ਹੁਣ ਸਿੱਖਿਆ ਮੰਤਰੀ ਨੂੰ ਅਧਿਆਪਕਾਂ ਤੋਂ ਮਿਲੇ ''Dislike'' ਦੇ ਗੱਫੇ

Monday, Jun 14, 2021 - 10:57 AM (IST)

ਹੁਣ ਸਿੱਖਿਆ ਮੰਤਰੀ ਨੂੰ ਅਧਿਆਪਕਾਂ ਤੋਂ ਮਿਲੇ ''Dislike'' ਦੇ ਗੱਫੇ

ਮੋਹਾਲੀ (ਨਿਆਮੀਆਂ) : ਸਿੱਖਿਆ ਵਿਭਾਗ ਵਿਚ ਫਰਜ਼ੀ ਅੰਕੜਿਆਂ ਦੀ ਖੇਡ ਨੂੰ ਸਰਕਾਰੀ ਪ੍ਰਾਪਤੀ ਬਣਾ ਕੇ ਪੇਸ਼ ਕਰਨਾ ਪੰਜਾਬ ਦੇ ਅਧਿਆਪਕਾਂ ਨੂੰ ਹਰਗਿਜ਼ ਪ੍ਰਵਾਨ ਨਹੀਂ ਹੈ, ਜਿਸ ਨੂੰ ਸੋਸ਼ਲ ਮੀਡੀਆ ’ਤੇ ਆਪਣੀ ਸਰਕਾਰ ਤੇ ਮੁੱਖ ਮੰਤਰੀ ਵੱਲੋਂ ਸਿੱਖਿਆ ਵਿਭਾਗ ਦੀ ਕੀਤੀ ਕਾਇਆ ਕਲਪ ਦਾ ਗੁਣਗਾਣ ਕਰ ਰਹੇ ਸਿੱਖਿਆ ਮੰਤਰੀ ਨੂੰ ‘ਡਿਸਲਾਈਕ’ ਨਾਲ ਭਾਰੀ ਰੋਸ ਦਰਜ ਕਰਵਾ ਕੇ ਸਾਬਤ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਤੀਨਿਧ ਅਧਿਆਪਕ ਜੱਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ, ਸੂਬਾ ਸਕੱਤਰ ਸਰਵਣ ਸਿੰਘ ਔਜਲਾ ਅਤੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਬਠਿੰਡਾ ਨੇ ਕੀਤਾ।

ਇਹ ਵੀ ਪੜ੍ਹੋ : ਕੁੜੀ ਨੂੰ ਮਿਸ ਕਾਲ ਮਾਰਨ 'ਤੇ 10ਵੀਂ ਜਮਾਤ ਦੇ ਮੁੰਡੇ ਨੂੰ ਮਿਲੀ ਭਿਆਨਕ ਸਜ਼ਾ, ਹੈਰਾਨ ਕਰ ਦੇਵੇਗਾ ਪੂਰਾ ਵਾਕਿਆ
ਅਧਿਆਪਕ ਆਗੂਆਂ ਨੇ ਆਖਿਆ ਕਿ ਜ਼ਮੀਨੀ ਹਕੀਕਤਾਂ ਤੋਂ ਉਲਟ ਫਰਜ਼ੀ ਅਤੇ ਝੂਠੇ ਅੰਕੜਿਆਂ ਦੇ ਆਧਾਰ ’ਤੇ ਪੰਜਾਬ ਦੀ ਸਰਕਾਰੀ ਸਕੂਲ ਸਿੱਖਿਆ ਨੂੰ ਬੁਲੰਦੀਆਂ ’ਤੇ ਲਿਜਾਣ ਦਾ ਪ੍ਰਚਾਰ ਚੋਣ ਸਟੰਟ ਹੈ, ਜਿਸ ਦਾ ਸੂਤਰਧਾਰ ਸਿੱਖਿਆ ਸਕੱਤਰ ਹੈ, ਜਿਹੜਾ ਮਿਸ਼ਨ ਸ਼ਤ ਪ੍ਰਤੀਸ਼ਤ ਵਰਗੇ ਤੁਗਲਕੀ ਪ੍ਰਾਜੈਕਟਾਂ ਨਾਲ ਵਿਦਿਆਰਥੀਆਂ ਦੇ ਹੱਥੋਂ ਬਸਤੇ ਖੋਹ ਕੇ ਉਨ੍ਹਾਂ ਦਾ ਭਵਿੱਖ ਤਬਾਹ ਕਰਨ ’ਤੇ ਤੁਲਿਆ ਹੋਇਆ ਹੈ। ਸੂਬਾਈ ਅਧਿਆਪਕ ਆਗੂਆਂ ਬਲਬੀਰ ਚੰਦ ਲੌਂਗੋਵਾਲ, ਕਰਨੈਲ ਸਿੰਘ ਚਿੱਟੀ ਅਤੇ ਗੁਰਮੀਤ ਕੋਟਲੀ ਨੇ ਸਪੱਸ਼ਟ ਕੀਤਾ ਕਿ ਸਿੱਖਿਆ ਮੰਤਰੀ ਨੂੰ ਹਜ਼ਾਰਾਂ ਅਧਿਆਪਕਾਂ ਵੱਲੋਂ ਮਿਲੇ ‘ਡਿਸਲਾਈਕ’ ਸਾਬਤ ਕਰਦੇ ਹਨ ਕਿ ਅਧਿਆਪਕ ਵਰਗ ਵਿਚ ਸਰਕਾਰ ਦੀਆਂ ਗ਼ਲਤ ਵਿੱਦਿਅਕ ਨੀਤੀਆਂ ਖ਼ਿਲਾਫ਼ ਤਿੱਖਾ ਰੋਸ ਹੈ।

