ਜੇਲ੍ਹਾਂ ਨੂੰ ਸਵੈ-ਨਿਰਭਰ ਬਣਾਉਣ ਦੇ ਉਪਰਾਲੇ ਸ਼ੁਰੂ, 2 ਜੇਲ੍ਹ ਪੈਟਰੋਲ ਪੰਪਾਂ ਦਾ ਉਦਘਾਟਨ ਜੁਲਾਈ ’ਚ

06/30/2022 11:57:58 AM

ਜਲੰਧਰ (ਨਰਿੰਦਰ ਮੋਹਨ)- ਲੁਭਾਉਣ ਵਾਲੀਆਂ ਸਕੀਮਾਂ ਅਤੇ ਸੂਬੇ ਸਿਰ ਵੱਧ ਰਹੇ ਕਰਜ਼ੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਮਹਿਕਮਿਆਂ ਨੂੰ ਸਵੈ-ਨਿਰਭਰ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਕੁਝ ਮਹਿਕਮਾ ਅਤੇ ਨਿਗਮ ਅਜੇ ਵੀ ਮੁਨਾਫ਼ੇ ਵਿੱਚ ਚੱਲ ਰਹੇ ਹਨ। ਸਰਕਾਰ ਨੇ ਹੁਣ ਜੇਲ੍ਹ ਮਹਿਕਮੇ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸ ਅਧੀਨ ਜੇਲ੍ਹਾਂ ਦੀ ਜ਼ਮੀਨ ’ਤੇ ਲਾਏ ਜਾਣ ਵਾਲੇ ਪੈਟਰੋਲ ਪੰਪ ਦਾ ਕੰਮ ਆਉਣ ਵਾਲੇ ਜੁਲਾਈ ਮਹੀਨੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲਾਂ ਲੁਧਿਆਣਾ ਅਤੇ ਫਿਰੋਜ਼ਪੁਰ ਦੇ ਪੈਟਰੋਲ ਪੰਪ ਚਾਲੂ ਕੀਤੇ ਜਾਣਗੇ। ਉਸ ਤੋਂ ਬਾਅਦ ਬਾਕੀ 10 ਪੰਪ ਚਲਾਏ ਜਾਣਗੇ। ਇਸ ਦੇ ਨਾਲ ਹੀ ਇੱਕ ਵਾਰ ਫਿਰ ਜੇਲ੍ਹਾਂ ਵਿੱਚ ਬੰਦ ਸਨਅਤਾਂ ਨੂੰ ਚਾਲੂ ਕਰ ਦਿੱਤਾ ਗਿਆ ਹੈ। ਉਮੀਦ ਹੈ ਕਿ ਇਨ੍ਹਾਂ ਧੰਦਿਆਂ ਤੋਂ ਜੇਲ੍ਹ ਮਹਿਕਮੇ ਨੂੰ ਹਰ ਮਹੀਨੇ 50 ਲੱਖ ਰੁਪਏ ਦੀ ਆਮਦਨ ਹੋਵੇਗੀ। ਜੇਲ੍ਹਾਂ ਦੀ ਕਮਾਈ ਹੁਣ ਪੰਜਾਬ ਸਰਕਾਰ ਕੋਲ ਨਹੀਂ, ਜੇਲ੍ਹਾਂ ਕੋਲ ਹੋਵੇਗੀ। ਸਰਕਾਰ ਤੇਲੰਗਾਨਾ ਦੇ ਜੇਲ੍ਹ ਮਾਡਲ ਨੂੰ ਆਧਾਰ ਬਣਾ ਕੇ ਜੇਲ੍ਹਾਂ ਵਿੱਚ ਵਪਾਰਕ ਸਰਗਰਮੀਆਂ ਸ਼ੁਰੂ ਕਰ ਰਹੀ ਹੈ। ਤੇਲੰਗਾਨਾ ਨੂੰ ਜੇਲ੍ਹਾਂ ਦੀਆਂ ਵਪਾਰਕ ਲਰਗਰਮੀਆਂ ਤੋਂ ਸਾਲਾਨਾ 600 ਕਰੋੜ ਰੁਪਏ ਦੀ ਆਮਦਨ ਹੁੰਦੀ ਹੈ।

