਵੱਧ ਹੋਣ ਦੇ ਬਾਵਜੂਦ ਉਸ ਦਾ ਇਕ ਵੀ ਦੰਦ ਨਹੀਂ ਟੁੱਟਿਆ ਹੋਇਆ। 'ਜਗ ਬਾਣੀ' ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਬੇਬੇ ਨੇ ਦੱਸਿਆ ਕਿ ਉਸ ਦੀ ਸਿਹਤ ਦਾ ਰਾਜ਼ ਦੇਸੀ ਘਿਓ ਵਰਗੀਆਂ ਪਹਿਲੀਆਂ ਖਾਧੀਆਂ ਖੁਰਾਕਾਂ ਹੀ ਹਨ। ਉਹ ਸਿਰਫ ਸਿੰਪਲ ਰੋਟੀ ਖਾਉਂਦੀ ਹੈ ਅਤੇ ਪਹਿਲੀਆਂ ਖੁਰਾਕਾਂ ਖਾਣ ਦੇ ਸਦਕਾ ਅਜੇ ਤੱਕ ਉਹ ਸਹੀ ਸਲਾਮਤ ਹੈ ਅਤੇ ਭਗਵਾਨ ਦੀ ਪੂਰੀ ਕ੍ਰਿਪਾ ਹੈ।
ਬੇਲਗੱਡੀਆਂ 'ਤੇ ਸਹੁਰੇ ਘਰ 'ਚ ਆਈ ਸੀ ਇਹ ਬੇਬੇ
ਆਪਣੇ ਵਿਆਹ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਬੇਬੇ ਨੇ ਦੱਸਿਆ ਕਿ ਜਦੋਂ ਉਸ ਦਾ ਵਿਆਹ ਹੋਇਆ ਸੀ ਤਾਂ ਉਸ ਨੂੰ ਬੇਲਗੱਡੀਆਂ 'ਤੇ ਵਿਆਹ ਕੇ ਸਹੁਰੇ ਘਰ ਲਿਆਂਦਾ ਗਿਆ ਸੀ। ਇਹ ਬੇਬੇ ਖੁਦ ਭਾਵੇਂ ਇੰਨੀ ਨਹੀਂ ਪੜ੍ਹੀ ਪਰ ਉਸ ਨੇ ਆਪਣੇ ਪੋਤੇ-ਪੜਪੋਤੇ ਪੂਰੀ ਤਰ੍ਹਾਂ ਪੜ੍ਹਾਏ ਹਨ।
ਕੌੜੀ ਦਾਤਣ ਦੇ ਸਦਕਾ ਦੰਦ ਨੇ ਪੂਰੀ ਤਰ੍ਹਾਂ ਮਜ਼ਬੂਤ
ਬੇਬੇ ਨੇ ਆਪਣੇ ਚਮਕਦਾਰ ਦੰਦਾਂ ਬਾਰੇ ਦੱਸਦੇ ਹੋਏ ਕਿਹਾ ਕਿ ਉਸ ਨੇ ਕਦੇ ਵੀ ਬਰੱਸ਼ ਨਹੀਂ ਕੀਤਾ ਅਤੇ ਸਿਰਫ ਕੌੜੀ ਦਾਤਣ ਹੀ ਕਰਦੀ ਹੈ ਅਤੇ ਪਾਣੀ ਦੀ ਕਰੁਲੀ ਕਰਦੀ ਹੈ। ਇਸੇ ਕਰਕੇ ਹੀ ਉਸ ਦੇ ਦੰਦ ਕਾਫੀ ਮਜ਼ਬੂਤ ਹਨ। ਬੇਬੇ ਦੰਦਾਂ ਦੇ ਨਾਲ ਗੰਨੇ ਵੀ ਚੂਪ ਲੈਂਦੀ ਹੈ ਅਤੇ ਮੱਕੀ ਦੇ ਦਾਣੇ ਵੀ ਚੰਬ ਲੈਂਦੀ ਹੈ।
ਬਜ਼ੁਰਗ ਹੋਣ ਦੇ ਬਾਵਜੂਦ ਇਹ ਬੇਬੇ ਭਾਵੇਂ ਹੱਥ 'ਚ ਸੋਟੀ ਫੜ ਕੇ ਤੁਰਦੀ ਹੈ ਪਰ ਉਹ ਪੂਰੀ ਤਰ੍ਹਾਂ ਸਿਹਤਮੰਦ ਹੋਣ ਕਾਰਨ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪੂਰੀ ਤਰ੍ਹਾਂ ਮਾਤ ਦੇ ਰਹੀ ਹੈ।