ਭਾਈਚਾਰਕ ਸਾਂਝ ਦਾ ਤਿਉਹਾਰ ਹੈ 'ਈਦ', ਜਾਣੋ ਕੁਝ ਖਾਸ ਗੱਲਾਂ

Saturday, Aug 01, 2020 - 01:26 PM (IST)

ਭਾਈਚਾਰਕ ਸਾਂਝ ਦਾ ਤਿਉਹਾਰ ਹੈ 'ਈਦ', ਜਾਣੋ ਕੁਝ ਖਾਸ ਗੱਲਾਂ

ਜਲੰਧਰ— ਅੱਜ ਈਦ ਹੈ, ਸਾਰੇ ਦੇਸ਼ਵਾਸੀਆਂ ਨੂੰ ਇਸ ਦੀ ਲੱਖ-ਲੱਖ ਵਧਾਈ। ਜੇ ਕੋਈ ਆਖਦਾ ਹੈ ਕਿ ਇਹ ਸਿਰਫ ਮੁਸਲਮਾਨਾਂ ਦਾ ਤਿਉਹਾਰ ਹੈ ਤਾਂ ਉਹ ਹਿੰਦੂ-ਮੁਸਲਮਾਨਾਂ ਅਤੇ ਹਿੰਦੂ ਧਰਮ ਅਤੇ ਇਸਲਾਮ ਵਿਚਕਾਰ ਰਿਸ਼ਤਿਆਂ ਤੋਂ ਅਨਜਾਣ ਹੈ। 10 ਮਈ, 1857 ਨੂੰ ਜਦੋਂ ਹਿੰਦੂ-ਮੁਸਲਮਾਨਾਂ ਨੇ ਇਕਜੁੱਟ ਹੋ ਕੇ ਅੰਗਰੇਜ਼ਾਂ ਖ਼ਿਲਾਫ਼ ਪਹਿਲੀ ਆਜ਼ਾਦੀ ਦੀ ਜੰਗ ਲੜੀ ਤਾਂ ਬਰਤਾਨਵੀ ਹਕੂਮਤ ਨੂੰ ਗੱਲ ਸਮਝ ਆ ਗਈ ਕਿ ਜੇਕਰ ਹਿੰਦੂ-ਮੁਸਲਮਾਨ ਇਸੇ ਤਰ੍ਹਾਂ ਘਿਓ-ਖਿੱਚੜੀ ਬਣੇ ਰਹੇ ਤਾਂ ਉਨ੍ਹਾਂ ਦਾ ਰਾਜ ਜ਼ਿਆਦਾ ਦੇਰ ਚਲਨ ਵਾਲਾ ਨਹੀਂ। ਇਸ ਲਈ ਉਨ੍ਹਾਂ ਦੇ ਦੋਵੇਂ ਭਰਾਵਾਂ ਖ਼ਿਲਾਫ਼ ਇੰਨੇ ਝੂਠ ਫੈਲਾਏ ਅਤੇ ਗਜ਼ਨੀ, ਗੌਰੀ ਅਤੇ ਬਾਬਰ ਜਿਹੇ ਵਿਦੇਸ਼ੀ ਧਾੜਵੀਆਂ ਨੂੰ ਇਸਲਾਮ ਦਾ ਚਿਹਰਾ ਮੁਹਰਾ ਬਣਾ ਕੇ ਪੇਸ਼ ਕੀਤਾ।