ਇਹ ਵੀ ਪੜ੍ਹੋ: ਪੁੱਤ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ, ਜਨਮਦਿਨ ਦੀ ਪਾਰਟੀ ਦੌਰਾਨ ਝਗੜੇ 'ਚ ਗਈ ਸੀ ਜਾਨ

ਪੰਜਾਬ ਦੀਆਂ ਜੇਲ੍ਹਾਂ ਦੀ ਜ਼ਮੀਨ ’ਤੇ 12 ਪੈਟਰੋਲ ਪੰਪ ਖੋਲ੍ਹਣ ਦਾ ਸਮਝੌਤਾ ਇੰਡੀਅਨ ਆਇਲ ਨਾਲ ਪਿਛਲੇ ਸਾਲ ਹੀ ਹੋਇਆ ਸੀ। 12 ਜੇਲ੍ਹਾਂ ਦੀ ਜ਼ਮੀਨ ’ਤੇ ਇਹ ਪੈਟਰੋਲ ਪੰਪ ਗੁਰਦਾਸਪੁਰ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਲੁਧਿਆਣਾ, ਅੰਮ੍ਰਿਤਸਰ, ਸੰਗਰੂਰ ਅਤੇ ਛੇ ਹੋਰ ਜੇਲ੍ਹਾਂ ਵਿੱਚ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਪੈਟਰੋਲ ਪੰਪਾਂ ’ਤੇ ਚੰਗੇ ਵਿਵਹਾਰ ਵਾਲੇ ਅਤੇ ਰਿਹਾਅ ਹੋ ਚੁਕੇ ਕੈਦੀਆਂ ਨੂੰ ਕੰਮ ਮਿਲੇਗ। ਮਹਿਲਾ ਕੈਦੀਆਂ ਨੂੰ ਪਹਿਲ ਦਿੱਤੀ ਜਾਵੇਗੀ। ਸਾਰੇ 12 ਪੰਪਾਂ ਦੇ ਖੁੱਲ੍ਹਣ ਤੋਂ ਬਾਅਦ ਜੇਲ੍ਹ ਮਹਿਕਮੇ ਨੂੰ ਇਨ੍ਹਾਂ ਪੈਟਰੋਲ ਪੰਪਾਂ ਤੋਂ 40 ਲੱਖ ਰੁਪਏ ਦੀ ਆਮਦਨ ਹੋਵੇਗੀ। ਇੰਡੀਅਨ ਆਇਲ ਜੇਲ੍ਹਾਂ ਦੀਆਂ ਜ਼ਮੀਨਾਂ ’ਤੇ ਲਾਏ ਗਏ ਪੰਪਾਂ ਦਾ ਕਿਰਾਇਆ ਵੀ ਅਦਾ ਕਰੇਗਾ ਅਤੇ ਵੇਚੇ ਗਏ ਤੇਲ ਤੋਂ ਕਮਿਸ਼ਨ ਵੀ ਮਿਲੇਗਾ। ਆਮਦਨ ਦੀ ਇਹ ਰਕਮ ਜੇਲ੍ਹਾਂ ਦੀ ਭਲਾਈ ਲਈ ਤੇਲੰਗਾਨਾ ਮਾਡਲ ਦੇ ਆਧਾਰ ’ਤੇ ਸਥਾਪਿਤ ਪੰਜਾਬ ਜੇਲ੍ਹ ਵਿਕਾਸ ਬੋਰਡ ਦੇ ਖਾਤੇ ਵਿੱਚ ਜਾਵੇਗੀ। ਹੁਣ ਤੱਕ ਜੇਲ੍ਹਾਂ ਵਿੱਚ ਵਪਾਰਕ ਗਤੀਵਿਧੀਆਂ ਤੋਂ ਹੋਣ ਵਾਲੀ ਆਮਦਨ ਸਰਕਾਰੀ ਖ਼ਜ਼ਾਨੇ ਵਿੱਚ ਜਾਂਦੀ ਸੀ। ਇਸ ਦੇ ਨਾਲ ਹੀ ਕੁਝ ਜੇਲ੍ਹਾਂ ਵਿੱਚ ਬੰਦ ਪਈਆਂ ਫੈਕਟਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਲੁਧਿਆਣਾ ਜੇਲ੍ਹ ਵਿੱਚ ਬੰਦ ਸਨਅਤਾਂ ਵੀ ਚਲਾਈਆਂ ਗਈਆਂ ਹਨ। ਇਹ ਉਦਯੋਗ ਕਰੋਨਾ ਕਾਰਨ ਬੰਦ ਹੋ ਗਏ ਸਨ।

