ਸਰਕਾਰ ਵੱਲੋਂ ਮਨੁੱਖੀ ਸਮੱਗਲਿੰਗ ਰੋਕਣ ਦਾ ਯਤਨ
Tuesday, Feb 13, 2018 - 11:55 PM (IST)

ਮੋਗਾ, (ਆਜ਼ਾਦ)- ਪੰਜਾਬ ਸਰਕਾਰ ਵੱਲੋਂ ਮਨੁੱਖੀ ਸਮੱਗਲਿੰਗ ਰੋਕਣ ਦਾ ਯਤਨ ਕਰਦੇ ਹੋਏ ਜ਼ਿਲੇ ਭਰ ਦੇ ਆਈਲੈਟਸ ਸੈਂਟਰਾਂ ਤੋਂ ਇਲਾਵਾ ਇਮੀਗ੍ਰੇਸ਼ਨ, ਟ੍ਰੈਵਲ ਏਜੰਟ ਦਾ ਕੰਮ ਕਰਨ ਵਾਲੇ ਸੰਚਾਲਕਾਂ ਖਿਲਾਫ ਮਿਲ ਰਹੀਆਂ ਸ਼ਿਕਾਇਤਾਂ 'ਤੇ ਸਖਤ ਕਾਰਵਾਈ ਕਰਦਿਆਂ ਜ਼ਿਲਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਦਾ ਹੁਕਮ ਦਿੱਤਾ ਗਿਆ ਸੀ ਤਾਂ ਕਿ ਕੋਈ ਵੀ ਆਈਲੈਟਸ ਤੇ ਇਮੀਗ੍ਰੇਸ਼ਨ ਸੰਚਾਲਕ, ਟ੍ਰੈਵਲ ਏਜੰਟ, ਟਿਕਟਿੰਗ ਏਜੰਸੀ ਆਮ ਲੋਕਾਂ ਤੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਆਪਣਾ ਸ਼ਿਕਾਰ ਨਾ ਬਣਾ ਸਕਣ ਕਿਉਂਕਿ ਆਏ ਦਿਨ ਪੰਜਾਬ ਭਰ 'ਚ ਸੈਂਕੜੇ ਟ੍ਰੈਵਲ ਏਜੰਟਸ, ਆਈਲੈਟਸ ਸੈਂਟਰਾਂ ਤੇ ਕੰਸਲਟੈਂਟ ਸੰਚਾਲਕਾਂ ਖਿਲਾਫ ਪੀੜਤ ਵਿਅਕਤੀਆਂ ਵੱਲੋਂ ਪੁਲਸ ਕੋਲ ਧੋਖਾਦੇਹੀ ਦੇ ਮਾਮਲੇ ਦਰਜ ਕਰਵਾਏ ਜਾ ਰਹੇ ਹਨ। ਜ਼ਿਲਾ ਪ੍ਰਸ਼ਾਸਨ ਵੱਲੋਂ ਮੋਗਾ ਜ਼ਿਲੇ ਦੇ ਸਾਰੇ ਆਈਲੈਟਸ ਤੇ ਇਮੀਗ੍ਰੇਸ਼ਨ ਕੰਸਲਟੈਂਟ ਸੰਚਾਲਕਾਂ, ਟਿਕਟਿੰਗ ਏਜੰਸੀਆਂ, ਟ੍ਰੈਵਲ ਏਜੰਟਾਂ ਨੂੰ ਉਕਤ ਰਜਿਸਟ੍ਰੇਸ਼ਨ ਲਈ 25 ਹਜ਼ਾਰ ਰੁਪਏ ਫੀਸ ਅਤੇ ਨਿਰਧਾਰਿਤ ਪ੍ਰੋਫਾਰਮਾ ਜਮ੍ਹਾ ਕਰਵਾਉਣ ਦਾ ਹੁਕਮ ਦਿੱਤਾ ਗਿਆ ਸੀ ਪਰ ਸਰਕਾਰ ਦੇ ਨਿਰਦੇਸ਼ਾਂ 'ਤੇ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਵਿਅਕਤੀਆਂ ਵੱਲੋਂ ਸਰਕਾਰੀ ਹੁਕਮਾਂ ਅਨੁਸਾਰ ਫੀਸ ਨਹੀਂ ਭਰੀ ਗਈ ਅਤੇ ਨਾ ਹੀ ਆਪਣੇ ਦਸਤਾਵੇਜ਼ ਪੂਰੇ ਕੀਤੇ ਗਏ, ਜਿਸ 'ਤੇ ਪ੍ਰਸ਼ਾਸਨ ਨੇ ਜਿਨ੍ਹਾਂ ਵਿਅਕਤੀਆਂ ਵੱਲੋਂ ਰਜਿਸਟ੍ਰੇਸ਼ਨ ਲਈ ਅਧੂਰੇ ਦਸਤਾਵੇਜ਼ ਜਮ੍ਹਾ ਕਰਵਾਏ ਗਏ ਸਨ, ਉਨ੍ਹਾਂ ਨੂੰ ਰੱਦ ਕਰ ਦਿੱਤਾ ਤੇ ਉਕਤ ਅਣਧਿਕਾਰਤ ਤੌਰ 'ਤੇ ਚੱਲ ਰਹੀਆਂ ਟ੍ਰੈਵਲ ਏਜੰਸੀਆਂ, ਕੰਸਲਟੈਂਸੀ, ਟਿਕਟਿੰਗ, ਆਈਲੈਟਸ ਸੈਂਟਰਾਂ ਖਿਲਾਫ ਕਾਰਵਾਈ ਕਰਨ ਦਾ ਹੁਕਮ ਦਿੱਤਾ, ਜਿਸ ਤਹਿਤ ਜ਼ਿਲੇ ਦੇ 14 ਸੈਂਟਰ ਸੰਚਾਲਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਕਿਨ੍ਹਾਂ-ਕਿਨ੍ਹਾਂ 'ਤੇ ਹੋਇਆ ਮਾਮਲਾ ਦਰਜ
