ਸਰਕਾਰੀ ਸਕੂਲਾਂ ''ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਅਰਬਾਂ ਰੁਪਏ ਖਰਚ ਕੀਤੇ ਜਾਣਗੇ : ਸਿੱਖਿਆ ਮੰਤਰੀ ਸੋਨੀ

Tuesday, Jun 26, 2018 - 06:07 AM (IST)

ਅੰਮ੍ਰਿਤਸਰ(ਕਮਲ, ਨਿਆਮੀਆਂ)-ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਜਗ ਬਾਣੀ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰੀ ਸਕੂਲਾਂ 'ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ 'ਚ ਵਚਨਬੱਧ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੱਗਰ ਸਿੱਖਿਆ ਅਭਿਆਨ ਤਹਿਤ ਪ੍ਰੀ-ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਲਈ 888.49 ਕਰੋੜ ਰੁਪਏ ਦੇ ਫੰਡ ਮਨਜ਼ੂਰ ਹੋ ਚੁੱਕੇ ਹਨ, ਜਿਨ੍ਹਾਂ 'ਚ 14,42,106 ਵਿਦਿਆਰਥੀਆਂ ਲਈ ਪਹਿਲੀ ਤੋਂ ਅੱਠਵੀਂ ਕਲਾਸ ਲਈ 600 ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਮੁਫਤ ਵਰਦੀਆਂ ਦਿੱਤੀਆਂ ਜਾਣਗੀਆਂ, ਜਿਸ ਲਈ 86.52 ਕਰੋੜ ਰੁਪਏ, 7,09,052 ਵਿਦਿਆਰਥੀਆਂ ਲਈ 22.47 ਕਰੋੜ ਰੁਪਏ ਕਿਤਾਬਾਂ ਲਈ ਮਨਜ਼ੂਰ ਹੋ ਚੁੱਕੇ ਹਨ। ਇਸੇ ਤਰ੍ਹਾਂ 64 ਕਰੋੜ ਰੁਪਏ ਦੀ ਰਾਸ਼ਟਰੀ ਸਮਾਰਟ ਕਲਾਸ ਰੂਮਾਂ ਲਈ, 11441 ਪ੍ਰੀ-ਪ੍ਰਾਇਮਰੀ ਸਕੂਲਾਂ ਲਈ ਪ੍ਰਤੀ ਸਕੂਲ 24,500 ਦੇ ਹਿਸਾਬ ਨਾਲ 28.03 ਕਰੋੜ ਦੀ ਰਾਸ਼ੀ ਮਨਜ਼ੂਰ ਹੋ ਚੁੱਕੀ ਹੈ, 500 ਸਰਕਾਰੀ ਸਕੂਲਾਂ ਲਈ 0.75 ਕਰੋੜ ਦੀ ਰਾਸ਼ੀ, ਰੈਂਪਸ ਤੇ ਹੈਡਰੇਲਜ਼ 1636 ਸਕੂਲਾਂ ਲਈ 30 ਹਜ਼ਾਰ ਰੁਪਏ ਪ੍ਰਤੀ ਸਕੂਲ ਦੇ ਹਿਸਾਬ ਨਾਲ 4.91 ਕਰੋੜ ਦੀ ਰਾਸ਼ੀ ਮਨਜ਼ੂਰ ਹੋ ਚੁੱਕੀ ਹੈ। ਲਾਇਬ੍ਰੇਰੀ ਦੀਆਂ ਕਿਤਾਬਾਂ 15628 ਸਕੂਲਾਂ ਲਈ 5.22 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ, 18.19 ਕਰੋੜ ਰੁਪਏ ਦੀ ਰਾਸ਼ੀ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਮਨਜ਼ੂਰ ਕੀਤੀ ਗਈ ਹੈ, 5000 ਰੁਪਏ ਪ੍ਰੀ-ਪ੍ਰਾਇਮਰੀ ਸਕੂਲ, 10000 ਰੁਪਏ ਮਿਡਲ ਸਕੂਲ ਤੇ 25000 ਰੁਪਏ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਲਈ ਮਨਜ਼ੂਰ ਕੀਤੇ ਗਏ ਹਨ। 
ਤਰਨਤਾਰਨ ਜ਼ਿਲੇ ਵਿਚ 4 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਡਾਇਟ ਬਣਾਈ ਜਾਵੇਗੀ। ਮੌਜੂਦਾ 17 ਚੱਲ ਰਹੀਆਂ ਡਾਇਟਾਂ ਲਈ ਰਿਪੇਅਰ ਅਤੇ ਮੇਨਟੀਨੈਂਸ ਲਈ 10 ਲੱਖ ਰੁਪਏ ਪ੍ਰਤੀ ਡਾਇਟ ਕੁਲ 1.7 ਕਰੋੜ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਰਾਜ ਸਰਕਾਰ ਨੇ 10 ਕਰੋੜ ਰੁਪਏ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਲਈ ਮਨਜ਼ੂਰ ਕੀਤੇ ਹਨ, ਇਸੇ ਤਰ੍ਹਾਂ 5.63 ਕਰੋੜ ਰੁਪਏ ਦੀ ਰਾਸ਼ੀ ਰਾਜ ਸਰਕਾਰ ਵੱਲੋਂ ਸਕੂਲਾਂ ਬਾਇਓ ਮੀਟ੍ਰਿਕ ਹਾਜ਼ਰੀ ਸਿਸਟਮ ਲਈ ਤੇ ਛੇਵੀਂ ਤੋਂ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਲਈ ਮੁਫਤ ਸੈਨੇਟਰੀ ਨੈਪਕਿਨ ਤੇ ਵੱਖਰੇ ਬਾਥਰੂਮਾਂ ਲਈ ਮਨਜ਼ੂਰ 16 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋ ਚੁੱਕੀ ਹੈ। 29 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਰੂ ਨਗਰੀ ਪੁੱਜ ਕੇ ਸੈਂਕੜੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣਗੇ। 


Related News