ਇਸ ਨਾਲ ਜਿੱਥੇ ਦੇਸ਼ ਅੰਦਰ ਇਸਲਾਮ ਪ੍ਰਤੀ ਖਦਸ਼ੇ ਪੈਦਾ ਹੋਣ ਲੱਗੇ ਉੱਥੇ ਹੀ ਮੁਸਲਮਾਨਾਂ ਦੇ ਇਕ ਵਰਗ 'ਚ ਇਹ ਸੋਚ ਵਿਕਸਿਤ ਹੋਈ ਕਿ ਉਹ ਹੀ ਇਸ ਦੇਸ਼ ਦੇ ਸ਼ਾਸਕ ਹਨ। ਇਹ ਦੋਨੋ ਹੀ ਗੱਲਾਂ ਦੇਸ਼ ਲਈ ਘਾਤਕ ਸਾਬਤ ਹੋਈਆਂ ਅਤੇ ਜਿਸ ਦਾ ਸਿੱਟਾ ਨਿਕਲਿਆ ਦੇਸ਼ ਦੀ ਵੰਡ। ਸੱਚਾਈ ਇਹ ਹੈ ਕਿ ਨਾ ਤਾਂ ਹਿੰਦੂ ਧਰਮ ਅਤੇ ਨਾ ਹੀ ਕੋਈ ਹਿੰਦੂ ਇਸਲਾਮ ਅਤੇ ਮੁਸਲਮਾਨਾਂ ਦਾ ਦੁਸ਼ਮਣ ਹੈ ਅਤੇ ਨਾ ਹੀ ਮੁਸਲਾਨ ਕਿਸੇ ਦਾ ਸਗੋਂ ਇਤਿਹਾਸ ਇਹ ਹੈ ਕਿ ਹਿੰਦੂ ਵੀਰਾਂ ਨੇ ਮੁਸਲਮਾਨਾਂ ਦੀ ਸਭ ਤੋਂ ਮਹੱਤਵਪੂਰਨ ਲੜਾਈ ਵਿਚ ਹੁਸੈਨ ਇਬਨ ਯਾਨੇ ਈਮਾਮ ਹੁਸੈਨ ਸਾਹਿਬ ਦੀ ਮਦਦ ਕੀਤੀ ਅਤੇ ਅਨੇਕ ਪੰਡਿਤਾਂ ਨੇ ਆਪਣੇ ਮੁਸਲਮਾਨ ਭਰਾਵਾਂ ਲਈ ਆਪਣੀਆਂ ਜਾਨਾਂ ਵਾਰੀਆਂ ਸਨ।

ਸਾਲ 1938 'ਚ ਟੀ. ਪੀ. ਰੱਸਲ ਸਟ੍ਰੈਸੀ ਦੀ ਪੁਸਤਕ 'ਹਿਸਟਰੀ ਆਫ ਮੁਹਿਯਾਲਸ' ਅਨੁਸਾਰ ਪਵਿੱਤਰ ਇਸਲਾਮ ਦੀ ਰੱਖਿਆ ਲਈ ਹੋਈ ਕਰਬਲਾ ਦੀ ਲੜਾਈ ਦੌਰਾਨ ਉਸ ਵੇਲੇ ਕਰਬਲਾ 'ਚ 1400 ਬ੍ਰਾਹਮਣ ਰਹਿੰਦੇ ਸਨ। ਇਨ੍ਹਾਂ ਨੇ ਯਾਜੀਦ ਖ਼ਿਲਾਫ਼ ਇਮਾਮ ਸਾਹਿਬ ਦਾ ਸਾਥ ਦਿੱਤਾ। ਇਨ੍ਹਾਂ ਬ੍ਰਾਹਮਣ ਪਰਿਵਾਰਾਂ ਦੇ ਦਿੱਲੀ ਅਤੇ ਪੁਣੇ ਰਹਿਣ ਵਾਲੇ ਲੋਕ ਅੱਜ ਵੀ ਮੁਹੱਰਮ ਮਨਾਉਂਦੇ ਹਨ।
ਇਕ ਹੋਰ ਮਾਨਤਾ ਅਨੁਸਾਰ, ਪੰਡਿਤ ਰਾਹਿਬ ਸਿੱਧ ਦੱਤ ਦੇ ਕੋਈ ਸੰਤਾਨ ਨਹੀਂ ਸੀ ਅਤੇ ਉਹ ਸੰਤਾਨ ਦਾ ਅਸ਼ੀਰਵਾਦ ਲੈਣ ਲਈ ਹੁਸੈਨ ਇਬਨ ਅਲੀ ਕੋਲ ਗਏ। ਹੁਸੈਨ ਸਾਹਿਬ ਨੇ ਕਿਹਾ ਕਿ ਅੱਲਾਹ ਨੇ ਉਸ ਦੇ ਨਸੀਬ 'ਚ ਸੰਤਾਨ ਸੁੱਖ ਨਹੀਂ ਦਿੱਤਾ ਤਾਂ ਦੱਤ ਸਾਹਿਬ ਰੋਣ ਲੱਗ ਪਏ। ਉਨ੍ਹਾਂ ਦਾ ਦੁੱਖ ਵੇਖ ਕੇ ਹੁਸੈਨ ਸਾਹਿਬ ਨੇ ਇਕ-ਇਕ ਕਰਕੇ ਸੱਤ ਪੁੱਤਰਾਂ ਦਾ ਅਸ਼ੀਰਵਾਦ ਦਿੱਤਾ। ਇਨ੍ਹਾਂ ਸੱਤਾਂ ਪੁੱਤਰਾਂ ਨੇ ਕਰਬਲਾ ਦੀ ਲੜਾਈ ਦੌਰਾਨ ਹੁਸੈਨ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਅਤੇ 72 ਅਨੁਯਾਈਆਂ ਨਾਲ ਆਪਣਾ ਜੀਵਨ ਬਲਿਦਾਨ ਕੀਤਾ।

