ਕੇਂਦਰ ਦੇ ਕਾਨੂੰਨਾਂ ਖ਼ਿਲਾਫ਼ ਭੁੱਖ ਹਡ਼ਤਾਲ ’ਤੇ ਬੈਠੇ ਸਿੱਖਿਆ ਮੰਤਰੀ

Wednesday, Dec 23, 2020 - 06:00 PM (IST)

ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅਤੇ ਕਿਸਾਨਾਂ ਦੇ ਹੱਕ ’ਚ ਸੰਗਰੂਰ ਵਿਖੇ ਇੱਕ ਰੋਜਾ ਭੁੱਖ ਹੜਤਾਲ ਕੀਤੀ।ਇਸ ਭੁੱਖ ਹੜਤਾਲ ਵਿਚ ਇਲਾਕੇ ਦੇ 200 ਤੋਂ ਵੱਧ ਆੜ੍ਹਤੀਆਂ ਨੇ ਵੀ ਸਿੱਖਿਆ ਮੰਤਰੀ ਦਾ ਸਾਥ ਦਿੱਤਾ ਅਤੇ ਕਿਸਾਨਾਂ ਵੱਲੋਂ ਦੇਸ਼ ਭਰ ਵਿਚ ਦਿੱਤੇ ਜਾ ਰਹੇ ਧਰਨਿਆਂ ਦੀ ਹਿਮਾਇਤ ਕੀਤੀ।ਭੁੱਖ ਹੜਤਾਲ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਕਿਸਾਨਾਂ ਵਲੋਂ ਸ਼ੁਰੂ ਕੀਤਾ ਗਿਆ ਇਹ ਸੰਘਰਸ਼ ਹੁਣ ਸੱਚੀ ਲੋਕ ਲਹਿਰ ਬਣ ਗਿਆ ਹੈ ਅਤੇ ਹਰ ਪੰਜਾਬੀ ਹੁਣ ਜਾਤ ਧਰਮ ਅਤੇ ਕਿੱਤੇ ਨੂੰ ਪਿੱਛੇ ਛੱਡ ਕੇ ਇਸ ਮੁਹਿੰਮ ਵਿਚ ਆਪਣਾ ਹਿੱਸਾ ਪਾ ਰਿਹਾ ਹੈ।ਪੰਜਾਬ ਵਿਚ ਆੜਤੀਏ ਅਤੇ ਕਿਸਾਨ ਦਾ ਨੌਹ-ਮਾਸ ਦਾ ਰਿਸ਼ਤਾ ਹੈ ਜੋ ਪਿਛਲੇ ਸੌ ਸਾਲਾਂ ਤੋਂ ਚਲਦਾ ਆ ਰਿਹਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਭੁੱਖ ਹੜਤਾਲ ਰਾਹੀ ਅਸੀ ਕਿਸਾਨ ਯੂਨੀਅਨਾਂ ਵਲੋਂ ਕੀਤੀਆਂ ਜਾ ਰਹੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ।

ਇਹ ਵੀ ਪੜ੍ਹੋ: ਜਲੰਧਰ ’ਚ ਫੌਜ ਦੀ ਭਰਤੀ ਰੈਲੀ ਦਾ ਆਯੋਜਨ ਚਾਰ ਜਨਵਰੀ ਤੋਂ

ਸਿੱਖਿਆ ਮੰਤਰੀ ਸ੍ਰੀ ਸਿੰਗਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਛੇਤੀ ਹੀ ਸੰਸਦ ਦਾ ਸਰਦ ਰੁੱਤ ਦਾ ਇਜਲਾਸ ਬੁਲਾ ਕੇ ਇਹ ਕਾਲੇ ਕਾਨੂੰਨ ਵਾਪਸ ਲਵੇ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇਹ ਕਾਲੇ ਕਾਨੂੰਨ ਭਾਰਤੀ ਜਮਹੂਰੀਅਤ ਦੇ ਸੰਘੀ ਢਾਂਚੇ ਤੇ ਹਮਲਾ ਹਨ।ਸਿੱਖਿਆ ਮੰਤਰੀ ਨੇ ਸਾਫ਼ ਕਿਹਾ ਕਿ ਕੇਂਦਰ ਸਰਕਾਰ ਆਪਣੇ ਚਹੇਤਿਆਂ ਨੂੰ ਲਾਭ ਦੇਣ ਪਿੱਛੇ ਉਨ੍ਹਾਂ ਵਿਸ਼ਿਆਂ ਤੇ ਕਾਨੂੰਨ ਬਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਉਸ ਦੇ ਅਖਤਿਆਰ ਵਿਚ ਹੀ ਨਹੀ ਹਨ।ਉਨ੍ਹਾਂ ਕਿਹਾ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਤਿੰਨੇ ਕਾਨੂੰਨਾਂ ਨੂੰ ਨਕਾਰ ਦਿੱਤਾ ਹੈ ਪਰ ਕੇਂਦਰ ਨੂੰ ਵੀ ਇਹ ਕਾਨੂੰਨ ਵਾਪਸ ਲੈ ਕੇ ਆਪਣੇ ਪਾਪ ਧੋ ਲੈਣੇ ਚਾਹੀਦੇ ਹਨ। 

