50 ਹਜ਼ਾਰ ਬੇਰੋਜ਼ਗਾਰਾਂ ਨੂੰ ਨੌਕਰੀ ਦਿਵਾਉਣ ਦਾ ਰੱਖਿਐ ਟੀਚਾ : ਚੰਨੀ

Tuesday, Mar 06, 2018 - 07:22 AM (IST)

50 ਹਜ਼ਾਰ ਬੇਰੋਜ਼ਗਾਰਾਂ ਨੂੰ ਨੌਕਰੀ ਦਿਵਾਉਣ ਦਾ ਰੱਖਿਐ ਟੀਚਾ : ਚੰਨੀ

ਫਿਰੋਜ਼ਪੁਰ(ਕੁਮਾਰ, ਮਨਦੀਪ, ਮਲਹੋਤਰਾ,  ਜੈਨ, ਪਰਮਜੀਤ,  ਸ਼ੈਰੀ)—ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਚ ਅੱਜ ਦੂਸਰਾ ਸੂਬਾ ਪੱਧਰੀ ਰੋਜ਼ਗਾਰ ਮੇਲਾ ਲਗਾਇਆ ਗਿਆ, ਜਿਸ ਵਿਚ ਤਕਨੀਕੀ ਸਿੱਖਿਆ ਮੰਤਰੀ , ਪੰਜਾਬ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ। ਇਸ ਮੌਕੇ ਫਿਰੋਜ਼ਪੁਰ ਦਿਹਾਤੀ ਹਲਕੇ  ਦੀ ਵਿਧਾਇਕਾ ਸਤਿਕਾਰ ਕੌਰ, ਲਾਡੀ ਗਹਿਰੀ, ਡਿਪਟੀ ਕਮਿਸ਼ਨਰ ਰਾਮਵੀਰ, ਕਾਲਜ ਦੇ ਡਾਇਰੈਕਟਰ ਡਾ. ਟੀ. ਐੱਸ. ਸਿੱਧੂ ਅਤੇ ਐੱਸ. ਡੀ. ਐੱਮ. ਹਰਜੀਤ ਸਿੰਘ ਸੰਧੂ ਆਦਿ ਵੀ ਮੌਜੂਦ ਸਨ। ਪ੍ਰੈੱਸ ਕਾਨਫਰੰਸ ਵਿਚ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪੰਜਾਬ ਵਿਚ 1700 ਕੰਪਨੀਆਂ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇ ਰਹੀਆਂ ਹਨ । ਪੰਜਾਬ ਸਰਕਾਰ ਨੇ 50 ਹਜ਼ਾਰ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਟੀਚਾ ਰੱਖਿਆ ਹੈ, ਜਦਕਿ 3 ਲੱਖ 70 ਹਜ਼ਾਰ ਲੜਕਿਆਂ ਨੇ ਨੌਕਰੀਆਂ ਲਈ ਬਿਨੈ ਕੀਤਾ ਹੋਇਆ ਹੈ। ਐੱਸ. ਬੀ. ਐੱਸ. ਸਟੇਟ ਟੈਕਨੀਕਲ ਕੈਂਪਸ ਵਿਚ ਕਰੀਬ 650 ਲੜਕਿਆਂ ਨੂੰ ਨੌਕਰੀਆਂ ਉਪਲੱਬਧ ਕਰਵਾਉਣ ਲਈ ਹੁਣ ਦੂਸਰਾ ਸੂਬਾ ਪੱਧਰੀ ਰੋਜ਼ਗਾਰ ਮੇਲਾ ਕਰਵਾਇਆ ਗਿਆ ਹੈ। ਵਿਦਿਆਰਥੀਆਂ ਨੂੰ ਸਿੱਖਿਆ ਦੇ ਅਨੁਸਾਰ ਰੋਜ਼ਗਾਰ ਮਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਜਿਨ੍ਹਾਂ ਦੀ ਪੜ੍ਹਾਈ ਚੰਗੀ ਹੁੰਦੀ ਹੈ, ਉਨ੍ਹਾਂ ਨੂੰ 50 ਹਜ਼ਾਰ ਰੁਪਏ ਮਹੀਨਾ ਤੱਕ ਦੇ ਪੈਕੇਜ ਵੀ ਮਿਲ ਰਹੇ ਹਨ। ਸ. ਚੰਨੀ ਨੇ ਕਿਹਾ ਕਿ ਘਰ-ਘਰ ਵਿਚ ਰੋਜ਼ਗਾਰ ਮੁਹਿੰਮ ਤਹਿਤ ਕੈਪਟਨ ਸਰਕਾਰ ਨੇ ਹਰ ਲੜਕੇ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨਾ ਹੈ। ਇਕ ਪ੍ਰਸ਼ਨ ਦੇ ਉਤਰ ਵਿਚ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਬੇਰੋਜ਼ਗਾਰ ਲੜਕਿਆਂ ਨੂੰ 5 ਹਜ਼ਾਰ ਰੁਪਏ ਮਹੀਨਾ ਭੱਤਾ ਦੇਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਨੂੰ ਅਸੀਂ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਬੈਂਕ ਕਰਜ਼ੇ ਉਪਲੱਬਧ ਕਰਵਾਵਾਂਗੇ ਅਤੇ ਉਨ੍ਹਾਂ ਨੂੰ ਸਕਿੱਲ ਡਿਵੈੱਲਪ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਉਪਲੱਬਧ ਕਰਵਾਉਣ ਦਾ ਵਾਅਦਾ ਪੂਰਾ ਕਰਦਿਆਂ 11 ਮਾਰਚ ਨੂੰ ਪੰਜਾਬ ਦੇ ਬੇਰੋਜ਼ਗਾਰਾਂ ਨੂੰ ਵੱਖ-ਵੱਖ ਪੋਸਟਾਂ ਸਬੰਧੀ ਨਿਯੁਕਤੀ ਪੱਤਰ ਸੌਂਪਣਗੇ।  


Related News