ਪਾਰਟ ਟਾਈਮ ਲੈਕਚਰਾਰਾਂ ਨੇ ਤਕਨੀਕੀ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਲਾਏ ਡੇਰੇ

Tuesday, Jan 02, 2018 - 06:39 AM (IST)

ਪਾਰਟ ਟਾਈਮ ਲੈਕਚਰਾਰਾਂ ਨੇ ਤਕਨੀਕੀ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਲਾਏ ਡੇਰੇ

ਖਰੜ(ਅਮਰਦੀਪ/ ਰਣਬੀਰ)–ਅੱਜ ਖਰੜ ਪੁਲਸ ਨੂੰ ਉਦੋਂ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਗੌਰਮਿੰਟ ਪੌਲੀਟੈਕਨਿਕ ਕਾਲਜ ਐਸੋਸੀਏਸ਼ਨ ਦੇ 125 ਅਹੁਦੇਦਾਰਾਂ ਅਤੇ ਮੈਂਬਰਾਂ ਨੇ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਖਰੜ ਗ੍ਰਹਿ ਵਿਖੇ ਮੰਗ ਪੱਤਰ ਦੇਣ ਮੌਕੇ ਡੇਰਾ ਲਾ ਲਿਆ। ਭਾਵੇਂ ਕਿ ਲੈਕਚਰਾਰ ਮੰਤਰੀ ਨੂੰ ਆਪਣਾ ਦੁੱਖੜਾ ਸੁਣਾਉਣ ਲਈ ਸ਼ਾਂਤਮਈ ਢੰਗ ਨਾਲ ਮੰਤਰੀ ਦੀ ਕੋਠੀ ਅੱਗੇ ਖੜ੍ਹੇ ਸਨ ਪਰ ਮੰਤਰੀ ਦੇ ਇਕ ਪੁਲਸ ਸੁਰੱਖਿਆ ਕਰਮਚਾਰੀ ਨੇ ਆਪਣਾ ਰੋਹਬ ਝਾੜਦਿਆਂ ਲੈਕਚਰਾਰਾਂ ਨੂੰ ਬੋਲਣ 'ਤੇ ਮਜਬੂਰ ਕਰ ਦਿੱਤਾ।
ਇਸ ਮੌਕੇ ਬੋਲਦਿਆਂ ਪ੍ਰਧਾਨ ਸੰਦੀਪ ਸਿੰਘ ਨੇ ਆਖਿਆ ਕਿ ਤਕਨੀਕੀ ਸਿੱਖਿਆ ਵਿਭਾਗ ਦੇ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿਚ ਉਹ ਪਿਛਲੇ 5 ਤੋਂ 10 ਸਾਲਾਂ ਤੋਂ ਕੰਮ ਕਰ ਰਹੇ ਹਨ ਅਤੇ ਹੁਣ ਜਦੋਂ ਕੈਪਟਨ ਸਰਕਾਰ ਨੇ ਸੱਤਾ ਸੰਭਾਲੀ ਹੈ ਤਾਂ ਪਾਰਟ ਟਾਈਮ ਨੌਕਰੀ ਕਰ ਰਹੇ ਪਾਰਟ ਟਾਈਮ ਲੈਕਚਰਾਰਾਂ ਅਤੇ ਇੰਸਟਰਕਟਰਾਂ ਨੂੰ ਨਵੀਂ ਭਰਤੀ ਪ੍ਰਕਿਰਿਆ ਕਰਨ ਤੇ ਨੌਕਰੀ ਤੋਂ ਕੱਢਣ ਦੇ ਹੁਕਮ ਜਾਰੀ ਕਰ ਦਿੱਤੇ, ਜਦੋਂਕਿ ਕੈਪਟਨ ਸਰਕਾਰ ਨੇ ਸੂਬੇ ਦੇ ਹਰ ਘਰ ਵਿਚ ਨੌਕਰੀ ਦੇਣ ਦਾ ਵਾਅਦਾ ਚੋਣਾਂ ਦੌਰਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਨਵੀਂ ਭਰਤੀ ਪ੍ਰਕਿਰਿਆ ਦੌਰਾਨ ਹੀ ਪੰਜਾਬ ਸਰਕਾਰ ਠੇਕੇ 'ਤੇ ਲੱਗੇ ਲੈਕਚਰਾਰਾਂ ਤੇ ਇੰਸਟਰਕਟਰਾਂ ਨੂੰ ਐਡਜਸਟ ਕਰੇ ਪਰ ਸਰਕਾਰ ਵੱਲੋਂ ਪੁਰਾਣੇ ਲੈਕਚਰਾਰਾਂ ਨੂੰ ਨੌਕਰੀ ਤੋਂ ਕੱਢਣ ਦੇ ਤੁਗਲਕੀ ਹੁਕਮ ਜਾਰੀ ਕਰ ਦਿੱਤੇ, ਜਿਸ ਨੂੰ ਲੈਕਚਰਾਰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਸਰਕਾਰ ਨੂੰ 350 ਪੋਸਟਾਂ ਵਿਚੋਂ ਪਾਰਟ ਟਾਈਮ ਲੈਕਚਰਾਰਾਂ ਦੀਆਂ 125 ਪੋਸਟਾਂ ਬਾਹਰ ਕੱਢਣ ਅਤੇ ਬਾਕੀ ਬਚਦੀਆਂ ਪੋਸਟਾਂ 'ਤੇ ਨਵੀਂ ਭਰਤੀ ਦੀ ਮੰਗ ਰੱਖੀ ਸੀ ਪਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਮੰਗ ਨੂੰ ਠੁਕਰਾ ਕੇ ਰੁਜ਼ਗਾਰ 'ਤੇ ਲੱਗੇ 125 ਲੈਕਚਰਾਰਾਂ ਨੂੰ ਬੇਰੁਜ਼ਗਾਰ ਕਰਨ ਦੀ ਨੀਤੀ ਬਣਾਈ ਜਾ ਰਹੀ ਹੈ। 
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਵੀਆਂ ਨਿਯੁਕਤੀਆਂ 'ਤੇ ਤੁਰੰਤ ਰੋਕ ਲਾਈ ਜਾਵੇ ਅਤੇ ਪੁਰਾਣੇ ਲੈਕਚਰਾਰਾਂ ਨੂੰ ਹੀ ਐਡਜਸਟ ਕੀਤਾ ਜਾਵੇ ਜੇਕਰ ਪੰਜਾਬ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਐਸੋਸੀਏਸ਼ਨ ਆਪਣਾ ਸੰਘਰਸ਼ ਹੋਰ ਤਿੱਖਾ ਕਰੇਗੀ, ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਜਨਰਲ ਸਕੱਤਰ ਸੰਦੀਪ ਘੋਲੀਆ, ਅਜੰਤ ਕੌਸ਼ਲ, ਗਗਨਦੀਪ ਭੱਲਾ, ਗੁਰਮੁੱਖ ਸਿੰਘ, ਪੁਨੀਤ ਸ਼ਰਮਾ, ਸੁਖਵਿੰਦਰ ਕੁਮਾਰ, ਸੁਖਪ੍ਰੀਤ ਸਿੰਘ, ਕਿਰਨ ਅਰੋੜਾ ਤੇ ਹਰਸ਼ਦੀਪ ਸ਼ਰਮਾ ਨੇ ਵੀ ਸੰਬੋਧਨ ਕੀਤਾ।
ਸੁਰੱਖਿਆ ਕਰਮਚਾਰੀ ਨੇ ਮੀਡੀਆ ਨਾਲ ਕੀਤਾ ਗਲਤ ਵਿਵਹਾਰ
