ਮੁੱਖ ਮੰਤਰੀ ਦੇ ਜੱਦੀ ਪਿੰਡ ਦੇ ਸਰਕਾਰੀ ਸਕੂਲਾਂ ''ਤੇ ਸਿੱਖਿਆ ਵਿਭਾਗ ਮੇਹਰਬਾਨ, 4 ਬੱਚਿਆਂ ਨੂੰ ਪੜ੍ਹਾਉਣ ਲਈ ਲਗਾ ਦਿੱਤੇ 5 ਅਧਿਆਪਕ

Sunday, Sep 17, 2017 - 02:07 PM (IST)

ਰਾਮਪੁਰਾ ਫੂਲ — ਪੰਜਾਬ ਦੇ ਬਹੁਤੇ ਪਿੰਡਾਂ ਦੇ ਸਰਕਾਰੀ ਸਕੂਲ ਅਧਿਆਪਕਾਂ ਦੀ ਕਮੀ ਨਾਲ ਜੂਝ ਰਹੇ ਹਨ, ਉਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਕੋਠੇ ਦੇ ਮਲੂਆਣਾ ਮਿਡਲ ਸਕੂਲ 'ਚ ਚਾਰ ਬੱਚਿਆਂ ਦੇ ਸਕੂਲ 'ਚ ਪੰਜ ਅਧਿਆਪਕਾਂ ਦਾ ਹੋਣਾ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਇਥੋਂ ਦੇ ਪ੍ਰਾਇਮਰੀ ਸਕੂਲ ਦੀ ਹਾਲਤ ਇਹ ਹੈ ਕਿ ਪੰਜ ਬੱਚਿਆਂ ਨੂੰ ਪੜਾਉਣ ਲਈ ਦੋ ਅਧਿਆਪਕ ਲਗਾ ਰੱਖੇ ਹਨ। 
ਡੀ. ਈ. ਓ. ਪ੍ਰਾਇਮਰੀ ਗੁਰਚਰਣ ਸਿੰਘ ਨਾਲ ਜਦ ਇਸ ਸੰਬੰਧੀ ਗਲਬਾਤ ਕੀਤੀ ਗਈ ਤਾਂ ਉਹ ਕੋਈ ਉਚਿਤ ਜਵਾਬ ਨਹੀਂ ਦੇ ਸਕੇ। ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਇਸ ਦੀ ਜਾਂਚ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਕਈ ਪਿੰਡਾਂ ਦੀਆਂ ਪੰਚਾਇਤਾਂ ਅਧਿਆਪਕਾਂ ਦੀ ਕਮੀ ਨਾਲ ਜੂਝ ਰਹੇ ਆਪਣੇ ਇਲਾਕੇ 'ਚ ਆਉਂਦੇ ਕਈ ਸਰਕਾਰੀ ਸਕੂਲਾਂ ਨੂੰ ਤਾਲੇ ਲਗਾ ਕੇ ਪ੍ਰਦਰਸ਼ਨ ਕਰ ਚੁੱਕੀਆਂ ਹਨ। ਆਏ ਦਿਨ ਸਕੂਲਾਂ 'ਚ ਅਧਿਆਪਕਾਂ ਦੀ ਗਿਣਤੀ ਵੱਧਾਉਣ ਸੰਬੰਧੀ ਮੰਗ ਪੱਤਰ ਦਿੱਤੇ ਜਾ ਰਹੇ ਹਨ ਪਰ ਮੁੱਖ ਮੰਤਰੀ ਦੇ ਜੱਦੀ ਪਿੰਡ ਦੇ ਸਕੂਲਾਂ 'ਚ ਜਿਥੇ ਬੱਚਿਆਂ ਦੀ ਗਿਣਤੀ ਨਾਮਾਤਰ ਹੈ, ਉਥੇ ਅਧਿਆਪਕ ਜ਼ਰੂਰਤ ਤੋਂ ਜ਼ਿਆਦਾ ਲਗਾ ਦਿੱਤੇ ਗਏ ਹਨ। 
ਦੱਸਿਆ ਜਾ ਰਿਹਾ ਹੈ ਕਿ ਉਕਤ ਮੀਡਲ ਸਕੂਲ 'ਚ ਪਹਿਲਾਂ ਤਿੰਨ ਹੀ ਅਧਿਆਪਕ ਸਨ ਪਰ 13 ਸਤੰਬਰ ਨੂੰ ਦੋ ਹੋਰ ਅਧਿਆਪਕ ਲਗਾ ਦਿੱਤੇ ਗਏ ਹਨ। ਸੂਤਰਾਂ ਦੇ ਮੁਤਾਬਕ ਪਿਛਲੇ ਸਾਲ ਇਸ ਸਕੂਲ 'ਚ ਬੱਚਿਆਂ ਦੀ ਗਿਣਤੀ 14 ਸੀ ਪਰ ਹੌਲੀ-ਹੌਲੀ ਬੱਚਿਆਂ ਦੀ ਗਿਣਤੀ 4 ਤਕ ਸੀਮਿਤ ਰਹਿ ਗਈ। 

ਖੇਤਾਂ 'ਚ ਬਣਿਆ ਹੈ ਸਕੂਲ
ਕੋਠੇ ਮਲੂਆਨਾ ਸਕੂਲ ਦੀ ਹਾਲਤ ਇਹ ਹੈ ਕਿ ਇਹ ਪਿੰਡ ਤੋਂ ਦੋ ਕਿਲੋਮੀਟਰ ਦੂਰ ਖੇਤਾਂ 'ਚ ਬਣਿਆ ਹੈ। ਕੋਠੇ ਮਲੂਆਨਾ 'ਚ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਬੱਸ ਦੀ ਸੁਵਿਧਾ ਨਹੀਂ ਹੈ, ਜਿਸ ਕਾਰਨ ਬੱਚਿਆਂ ਨੂੰ ਪੈਦਲ ਹੀ ਦੋ ਕਿਲੋਮੀਟਰ ਦਾ ਰਸਤਾ ਤੈਅ ਕਰਨਾ ਪੈਂਦਾ ਹੈ। ਸਕੂਲ ਦੂਰ ਹੋਣ ਕਾਰਨ ਮਾਂ-ਬਾਪ ਇਸ ਸਕੂਲ 'ਚ ਬੱਚਿਆਂ ਨੂੰ ਨਹੀਂ ਭੇਜਦੇ। ਪਿੰਡ ਦੇ ਕਈ ਘਰਾਂ ਦੇ ਬੱਚੇ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਹਨ। ਸਕੂਲ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਗਿਣਤੀ ਘੱਟ ਹੋਣ ਦੇ ਚਲਦਿਆਂ ਸਾਰਾ ਦਿਨ ਖਾਲੀ ਬੈਠ ਕੇ ਸਮਾਂ ਲੰਘਾਉਣਾ ਪੈਂਦਾ ਹੈ।

ਜਿਥੇ ਅਧਿਆਪਕਾਂ ਦੀ ਜ਼ਰੂਰਤ ਉਥੇ ਨਹੀਂ ਲਗਾਏ ਅਧਿਆਪਕ
ਚਾਰ ਦਿਨ ਪਹਿਲਾਂ ਕੋਠੇ ