6 ਮਹੀਨਿਆਂ ਦੀ ਤਨਖਾਹ ਤੋਂ ਵਾਂਝੇ ਅਧਿਆਪਕ ਟੈਂਕੀ 'ਤੇ ਚੜ੍ਹੇ, ਪੁਲਸ ਪ੍ਰਸ਼ਾਸਨ ਮੌਕੇ 'ਤੇ ਮੌਜੂਦ (ਵੀਡੀਓ)
Sunday, Jun 11, 2017 - 03:57 PM (IST)
ਦੀਨਾਨਗਰ (ਦੀਪਕ, ਵਿਨੋਦ) — ਸਿੱਖਿਆ ਪ੍ਰੋਵਾਈਡਰ ਯੂਨੀਅਨ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਅਤੇ ਪਿਛਲੇ ਛੇ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਐਤਵਾਰ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਹਲਕੇ ਦੀਨਾਨਗਰ ਅੰਦਰ ਬੱਸ ਸਟੈਂਡ ਤੇ ਬਣੀ ਟੈਂਕੀ ਉਪਰ ਚੜ੍ਹ ਕੇ ਅਧਿਆਪਕਾਂ ਵਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ।ਇਸ ਦੌਰਾਨ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਪੁਲਸ ਵੱਲੋਂ ਅਧਿਆਪਕਾਂ ਨੂੰ ਟੈਂਕੀ ਤੋਂ ਥੱਲੇ ਲਾਉਣ ਦੀ ਕੋਸ਼ਿਸ ਕੀਤੀ ਗਈ ਪਰ ਅਧਿਆਪਕਾਂ ਵਲੋਂ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਜੇ ਉਹਨਾਂ ਨਾਲ ਧੱਕਾ ਕੀਤਾ ਉਹ ਟੈਂਕੀ ਤੋਂ ਹੇਠਾਂ ਛਲਾਂਗ ਲਗਾ ਦੇਣਗੇ । ਇਸ ਮੌਕੇ ਏ. ਐੱਸ. ਪੀ. ਵਰੁਣ ਸ਼ਰਮਾ ਵਲੋਂ ਵੀ ਅਧਿਆਪਕਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਉਨ੍ਹਾਂ ਦੀਆਂ ਮੰਗਾਂ ਸਿੱਖਿਆ ਮੰਤਰੀ ਤਕ ਪਹੁੰਚਾਉਣਗੇ ਪਰ ਉਨ੍ਹਾਂ ਕਿਹਾ ਜਦ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਥੱਲੇ ਨਹੀਂ ਉਤਰਨਗੇ । ਪੁਲਸ ਵਲੋਂ ਅਧਿਆਪਕਾਂ ਦੇ ਰੋਹ ਨੂੰ ਦੇਖਦੇ ਹੋਏ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਭਾਰੀ ਪੁਲਸ ਅਤੇ ਸ਼ਹਿਰ ਦੀਆ ਬਾਕੀ ਟੈਂਕੀਆਂ ਦੇ ਨਜ਼ਦੀਕ ਪੁਲਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।

ਇਸ ਸਬੰਧ ਵਿਚ ਜਾਣਕਰੀ ਦਿੰਦੇ ਹੋਏ ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਮਨਦੀਪ ਸਿੰਘ ਨੇ ਦਸਿਆ ਉਨ੍ਹਾਂ ਦੀਆਂ ਮੁਖ ਮੰਗਾ ਅਧਿਆਪਕਾਂ ਨੂੰ ਪੱਕੇ ਕਰਨਾ ਅਤੇ 6 ਮਹੀਨੇ ਤੋਂ ਰੁਕੀ ਤਨਖਾਹ ਲਾਗੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਫੰਡ ਵੀ ਪੰਜਾਬ ਸਰਕਾਰ ਵਲੋਂ ਪੂਰੇ ਨਹੀਂ ਦਿੱਤੇ ਜਾਂਦੇ। ਉਨ੍ਹਾਂ ਵਲੋਂ ਤਿੰਨ ਮਹੀਨੇ ਤੋਂ ਸਿੱਖਿਆ ਮੰਤਰੀ ਨਾਲ ਕਈ ਬਾਰ ਮੀਟਿੰਗ ਸਬੰਧੀ ਟਾਈਮ ਮੰਗਿਆ ਗਿਆ ਪਰ ਉਨ੍ਹਾਂ ਵਲੋਂ ਸਾਨੂੰ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ । ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਜਦ ਤਕ ਉਨ੍ਹਾਂ ਨੂੰ ਲਿਖਤੀ ਰੂਪ 'ਚ ਮੀਟਿੰਗ ਲਈ ਸਮਾਂ ਅਤੇ ਉਨ੍ਹਾਂ ਦੀਆਂ ਮੰਗਾਂ ਨਹੀਂ ਮਨੀਆਂ ਜਾਂਦੀਆਂ। ਉਨ੍ਹਾਂ ਵਲੋਂ ਅਧਿਆਪਕ ਟੈਂਕੀ ਉਪਰ ਚੜੇ ਰਹਿਣਗੇ । ਉਨ੍ਹਾਂ ਦੱਸਿਆ ਇਸ ਐਕਸ਼ਨ ਤੋਂ ਬਾਅਦ ਪਟਿਆਲਾ ਵਿਚ ਰੈਲੀ ਕੀਤੀ ਜਾਵੇਗੀ ।
ਜਿਕਰਯੋਗ ਹੈ ਕਿ ਪੰਜਾਬ ਵਿਚ ਭਾਵੇ ਸੱਤਾ ਪਰਿਵਰਤਨ ਹੋ ਚੁੱਕਾ ਹੈ ਪਰ ਅਜੇ ਵੀ ਪੰਜਾਬ ਦੀਆ ਸਮੱਸਿਆਵਾ ਪਹਿਲਾਂ ਵਾਂਗ ਹੀ ਬਰਕਰਾਰ ਹਨ ।