PunjabKesari

ਮਾਨਤਾ ਹੈ ਕਿ ਜਿਸ ਜਗ੍ਹਾਂ 'ਤੇ ਦੱਤ ਪਰਿਵਾਰ ਰਹਿੰਦੇ ਸਨ ਉਸ ਨੂੰ ਦਾਯਰ-ਅਲ-ਹਿੰਡੀਆ ਆਖਿਆ ਜਾਂਦਾ ਸੀ, ਅੱਜ ਵੀ ਇਰਾਕ 'ਚ ਅਲ-ਹਿੰਡੀਆ ਡਿਸਟ੍ਰਿਕ ਮੌਜੂਦ ਹੈ। ਦੱਤ ਬ੍ਰਾਹਮਣ ਹੁਸੈਨ ਸਾਹਿਬ ਲਈ ਲੜੇ ਸਨ ਅਤੇ ਇਤਿਹਾਸ 'ਚ ਹੁਸੈਨੀ ਬ੍ਰਾਹਮਣ ਵੀ ਅਖਵਾਏ। ਕੁਝ ਲੋਕ ਇਹ ਵੀ ਮੰਨਦੇ ਹਨ ਕਿ ਹੁਸੈਨੀ ਬ੍ਰਾਹਮਣਾਂ ਨੂੰ ਹੁਸੈਨ ਸਾਹਿਬ ਨਾਲ ਬਹੁਤ ਮੁਹੱਬਤ ਸੀ, ਜਦੋਂ ਇਨ੍ਹਾਂ ਨੂੰ ਇਮਾਮ ਸਾਹਿਬ ਦੀ ਸ਼ਹਾਦਤ ਦਾ ਪਤਾ ਲੱਗਿਆ ਤਾਂ ਇਨ੍ਹਾਂ ਨੇ ਅਮੀਰ ਮੁਖਤਾਰ ਨਾਲ ਮਿਲ ਕੇ ਹੁਸੈਨ ਸਾਹਿਬ ਦੀ ਸ਼ਹਾਦਤ ਦਾ ਬਦਲਾ ਲਿਆ। ਰਾਹਿਬ ਸਿੱਧ ਦੱਤ ਸਾਹਿਬ ਕੂਫਾ ਸ਼ਹਿਰ ਜਾ ਰਹੀ ਯਾਜਿਦ ਦੀ ਫੌਜ਼ 'ਤੇ ਹਮਲਾ ਕਰਕੇ ਹੁਸੈਨ ਸਾਹਿਬ ਦਾ ਪਵਿੱਤਰ ਸਿਰ ਲੈ ਆਏ। ਯਾਜਿਦ ਦੀ ਫੌਜ਼ ਜਦੋਂ ਸਿਰ ਵਾਪਸ ਲੈਣ ਆਈ ਤਾਂ ਦੱਤ ਸਾਹਿਬ ਨੇ ਹੁਸੈਨ ਸਾਹਿਬ ਦੀ ਥਾਂ ਤੇ ਆਪਣੇ ਪੁੱਤਰਾਂ ਦਾ ਸਿਰ ਦੇ ਦਿੱਤਾ। ਕਹਾਣੀ ਜਾਂ ਇਤਿਹਾਸ ਕੁਝ ਵੀ ਹੋਵੇ ਪਰੰਤੂ ਇਹ ਤਾਂ ਯਕੀਨੀ ਹੈ ਕਿ ਹਿੰਦੂ-ਮੁਸਲਮਾਨਾਂ 'ਚ ਅਟੁੱਟਵਾਂ ਰਿਸ਼ਤਾ ਰਿਹਾ ਹੈ ਜੋ ਕੁਝ ਕਾਰਨਾਂ ਕਰਕੇ ਟਕਰਾਅ ਵਾਲਾ ਜ਼ਰੂਰ ਨਜ਼ਰ ਆਇਆ ਪਰ ਅੱਜ ਫਿਰ ਲੋੜ ਹੈ ਉਸੇ ਰਿਸ਼ਤੇ ਨੂੰ ਨਿਭਾਊਣ ਦੀ।

