ਅਕਾਲ ਮਾਰਕੀਟ ''ਚ ਲੰਗਰ ਹਾਲ ਦੇ ਸਟੋਰ ''ਤੇ ਕਬਜ਼ੇ ਦਾ ਯਤਨ, 3 ਖਿਲਾਫ ਕੇਸ ਦਰਜ
Tuesday, Aug 08, 2017 - 12:15 PM (IST)
ਲੁਧਿਆਣਾ(ਰਿਸ਼ੀ) - ਅਕਾਲ ਮਾਰਕੀਟ 'ਚ ਗੁਰਦੁਆਰਾ ਸਾਹਿਬ ਦੇ ਨਾਲ ਬਣੇ ਲੰਗਰ ਹਾਲ ਦੇ ਸਟੋਰ 'ਤੇ ਕਬਜ਼ਾ ਕਰਨ ਦਾ ਯਤਨ ਅਤੇ ਚੋਰੀ ਦੇ ਦੋਸ਼ ਵਿਚ ਥਾਣਾ ਕੋਤਵਾਲੀ ਦੀ ਪੁਲਸ ਨੇ 3 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੇ ਇਹ ਕੇਸ ਮਾਰਕੀਟ ਕਮੇਟੀ ਦੇ ਸਕੱਤਰ ਹਰਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਹੈ। ਏ. ਸੀ. ਪੀ. ਨਾਰਥ ਸਚਿਨ ਗੁਪਤਾ ਅਨੁਸਾਰ ਮਾਮਲੇ 'ਚ ਨਾਮਜ਼ਦ ਲੋਕਾਂ ਦੀ ਪਛਾਣ ਗੁਰਵਿੰਦਰ ਸਿੰਘ, ਰਾਜ ਕੰਮ ਅਤੇ ਜੱਗੀ ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਕੱਤਰ ਨੇ ਦੱਸਿਆ ਕਿ ਸੋਮਵਾਰ ਸਵੇਰੇ ਲਗਭਗ 8 ਵਜੇ ਉਕਤ ਦੋਸ਼ੀ ਮਾਰਕੀਟ 'ਚ ਆਏ ਅਤੇ ਲੰਗਰ ਹਾਲ ਦੇ ਸਟੋਰ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਲੱਗੇ ਤਾਲੇ ਤੋੜ ਦਿੱਤੇ ਅਤੇ ਅੰਦਰ ਪਏ ਬਰਤਨ ਅਤੇ ਲੰਗਰ ਸਮੱਗਰੀ ਚੋਰੀ ਕਰ ਲਈ ਅਤੇ ਖੁਦ ਦਾ ਤਾਲਾ ਲਾ ਦਿੱਤਾ। ਪਤਾ ਲੱਗਣ 'ਤੇ ਹੀ ਮਾਰਕੀਟ ਕਮੇਟੀ ਦੇ ਮੈਂਬਰ ਉਥੇ ਪਹੁੰਚੇ ਅਤੇ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ।
ਪੁਲਸ ਛਾਉਣੀ 'ਚ ਤਬਦੀਲ ਮਾਰਕੀਟ
ਕਬਜ਼ੇ ਦੀ ਗੱਲ ਮਾਰਕੀਟ 'ਚ ਅੱਗ ਦੀ ਤਰ੍ਹਾਂ ਫੈਲੀ ਅਤੇ ਪਤਾ ਲੱਗਦੇ ਹੀ ਆਸ-ਪਾਸ ਦਾ ਇਲਾਕਾ ਪੁਲਸ ਛਾਉਣੀ 'ਚ ਤਬਦੀਲ ਹੋ ਗਿਆ, ਕਿਉਂਕਿ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਾ ਹੋਵੇ। ਪੁਲਸ ਅਨੁਸਾਰ ਮਾਮਲੇ 'ਚ ਨਾਮਜ਼ਦ ਤਿੰਨੇ ਦੋਸ਼ੀ ਫਰਾਰ ਹਨ। ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਕਰੋੜਾਂ ਦੀ ਹੈ ਜਗ੍ਹਾ
ਥਾਣਾ ਕੋਤਵਾਲੀ ਦੇ ਵਾਧੂ ਇੰਚਾਰਜ ਅਮ੍ਰਿਤ ਕੌਰ ਅਨੁਸਾਰ ਜਿਸ ਜਗ੍ਹਾ 'ਤੇ ਕਬਜ਼ਾ ਕਰਨ ਦਾ ਯਤਨ ਕੀਤਾ ਗਿਆ ਹੈ, ਉਹ ਕਰੋੜਾਂ ਦੀ ਹੈ।
ਨਾਮਜ਼ਦ ਲੋਕਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਜਗ੍ਹਾ ਖਰੀਦੀ ਹੈ ਪਰ ਉਹ ਕਿਸੇ ਵੀ ਪ੍ਰਕਾਰ ਦਾ ਦਸਤਾਵੇਜ਼ ਨਹੀਂ ਦਿਖਾ ਸਕੇ। ਉਥੇ ਆਖਿਰ ਕਿਸ ਨੇ ਜਗ੍ਹਾ ਵੇਚੀ ਹੈ ਅਤੇ ਉਸ ਦੀ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਬਰਦਾਸ਼ਤ ਨਹੀਂ ਹੋਵੇਗੀ ਗੁੰਡਾਗਰਦੀ : ਬੰਟੀ
ਅਕਾਲ ਮਾਰਕੀਟ ਦੇ ਰੈਡੀਮੇਡ ਗਾਰਮੈਂਟਸ ਦੇ ਪ੍ਰਧਾਨ ਮਨਪ੍ਰੀਤ ਸਿੰਘ ਬੰਟੀ ਨੇ ਇਸ ਮਾਮਲੇ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਮਾਰਕੀਟ 'ਚ ਕਿਸੇ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਨੇ ਪੁਲਸ ਕਮਿਸ਼ਨਰ ਤੋਂ ਮੰਗ ਕਰਦੇ ਕਿਹਾ ਕਿ ਉੱਚ ਅਧਿਕਾਰੀਆਂ ਤੋਂ ਜਾਂਚ ਕਰਵਾਈ ਜਾਵੇ ਤਾਂ ਕਿ ਸਾਰੇ ਦੁਕਾਨਦਾਰਾਂ ਦੇ ਸਾਹਮਣੇ ਸੱਚ ਆ ਸਕੇ ਕਿ ਟਰੱਸਟ ਦੀ ਪ੍ਰਾਪਰਟੀ 'ਤੇ ਕਬਜ਼ਾ ਇਸ਼ਾਰਿਆਂ 'ਤੇ ਕਬਜ਼ਾ ਕੀਤਾ ਗਿਆ ਅਤੇ ਮਾਹੌਲ ਖਰਾਬ ਕਰਨ ਦਾ ਯਤਨ ਕੀਤਾ ਗਿਆ।