ਇਹ ਵੀ ਪੜ੍ਹੋ : ਅਮਰੀਕਾ 'ਚ ਪੜ੍ਹਾਈ ਦੇ ਇੱਛੁਕ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, US ਅੰਬੈਸੀ ਨੇ ਦਿੱਤੀ ਇਹ ਜਾਣਕਾਰੀ

ਆਗੂਆਂ ਨੇ ਕਿਹਾ ਕਿ ਸਰਕਾਰੀ ਨੀਤੀਆਂ ਆਨਲਾਈਨ ਸਿੱਖਿਆ ਬਹਾਨੇ ਸਕੂਲਾਂ ਨੂੰ ਅਧਿਆਪਕਾਂ ਤੋਂ ਸੱਖਣੇ ਕਰ ਕੇ ਸਰਕਾਰੀ ਸਕੂਲਾਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਗਿਰਵੀ ਰੱਖਣ ਦੀ ਸਾਜਿਸ਼ ਦਾ ਹਿੱਸਾ ਹਨ। ਸੂਬਾਈ ਅਧਿਆਪਕ ਆਗੂਆਂ ਨੇ ਪੇਅ ਕਮਿਸ਼ਨ ਦੀ ਰਿਪੋਰਟ ਲੇਟ ਕਰਨ, ਵਿਦਿਆਰਥੀਆਂ ਦਾ ਵਜ਼ੀਫਾ ਰੋਕਣ, ਰੈਗੂਲਰ ਅਧਿਆਪਕਾਂ ਦੀ ਥਾਂ ਠੇਕਾ ਭਰਤੀ ਕਰਨ, ਚੁੱਪ-ਚੁਪੀਤੇ ਹਜ਼ਾਰਾਂ ਪੋਸਟਾਂ ਖ਼ਤਮ ਕਰਨ, ਸਰਕਾਰੀ ਸਕੂਲਾਂ ਦੀ ਗੁਣਵੱਤਾ ਨੂੰ ਵੱਡਾ ਖੋਰਾ ਲਾਉਣ, ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਅਤੇ ਬੇਰੋਜ਼ਗਾਰ ਅਧਿਆਪਕਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਸੜਕਾਂ ਤੇ ਰੋਲਣ ਜਿਹੀਆਂ ਅਨੇਕਾਂ ਵਿਦਿਆਰਥੀ/ਅਧਿਆਪਕ/ਸਿੱਖਿਆ ਵਿਰੋਧੀ ਨੀਤੀਆਂ ਨੂੰ ਅੱਖੋਂ ਪਰੋਖੇ ਕਰਨ ਲਈ ਮਹਿਜ਼ ਫਰਜ਼ੀ ਅੰਕੜਿਆਂ ਨੂੰ ਪ੍ਰਾਪਤੀਆਂ ਪ੍ਰਚਾਰਿਆ ਜਾ ਰਿਹਾ ਹੈ, ਜਿਸ ਦੇ ਖ਼ਿਲਾਫ਼ ਅਧਿਆਪਕ ਲਾਮਬੰਦੀ ਕਰ ਕੇ ਅਸਲੀਅਤ ਜੱਗ ਜ਼ਾਹਰ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News