ਚੰਦਰ ਕੈਲੇਂਡਰ ਨਾਲ ਚਲਨ ਵਾਲੇ ਹਿਜ਼ਰੀ ਕੈਲੇਂਡਰ ਦੇ 9ਵੇਂ ਰਮਜਾਨ ਦੇ ਮਹੀਨੇ ਦੇ ਪੂਰੇ ਹੋਨ ਦੇ ਬਾਅਦ ਦਸਵੇਂ ਮਹੀਨੇ ਸ਼ੱਵਾਲ ਦੀ ਪਹਿਲੀ ਤਾਰੀਖ ਨੂੰ ਈਦ-ਉੱਲ-ਫਿਤਰ ਅਤੇ ਇਸ ਦੇ 70 ਦਿਨਾਂ ਬਾਅਦ ਈਦ-ਉਲ-ਅਜਾਹ ਦਾ ਤਿਓਹਾਰ ਆਉਂਦਾ ਹੈ। ਈਦ-ਉੱਲ-ਫਿਤਰ ਇਕ ਪ੍ਰਕਾਰ ਸ਼ੁਕਰਾਨੇ ਦਾ ਤਿਉਹਾਰ ਹੈ ਕਿ ਅੱਲਾਹ ਤਾਅਲਾ ਨੇ ਆਪਣੇ ਬੰਦਿਆਂ ਤੇ ਕਰਮ ਫਰਮਾਇਆ। ਈਦ ਦਾ ਅਰਥ ਹੈ ਖੁਸ਼ੀ, ਇਸਦੇ ਦੋ ਪਹਿਲੂ ਹੁੰਦੇ ਹਨ। ਪਹਿਲਾ ਅਧਿਆਤਮਿਕ ਅਤੇ ਦੂਸਰਾ ਸੰਸਕ੍ਰਿਤਿਕ। ਇਸਲਾਮ ਅਨੁਸਾਰ ਮਾਨਵ ਜੀਵਨ ਨੂੰ ਦੋ ਹਿੱਸਿਆਂ 'ਚ ਵੰਡਿਆ ਗਿਆ ਹੈ, ਪਹਿਲੀ ਤਾਂ ਮੌਤ ਤੋਂ ਪਹਿਲਾਂ ਅਤੇ ਦੂਜੀ ਮੌਤ ਤੋਂ ਬਾਅਦ ਦੀ ਜ਼ਿੰਦਗੀ। ਜ਼ਿੰਦਗੀ ਦੀ ਪਹਿਲੀ ਮਿਆਦ 'ਚ ਜੇਕਰ ਅੱਲਾਹ ਤਾਅਲਾ ਦੇ ਦੱਸੇ ਰਾਹ ਤੇ ਚਲੀਏ ਤਾਂ ਦੂਜੀ ਜ਼ਿੰਦਗੀ 'ਚ ਇਸ ਦਾ ਇਨਾਮ ਮਿਲਦਾ ਹੈ।
ਇਸਲਾਮ 'ਚ ਇਸੇ ਕਾਰਨ ਰਮਜਾਨ ਅਤੇ ਈਦ ਦੇ ਚੰਨ ਦੀ ਮਹੱਤਵ ਹੈ। ਰਮਜਾਨ ਦਾ ਮਹੀਨਾ ਮਨੁੱਖ ਦੀ ਪਹਿਲੀ ਜਿੰਦਗੀ ਦੀ ਤਰ੍ਹਾਂ ਹੈ ਜਿਸ 'ਚ ਭੁੱਖ-ਪਿਆਸ, ਜੱਦੋ-ੜਹਿਦ ਦੇ ਨਾਲ ਪੂਰੀ ਸ਼ਿੱਦਤ ਨਾਲ ਜੀਉਣਾ ਹੈ ਅਤੇ ਈਦ ਦਾ ਚੰਨ ਦੂਜੀ ਜ਼ਿੰਦਗੀ ਦਾ ਪ੍ਰਤੀਕ ਹੈ। ਜਿਸ 'ਚ ਖੁਸ਼ੀਆਂ ਹੀ ਖੁਸ਼ੀਆਂ ਹਨ।

ਈਦ ਇਕ ਅਲਾਮਤ ਹੈ ਕਿ ਅੱਲਾਹ ਦੇ ਦੱਸੇ ਹੋਏ ਰਾਹ ਤੇ ਚਲਨ ਦੇ ਅੱਗੇ ਖੁਸ਼ੀਆਂ ਹੀ ਖੁਸ਼ੀਆਂ ਅਤੇ ਬਰਕਤਾਂ ਹੀ ਬਰਕਤਾਂ ਹਨ। ਖੁਸ਼ੀ ਦੇ ਇਸ ਮੌਕੇ 'ਤੇ ਸਰਵਧਰਮ ਦੀ ਪਰਿਕਲਪਨਾ ਵੀ ਸ਼ਾਮਿਲ ਹੈ, ਜਿਸ ਨਾਲ ਮੁਰਾਦ ਹੈ ਕਿ ਕੇਵਲ ਮੁਸਲਿਮ ਰੋਜੇਦਾਰਾਂ ਨੂੰ ਹੀ ਨਹੀਂ ਸਗੋਂ ਗ਼ੈਰ-ਮੁਸਲਮਾਨਾਂ ਨੂੰ ਵੀ ਇਸ 'ਚ ਸ਼ਾਮਲ ਕਰਨਾ ਜ਼ਰੂਰੀ ਹੈ ਤਾਂ ਜੋ ਸਮਰਸ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ।
ਇਸਲਾਮ 'ਚ ਇਕ ਸ਼ਰਤ ਹੈ ਕਿ ਜੇਕਰ ਆਪਣੀ ਖੁਸ਼ੀ 'ਚ ਪੜੌਸੀ ਜਾਂ ਦੂਜੇ ਧਰਮ ਦੇ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਤਾਂ ਤੁਹਾਡੀ ਖੁਸ਼ੀ ਕਿਸੇ ਕੰਮ ਦੀ ਨਹੀਂ ਹੈ। ਈਦ ਦੇ ਚੰਨ ਨੂੰ ਵੇਖ ਕੇ ਇਸਲਾਮ ਦੇ ਸੰਸਥਾਪਕ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਸੀ ਕਿ 'ਹੇ ਅੱਲਾਹ ਇਸ ਚੰਨ ਨੂੰ ਤੂੰ ਅਮਨ ਦਾ ਚੰਨ ਬਣਾ ਦੇ।' ਈਦ ਦੀ ਦੁਆ ਦਾ ਅਰਥ ਹੈ ਕਿ ਅਮਨ ਲਈ ਦੁਆ, ਸ਼ਾਂਤੀ ਲਈ ਪ੍ਰਾਰਥਨਾ ਜੋ ਕਿਸੇ ਵੀ ਸਮਾਜ ਲਈ ਬਹੁਤ ਜ਼ਰੂਰੀ ਹੈ। ਇਸਲਾਮੀ ਤਾਰੀਖ਼ 'ਚ ਦਰਜ ਹੈ ਕਿ ਹਜ਼ਰਤ ਸਾਹਿਬ ਨੇ 624 'ਚ ਜੰਗ-ਏ-ਬਦਰ ਤੋਂ ਬਾਅਦ ਪਹਿਲੀ ਈਦ ਮਨਾਈ ਉਦੋਂ ਤੋਂ ਹੀ ਇਸ ਤਿਉਹਾਰ ਦੀ ਸ਼ੁਰੂਆਤ ਹੋਈ। ਯਾਨੇ ਜੰਗ ਤੋਂ ਬਾਅਦ ਸ਼ਾਂਤੀ ਸਥਾਪਨਾ ਤੋਂ ਬਾਅਦ ਈਦ ਦੀ ਸ਼ੁਰੂਆਤ ਹੋਈ।

PunjabKesari

ਵੇਖਿਆ ਜਾਵੇ ਤਾਂ ਕਿੰਨੀ ਸਮਾਨਤਾ ਹੈ ਦਿਵਾਲੀ ਅਤੇ ਈਦ 'ਚ। ਦੀਵਾਲੀ ਵੀ ਦੁਸਹਿਰੇ ਤੋਂ ਬਾਅਦ ਮਨਾਈ ਜਾਂਦੀ ਹੈ, ਦੁਸਹਿਰਾ ਪ੍ਰਤੀਕ ਹੈ ਭਗਵਾਨ ਸ਼੍ਰੀ ਰਾਮ ਅਤੇ ਰਾਵਣ ਵਿਚਕਾਰ ਯੁੱਧ ਦਾ, ਸੱਚਾਈ ਦੀ ਜਿੱਤ ਦਾ। ਇਸਦੇ ਬਾਅਦ ਸ਼ਾਂਤੀ ਸਥਾਪਨਾ ਹੋਈ ਅਤੇ ਲੋਕਾਂ ਨੇ ਅਯੁੱਧਿਆ ਪਰਤਨ ਤੇ ਭਗਵਾਨ ਸ਼੍ਰੀਰਾਮ ਦਾ ਸਵਾਗਤ ਕੀਤਾ ਅਤੇ ਖੁਸ਼ੀਆਂ ਮਨਾਈਆਂ। ਦੇਸ਼ ਅੰਦਰ ਰਾਮ ਰਾਜ ਦੀ ਸਥਾਪਨਾ ਹੋਈ। ਇਸਲਾਮ ਵਿਚ ਵੀ ਈਦ ਦੀ ਸ਼ੁਰੂਆਤ ਜੰਗ ਤੋਂ ਬਾਅਦ ਸਥਾਪਿਤ ਹੋਈ ਸ਼ਾਂਤੀ ਦੀ ਸਥਾਪਨਾ ਦੇ ਬਾਅਦ ਹੋਈ। ਦੁਨੀਆ ਅੰਦਰ ਇਸਲਾਮ ਦਾ ਪ੍ਰਕਾਸ਼ ਫੈਲਿਆ।

