ਪੰਜਾਬ ''ਚ ਸਿੱਖਿਆ ਕ੍ਰਾਂਤੀ: ਅਧਿਆਪਕਾਂ ਨੇ Singapore ਤੋਂ ਸਿਖਲਾਈ ਲੈ ਕੇ ਅਪਨਾਏ ਪੜ੍ਹਾਉਣ ਦੇ ਨਵੇਂ ਤਰੀਕੇ
Monday, Dec 02, 2024 - 04:12 PM (IST)
ਜਲੰਧਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਸਿੱਖਿਆ ਖੇਤਰ ਸ਼ੁਰੂ ਤੋਂ ਹੀ ਪਹਿਲੀ ਤਰਜੀਹ ਰਿਹਾ ਹੈ। ਸਰਕਾਰ ਵੱਲੋਂ ਇਸ ਖੇਤਰ ਵਿਚ ਸੁਧਾਰ ਲਈ ਲਗਾਤਾਰ ਨਵੇਂ-ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਸਰਕਾਰ ਵੱਲੋਂ ਅਧਿਆਪਕਾਂ ਨੂੰ ਵਿਦੇਸ਼ ਭੇਜ ਕੇ ਕੌਮਾਂਤਰੀ ਪੱਧਰ ਦੀ ਸਿਖਲਾਈ ਦੁਆਈ ਜਾ ਰਹੀ ਹੈ। ਪੰਜਾਬ ਸਰਕਾਰ ਦੀ ਇਸ ਨਿਵੇਕਲੀ ਪਹਿਲਕਦਮੀ ਤਹਿਤ ਹੁਣ ਤਕ 426 ਤੋਂ ਵੀ ਵੱਧ ਅਧਿਆਪਕ ਵਿਦੇਸ਼ ਤੇ ਹੋਰ ਸੂਬਿਆਂ ਤੋਂ ਟ੍ਰੇਨਿੰਗ ਲੈ ਚੁੱਕੇ ਹਨ ਤੇ ਵਾਪਸ ਆ ਕੇ ਵਿਦਿਆਰਥੀਆਂ ਨੂੰ ਪੜ੍ਹਾਉਣ ਤੇ ਸਮਝਾਉਣ ਦੇ ਨਵੇਂ ਤੌਰ ਤਰੀਕੇ ਅਪਨਾ ਰਹੇ ਹਨ।
ਸਿੰਗਾਪੁਰ ਤੋਂ ਵਰਲਡ ਕਲਾਸ ਟ੍ਰੇਨਿੰਗ ਲੈ ਕੇ ਪਰਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਗਿੱਦੜਾਂਵਾਲੀ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਚੰਗੀ ਸਿੱਖਿਆ ਦੇਣ ਲਈ ਸਿੰਗਾਪੁਰ ਭੇਜਿਆ ਗਿਆ। ਜਦੋਂ ਉਹ ਇੱਥੇ ਆਏ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਵਿਚ ਲਿਆਂਦੀ ਗਈ ਸਿੱਖਿਆ ਕ੍ਰਾਂਤੀ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਵਿਦਿਆਰਥੀਆਂ ਦੀ ਸਿੱਖਿਆ ਬਾਰੇ ਉਨ੍ਹਾਂ ਦੀ ਯੋਜਨਾਬੰਦੀ ਭਵਿੱਖ ਦੀਆਂ ਲੋੜਾਂ ਮੁਤਾਬਕ ਹੈ।
ਜਸਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਸਿੰਗਾਪੁਰ ਜਾ ਕੇ ਉੱਥੇ ਦੇ ਤੌਰ-ਤਰੀਕੇ ਵੇਖੇ, ਜੋ ਅਸੀਂ ਪੰਜਾਬ ਵਿਚ ਲਿਆ ਸਕਦੇ ਸੀ। ਅਸੀਂ ਪੰਜਾਬ ਵਿਚ ਆ ਕੇ ਉਨ੍ਹਾਂ ਤੌਰ-ਤਰੀਕਿਆਂ ਨੂੰ ਆਪਣੇ ਅਤੇ ਆਪਣੇ ਨਾਲ ਵਾਲੇ ਸਕੂਲਾਂ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਚੰਗੇ ਨਤੀਜੇ ਮਿਲ ਰਹੇ ਹਨ। ਹੁਣ ਬੱਚਿਆਂ ਨੂੰ 'ਜਿਕਸਰ ਤਕਨੀਕ' ਰਾਹੀਂ ਪੜ੍ਹਾਈ ਕਰਵਾਈ ਜਾਂਦੀ ਹੈ, ਜਿਸ ਵਿਚ ਬੱਚੇ ਗਰੁੱਪ ਵਿਚ 'ਲਰਨਿੰਗ ਬਾਏ ਡੂਇੰਗ' ਨਾਲ ਸਿਖਦੇ ਹਨ। ਸਿੰਗਾਪੁਰ ਦੇ ਸਿਸਟਮ ਵਿਚ TLLM ਯਾਨੀ 'ਟੀਚ ਲੈੱਸ ਲਰਨ ਮੋਰ' 'ਤੇ ਜ਼ੋਰ ਦਿੱਤਾ ਜਾਂਦਾ ਸੀ। ਅਸੀਂ ਵੀ ਇਸ ਤਕਨੀਕ ਨੂੰ ਅਪਨਾਇਆ ਤੇ ਇਸ ਦੇ ਬੜੇ ਚੰਗੇ ਨਤੀਜੇ ਵੇਖਣ ਨੂੰ ਮਿਲ ਰਹੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਅਸੀਂ ਸਿੰਗਾਪੁਰ ਵਿਚ ਵੇਖਿਆ ਸੀ ਕਿ ਉੱਥੇ ਵੇਸਟ ਨਾਂ ਦੀ ਕੋਈ ਚੀਜ਼ ਨਹੀਂ ਸੀ। ਇਸ ਤੋਂ ਹੀ ਪ੍ਰੇਰਿਤ ਹੋ ਕੇ ਅਸੀਂ ਲਾਈਫ਼ ਸਕਿੱਲ ਦੇ ਲਈ ਸਕੂਲ ਵਿਚ ਆਰਟ ਐਂਡ ਕ੍ਰਾਫ਼ਟ ਰੂਮ ਤਿਆਰ ਕੀਤਾ ਜਿੱਥੇ ਬੱਚਿਆਂ ਨੂੰ ਵੇਸਟ ਚੀਜ਼ਾਂ ਤੋਂ ਸੋਹਣੀਆਂ-ਸੋਹਣੀਆਂ ਚੀਜ਼ਾਂ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਨਾਲ ਬੱਚੇ ਮੋਬਾਈਲ ਛੱਡ ਕੇ ਆਪਣੇ ਸਮੇਂ ਤੇ ਦਿਮਾਗ ਦੀ ਸਹੀ ਦਿਸ਼ਾ ਵਿਚ ਵਰਤੋਂ ਕਰ ਰਹੇ ਹਨ। ਉਨ੍ਹਾਂ ਨੇ ਅਜਿਹੇ ਉਪਰਾਲਿਆਂ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।