ਅੱਜ ਜਦੋਂ ਸਵੇਰੇ ਮੀਡੀਆ ਲੈਕਚਰਾਰਾਂ ਵਲੋਂ ਕੀਤੇ ਵਿਖਾਵੇ ਦੀ ਕਵਰੇਜ ਕਰਨ ਲਈ ਪੁੱਜੇ ਤਾਂ ਮੰਤਰੀ ਦੀ ਕੋਠੀ ਵਿਚ ਤਾਇਨਾਤ ਇਕ ਪੁਲਸ ਕਰਮਚਾਰੀ ਨੇ ਇਲੈਕਟ੍ਰੋਨਿਕ ਮੀਡੀਆ ਦੇ ਇਕ ਪੱਤਰਕਾਰ ਨਾਲ ਬਹਿਸਬਾਜ਼ੀ ਕੀਤੀ ਅਤੇ ਉਸਨੂੰ ਬੁਰਾ-ਭਲਾ ਕਹਿਣ ਤੋਂ ਬਾਅਦ ਖਰੜ ਦੇ ਸਮੂਹ ਮੀਡੀਆ ਨੂੰ ਉਸਨੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਆਪਣਾ ਕੋਟ ਉਤਾਰ ਕੇ ਪੱਤਰਕਾਰ ਨਾਲ ਲੜਾਈ ਕਰਨ ਤੇ ਉਸਦਾ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਤੁਰੰਤ ਬਾਅਦ ਸਮੂਹ ਪੱਤਰਕਾਰ ਭਾਈਚਾਰੇ ਨੇ ਖਰੜ ਪੱਤਰਕਾਰ ਸੰਘ ਦੀ ਮੀਟਿੰਗ ਕਰਕੇ ਉਕਤ ਪੁਲਸ ਕਰਮਚਾਰੀ ਖਿਲਾਫ ਖਰੜ ਥਾਣਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਪੱਤਰਕਾਰ ਭਾਈਚਾਰੇ ਨੇ ਮੰਤਰੀ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਅਜਿਹੇ ਗਲਤ ਪੁਲਸ ਕਰਮਚਾਰੀ ਖਿਲਾਫ ਐਕਸ਼ਨ ਲਿਆ ਜਾਵੇ ਅਤੇ ਉਸਨੂੰ ਸਸਪੈਂਡ ਕੀਤਾ ਜਾਵੇ, ਤਾਂ ਜੋ ਪੱਤਰਕਾਰਾਂ ਦੇ ਕੰਮਾਂ ਵਿਚ ਅੱਗੇ ਤੋਂ ਕੋਈ ਵੀ ਪੁਲਸ ਕਰਮਚਾਰੀ ਦਖਲਅੰਦਾਜ਼ੀ ਨਾ ਕਰੇ।
...ਜਦੋਂ ਤਕ ਮੰਤਰੀ ਮੰਗ ਪੱਤਰ ਨਹੀਂ ਲੈਂਦਾ ਧਰਨਾ ਨਹੀਂ ਚੁੱਕਾਂਗੇ
ਯੂਨੀਅਨ ਦੇ ਸੂਬਾ ਪ੍ਰਧਾਨ ਸੰਦੀਪ ਸਿੰਘ ਨੇ ਆਖਿਆ ਹੈ ਕਿ ਕੜਾਕੇ ਦੀ ਠੰਢ ਵਿਚ ਪਾਰਟ ਟਾਈਮ ਲੈਕਚਰਾਰ ਅਤੇ ਇੰਸਟਰਕਟਰ ਮੰਤਰੀ ਦੀ ਕੋਠੀ ਅੱਗੇ ਮੰਗ ਪੱਤਰ ਲੈ ਕੇ ਖੜ੍ਹੇ ਹਨ ਪਰ ਮੰਤਰੀ ਵਲੋਂ ਉਨ੍ਹਾਂ ਨਾਲ ਮਿਲਣੀ ਨਹੀਂ ਕੀਤੀ ਜਾ ਰਹੀ, ਉਲਟਾ ਉਨ੍ਹਾਂ ਦਾ ਇਕ ਪੁਲਸ ਕਰਮਚਾਰੀ ਲੈਕਚਰਾਰਾਂ ਨਾਲ ਗਲਤ ਵਿਵਹਾਰ ਕਰ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤਕ ਮੰਤਰੀ ਮੰਗ ਪੱਤਰ ਲੈ ਕੇ ਕੋਈ ਲਿਖਤੀ ਜਵਾਬ ਨਹੀਂ ਦਿੰਦਾ, ਉਹ ਮੰਤਰੀ ਦੀ ਕੋਠੀ ਅੱਗੋਂ ਨਹੀਂ ਹਿੱਲਣਗੇ ਅਤੇ ਆਪਣਾ ਸੰਘਰਸ਼ ਜਾਰੀ ਰੱਖਣਗੇ।


Related News