ਜ਼ਿਲਾ ਪੁਲਸ ਮੁਖੀ ਮੋਗਾ ਦੇ ਸਹਾਇਕ ਕਮਿਸ਼ਨਰ ਵੱਲੋਂ ਭੇਜੇ ਗਏ ਪੱਤਰ ਅਨੁਸਾਰ ਰਮਨਦੀਪ ਸੂਦ ਪੁਰਾਣੀ ਕਚਹਿਰੀ ਰੋਡ ਮੋਗਾ, ਅਮਨਦੀਪ ਸਚਦੇਵਾ ਭਾਗ ਸਿੰਘ ਮਾਰਕੀਟ ਮੋਗਾ, ਕੰਵਲ ਗੁਪਤਾ ਜੀ. ਟੀ. ਰੋਡ ਮੋਗਾ, ਚਰਨਜੀਤ ਸਿੰਘ ਜੌਹਲ ਫੈਕਸ ਅਬਰੋਡ ਐਂਡ ਕਲੇਰ ਕੰਪਲੈਕਸ ਜ਼ੀਰਾ ਰੋਡ ਮੋਗਾ, ਸ਼ਾਮ ਸੁੰਦਰ ਗੋਇਲ ਸ਼ਾਮ ਟ੍ਰੈਵਲ ਕੋਰਟ ਰੋਡ ਮੋਗਾ, ਜਗਜੀਤ ਸਿੰਘ ਜੈਤੋ ਅਕਾਲਸਰ ਚੈੱਕ ਜੀ. ਟੀ. ਰੋਡ ਮੋਗਾ, ਪਰਮਜੀਤ ਸਿੰਘ ਸਿੱਧੂ ਮੈਸਰਜ਼ ਯੂਨੀਵਰਸਲ ਪਾਥਵੇਅ ਆਈਲੈਟਸ ਟ੍ਰੇਨਿੰਗ ਸੈਂਟਰ ਸ਼ਹੀਦ ਭਗਤ ਸਿੰਘ ਮਾਰਕੀਟ, ਸਤਿੰਦਰਪਾਲ ਸਿੰਘ ਮੈਸਰਜ਼ ਮਾਈਲ ਸਟੋਨ ਇੰਸਟੀਚਿਊਟ ਮੈਜਿਸਟਿਕ ਚੌਕ ਮੇਨ ਬਾਜ਼ਾਰ ਮੋਗਾ, ਪਰਮਿੰਦਰ ਸਿੰਘ ਗਰੋਵਰ ਮੈਸਰਜ਼ ਸੀ. ਜ਼ੈੱਡ. ਦੇ ਰੀਅਰ ਜ਼ੋਨ ਪੁਰਾਣੀ ਕਚਹਿਰੀ ਰੋਡ ਮੋਗਾ, ਪੰਕਜ ਕਪੂਰ ਮੈਸਰਜ਼ ਕੰਟਰੀਵਾਈਡ ਐਂਡ ਟ੍ਰੈਵਲ ਨੇੜੇ ਵੀ ਮਾਰਟ ਰੋਡ ਮੋਗਾ, ਸ਼੍ਰੀਮਤੀ ਹਰਪਿੰਦਰ ਕੌਰ ਮੈਸਰਜ਼ ਯੈੱਸ ਕੰਸਲਟੈਂਸੀ ਜ਼ੀਰਾ ਰੋਡ ਮੋਗਾ, ਸ਼ੈਰਨ ਅਸ਼ੋਕ ਮੈਸਰਜ਼ ਬਿਕਰਮ ਐਂਡ ਅਮਰੀਕਾ ਲੈਗੂਵੇਟ ਪੱਟੀ ਵਾਲੀ ਗਲੀ ਮੋਗਾ, ਹਰਪ੍ਰੀਤ ਸਿੰਘ ਮੈਸਰਜ਼ ਐੱਚ. ਪੀ. ਟੈਕਨਾਲੋਜੀ ਨੇੜੇ ਭਗਤ ਸਿੰਘ ਮਾਰਕੀਟ ਮੋਗਾ ਸ਼ਾਮਲ ਹਨ।
ਸਹਾਇਕ ਕਮਿਸ਼ਨਰ ਵੱਲੋਂ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਲਿਖ ਕੇ ਭੇਜੀ ਗਈ ਸ਼ਿਕਾਇਤ 'ਚ 23 ਸ਼ਿਕਾਇਤਕਰਤਾ ਦਾ ਜ਼ਿਕਰ ਕੀਤਾ ਗਿਆ ਸੀ, ਜਿਨ੍ਹਾਂ ਦੀ ਥਾਣਾ ਸਿਟੀ ਮੋਗਾ ਵੱਲੋਂ ਜਾਂਚ ਕੀਤੀ ਗਈ। ਜਾਂਚ ਸਮੇਂ ਉਕਤ ਵਿਅਕਤੀਆਂ ਨੂੰ ਬਿਨਾਂ ਲਾਇਸੈਂਸ ਟ੍ਰੈਵਲ ਕੰਸਲਟੈਂਸੀ, ਟਿਕਟਿੰਗ ਅਤੇ ਆਈਲੈਟਸ ਕੋਚਿੰਗ ਸੈਂਟਰ ਦਾ ਕਾਰਜ ਕਰਦੇ ਪਾਇਆ ਗਿਆ। ਉਕਤ ਮਾਮਲੇ 'ਚ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਡੀ. ਐੱਸ. ਪੀ. ਸਿਟੀ ਕੇਸਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।