ਦੂਜੇ ਪਾਸੇ ਮੌਜੂਦਾ ਸਮੇਂ 'ਚ ਦੁਨੀਆ ਅੰਦਰ ਚਲ ਰਹੇ ਕੋਰੋਨਾ ਦੇ ਖਤਰੇ ਨੇ ਮਾਂਸਾਹਾਰੀ ਭੋਜਨ ਅਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਮਾਂਸਾਹਾਰ ਅਤੇ ਜੰਗਲਾਂ ਦੀ ਕਟਾਈ ਕਾਰਨ ਜਾਨਵਰਾਂ ਅਤੇ ਮਨੁੱਖਾਂ 'ਚ ਸੰਪਰਕ ਵਧ ਰਿਹਾ ਹੈ। ਇਸ ਨਾਲ ਜਾਨਵਰਾਂ ਦੀਆਂ ਬੀਮਾਰੀਆਂ ਮਨੁੱਖ ਨੂੰ ਬੀਮਾਰ ਕਰ ਰਹੀਆਂ ਹਨ। ਪਲੇਗ, ਸਾਰਸ, ਇਬੋਲਾ, ਏਡਸ ਅਤੇ ਹੁਣ ਕੋਰੋਨਾ ਵਰਗੀਆਂ ਨਾਮੁਰਾਦ ਬੀਮਾਰੀਆਂ ਲੱਖਾਂ-ਕਰੋੜਾਂ ਲੋਕਾਂ ਦੀ ਜ਼ਿੰਦਗੀਆਂ ਲੀਲ ਚੁਕੀਆਂ ਹਨ। ਇਹ ਸਾਰੀਆਂ ਬੀਮਾਰੀਆਂ ਸਾਨੂੰ ਜਾਨਵਰਾਂ ਤੋਂ ਹੀ ਮਿਲੀਆਂ ਹਨ। ਜਦੋਂ ਕੋਈ ਮਨੁੱਖ ਮਾਂਸ ਦੀ ਵਰਤੋਂ ਕਰਦਾ ਹੈ ਜਾਂ ਜਾਨਵਰ ਦੇ ਸੰਪਰਕ 'ਚ ਆਉਂਦਾ ਹੈ ਤਾਂ ਉਸਦੀਆਂ ਬੀਮਾਰੀਆਂ ਸਿੱਧੇ ਤੌਰ ਤੇ ਮਨੁੱਖ ਨੂੰ ਸੰਕ੍ਰਮਿਤ ਕਰਦੀਆਂ ਹਨ। ਅਜਿਹੇ ਸਮੇਂ ਵਿਚ ਜ਼ਰੂਰੀ ਹੋ ਗਿਆ ਹੈ ਕਿ ਮਨੁੱਖ ਸ਼ਾਕਾਹਾਰ ਨੂੰ ਅਪਣਾਵੇ, ਜੋ ਕਿ ਉਸ ਦੀ ਸੁਭਾਵਿਕ ਪ੍ਰਕ੍ਰਿਤੀ ਵੀ ਹੈ।