ਇਹ ਵੀ ਪੜ੍ਹੋ:  ਦੁਖ਼ਦ ਖ਼ਬਰ: ਕੈਨੇਡਾ ਪੜ੍ਹਨ ਗਏ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, ਸਿਹਰਾ ਸਜਾ ਦਿੱਤੀ ਅੰਤਿਮ ਵਿਦਾਈ

ਸਿੱਖਿਆ ਮੰਤਰੀ ਨੇ ਆਮਦਨ ਕਰ ਵਿਭਾਗ ਵੱਲੋਂ ਪੰਜਾਬ ਭਰ ਵਿਚ ਆੜਤੀਆਂ ’ਤੇ ਕੀਤੇ ਜਾ ਰਹੇ ਛਾਪਿਆਂ ਦੀ ਵੀ ਪੁਰਜ਼ੋਰ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਨ੍ਹਾਂ ਛਾਪਿਆਂ ਰਾਹੀ ਸੂਬੇ ਦੇ ਆੜ੍ਹਤੀਆਂ ਨੂੰ ਡਰਾਉਣਾ ਚਾਹੁੰਦੀ ਹੈ ਜੋ ਇਸ ਸੰਘਰਸ਼ ਵਿਚ ਆਪਣੇ ਕਿਸਾਨ ਭਰਾਵਾਂ ਦਾ ਸਾਥ ਦੇ ਰਹੇ ਹਨ । ਉਨ੍ਹਾਂ ਕਿਹਾ ਕਿ ਭਾਜਪਾ ਆਪਣੀ ਵੰਡਵਾਦੀ ਵਿਚਾਰਧਾਰਾ ਰਾਹੀ ਇਸ ਸੰਘਰਸ਼ ਨੂੰ ਜਾਤੀ, ਧਰਮ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕਰਦੀ ਰਹੀ ਜਿਸ ਵਿਚ ਉਹ ਬੁਰੀ ਤਰਾਂ ਫੇਲ ਹੋ ਚੁੱਕੀ ਹੈ। ਸ੍ਰੀ ਸਿੰਗਲਾ ਨੇ ਕਿਹਾ ਕਿ ਭਾਜਪਾ ਦੀਆਂ ਕੋਝੀਆਂ ਚਾਲਾਂ ਹੋਰਨਾਂ ਸੂਬਿਆਂ ਵਿੱਚ ਤਾਂ ਕਾਮਯਾਬ ਹੋ ਸਕਦੀਆਂ ਹਨ ਪਰ ਪੰਜਾਬੀ ਹਿੰਦੂ ਉਨ੍ਹਾਂ ਦੇ ਬਹਿਕਾਵੇ ਵਿਚ ਨਹੀ ਆਉਣਗੇ ਅਤੇ ਸੂਬੇ ਦੇ ਹਰ ਫਿਰਕੇ ਦੇ ਲੋਕ ਡੱਟ ਕੇ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।

ਇਹ ਵੀ ਪੜ੍ਹੋ: ਦਵਿੰਦਰ ਗਰਗ ਖ਼ੁਦਕੁਸ਼ੀ ਦੇ ਮਾਮਲੇ ਦੀ ਹੁਣ ਲੁਧਿਆਣਾ ਰੇਂਜ ਦੇ ਆਈ.ਜੀ.ਨੌਨੀਹਾਲ ਕਰਨਗੇ ਜਾਂਚ

ਉਨ੍ਹਾਂ ਕਿਹਾ ਕਿ ਆਮਦਨ ਕਰ ਵਿਭਾਗ ਵੱਲੋਂ ਆੜਤੀਆਂ ’ਤੇ ਪਾਏ ਜਾ ਰਹੇ ਇਹ ਛਾਪੇ ਭਾਜਪਾ ਅਤੇ ਕੇਂਦਰ ਸਰਕਾਰ ਦੀ ਬੌਖਲਾਹਟ ਦਾ ਨਤੀਜਾ ਸਨ।ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਵੀ ਫ਼ਖ਼ਰ ਹੈ ਕਿ ਇਸ ਸੰਘਰਸ਼ ਵਿਚ ਪੰਜਾਬੀ ਕਿਸਾਨ ਦੇਸ਼ ਭਰ ਦੇ ਕਿਸਾਨਾਂ ਦੀ ਅਗਵਾਈ ਕਰ ਰਹੇ ਹਨ।ਇਸ ਮੌਕੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਰਜਿੰਦਰ ਰਾਜਾ, ਮਾਰਕੀਟ ਕਮੇਟੀ ਸੰਗਰੁਰ ਦੇ ਚੇਅਰਮੈਨ ਅਨਿਲ ਘੀਚਾ, ਚੇਅਰਮੈਨ ਨਗਰ ਸੁਧਾਰ ਟਰੱਸਟ ਨਰੇਸ਼ ਗਾਬਾ ਅਤੇ ਹੋਰ ਕਾਂਗਰਸੀ ਆਗੂ ਅਤੇ ਆੜਤੀਆਂ ਐਸੋਈਸੇਸ਼ਨ ਦੇ ਨੁਮਾਇੰਦੇ ਅਤੇ ਪਤਵੰਤੇ ਹਾਜ਼ਰ ਸਨ।


Shyna

Content Editor

Related News