ਇਹ ਵੀ ਪੜ੍ਹੋ: ਬਲਾਚੌਰ ਵਿਖੇ ਬਿਸਤ ਦੋਆਬ ਨਹਿਰ ’ਚ ਰੁੜੀਆਂ 5 ਮਾਸੂਮ ਬੱਚੀਆਂ

ਜੇਲ੍ਹ ਮਹਿਕਮੇ ਨੂੰ ਬੇਕਰੀ ਉਦਯੋਗ ਤੋਂ ਚੰਗੀ ਆਮਦਨ ਦੀ ਉਮੀਦ ਹੈ। ਲੁਧਿਆਣਾ ਅਤੇ ਗੁਰਦਾਸਪੁਰ ਦੀਆਂ ਜੇਲ੍ਹਾਂ ਵਿੱਚ ਬੇਕਰੀ ਉਦਯੋਗ ਚੱਲ ਰਹੇ ਹਨ। ਹੁਣ ਤੱਕ ਜੇਲ੍ਹ ਵਿਭਾਗ ਜੇਲ੍ਹਾਂ ਦੇ ਬਾਹਰ ਬੇਕਰੀ ਦਾ ਉਤਪਾਦਨ ਕਰਦਾ ਸੀ ਅਤੇ ਜੇਲ੍ਹਾਂ ਅੰਦਰ ਬੇਕਰੀ ਉਤਪਾਦਾਂ ਦੀ ਖਪਤ ਰੱਖਦਾ ਸੀ। ਵਿਭਾਗ ਹੁਣ ਆਪਣੇ ਉਤਪਾਦ ਨੂੰ ਬਾਜ਼ਾਰ ਵਿੱਚ ਵੀ ਲਾਂਚ ਕਰਨ ਜਾ ਰਿਹਾ ਹੈ। ਏਜੰਸੀਆਂ ਦੇ ਕੇ ਜੇਲ੍ਹਾਂ ਵਿੱਚ ਤਿਆਰ ਬੇਕਰੀ ਦਾ ਵਿਸ਼ੇਸ਼ ਬਰਾਂਡ ਖੁੱਲ੍ਹੇ ਬਾਜ਼ਾਰ ਵਿੱਚ ਵੇਚਿਆ ਜਾਵੇਗਾ। ਜੇਲ੍ਹ ਵਿਭਾਗ ਦੇ ਉੱਚ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਆਉਂਦੇ ਮਹੀਨੇ ਜੇਲ੍ਹ ਦੀ ਜ਼ਮੀਨ ’ਤੇ ਬਣੇ ਦੋ ਪੈਟਰੋਲ ਪੰਪਾਂ ਦਾ ਉਦਘਾਟਨ ਕੀਤਾ ਜਾਵੇਗਾ। ਜਲਦ ਹੀ ਜੇਲ੍ਹਾਂ ਦੀਆਂ ਕੰਟੀਨਾਂ ਖੋਲ੍ਹਣ ਦੀ ਤਜਵੀਜ਼ ਹੈ ਜਿੱਥੇ ਖਾਣਾ ਆਦਿ ਵੇਚਿਆ ਜਾਵੇਗਾ।

ਇਹ ਵੀ ਪੜ੍ਹੋ: ਤਲਾਕਸ਼ੁਦਾ ਔਰਤ ਨੂੰ ਪਹਿਲਾਂ ਪ੍ਰੇਮ ਜਾਲ 'ਚ ਫਸਾਇਆ,ਜਬਰ-ਜ਼ਿਨਾਹ ਕਰਕੇ ਗਰਭਵਤੀ ਹੋਣ ਮਗਰੋਂ ਕੀਤਾ ਇਹ ਕਾਰਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News