ਇਸੇ ਮਹੌਲ ਨੂੰ ਵੇਖਦਿਆਂ ਦੁਨੀਆ ਅੰਦਰ ਈਕੋ ਫ੍ਰੈਂਡਲੀ ਈਦ ਦੀ ਛਿੜੀ ਚਰਚਾ ਨੇ ਸਾਬਤ ਕਰ ਦਿੱਤਾ ਹੈ ਕਿ ਧਰਮ ਗੁਰੂਆਂ ਅਤੇ ਸਿਆਸੀ ਆਗੂਆਂ ਦੇ ਬਿਨਾ ਵੀ ਸਮਾਜ ਦੇ ਅੰਦਰ ਸੁਧਾਰ ਦੀ ਲਹਿਰ ਸ਼ੁਰੂ ਹੋ ਸਕਦੀ ਹੈ। ਇਸਲਾਮਿਕ ਧਰਮ ਗੁਰੂਆਂ, ਬੁੱਧੀਜੀਵੀਆਂ, ਸਮਾਜਿਕ ਨੇਤਾਵਾਂ, ਲਿਖਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਮਜ਼ਹਬੀ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਦੀ ਸਮੇਂ ਦੇ ਅਨੁਕੂਲ ਵਿਆਖਿਆ ਕਰੇ। ਖੁਸ਼ੀ ਦੀ ਗੱਲ ਹੈ ਕਿ ਭਾਰਤ ਦੇ ਮੁਸਲਿਮ ਸਮਾਜ ਨੇ ਸੁਧਾਰਵਾਦੀ ਲਹਿਰ ਵਿਚ ਪੂਰੀ ਦੁਨੀਆ ਨੂੰ ਨਵਾਂ ਰਾਹ ਵਿਖਾਉਣ ਦਾ ਕੰਮ ਕੀਤਾ ਹੈ। ਵੇਦਾਂ ਦਾ ਫਾਰਸੀ 'ਚ ਅਨੁਵਾਦ ਕਰਵਾਉਣ ਵਾਲੇ ਦਾਰਾ ਸ਼ਿਕੋਹ, ਕ੍ਰਿਸ਼ਨ ਭਗਤ ਰਹੀਮ, ਰਸਖਾਨ, ਸ਼੍ਰੀ ਹਰਿ ਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ ਸਾਈਂ ਮੀਆਂ ਮੀਰ, ਮਿਸਾਈਲ ਮੈਨ ਏ.ਪੀ.ਜੇ. ਅਬਦੁੱਲ ਕਲਾਮ ਜਿਹੇ ਹਜ਼ਾਰਾਂ ਮੁਸਲਿਮ ਵਿਦਵਾਨਾਂ ਅਤੇ ਆਗੂਆਂ ਨੇ ਸਮੇਂ-ਸਮੇਂ ਤੇ ਸਮਾਜ ਦਾ ਮਾਰਗਦਰਸ਼ਨ ਕੀਤਾ ਹੈ ਅਤੇ ਭਾਰਤ 'ਚ ਇਕ ਇਹੋ-ਜਿਹੇ ਇਸਲਾਮ ਦੀ ਸਿਰਜਨਾ ਕੀਤੀ ਹੈ ਜੋ ਦੁਨੀਆ ਦੇ ਬਾਕੀ ਮੁਲਕਾਂ ਦੇ ਇਸਲਾਮ ਦੇ ਉਲਟ ਕੱਟੜਤਾਂ ਤੋ ਦੂਰ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸਾਡਾ ਮੁਸਲਿਮ ਸਮਾਜ ਈਕੋ ਫ੍ਰੈਂਡਲੀ ਈਦ ਨੂੰ ਅਪਣਾ ਕੇ ਇਸ ਤਿਉਹਾਰ ਦੀ ਵੀ ਇਹੋ-ਜਿਹੀ ਵਿਆਖਿਆ ਕਰੇਗਾ ਕਿ ਜਿਸ ਨਾਲ ਹਰ ਜ਼ੁਬਾਨ ਕਹੇਗੀ, ਈਦ ਮੁਬਾਰਕ। ਸਾਡੇ ਤਿਉਹਾਰ ਅਸਲ ਵਿਚ ਛੋਟੇ-ਛੋਟੇ ਪਰੰਤੂ ਮਜ਼ਬੂਤ ਧਾਗੇ ਹਨ ਸਮਾਜ ਨੂੰ ਆਪਸ ਵਿਚ ਬੰਨਣ ਲਈ। ਈਦ ਏਕੇ ਦਾ ਮਜ਼ਬੂਤ ਸੂਤਰ ਹੈ।
-ਰਾਕੇਸ਼ ਸੈਨ
32, ਖੰਡਾਲਾ ਫਾਰਮਿੰਗ ਕਲੋਨੀ
ਵੀਪੀਓ ਲਿਦੜਾਂ,
ਜਲੰਧਰ।
ਮੋ. 77106-55605


author

shivani attri

Content Editor

Related News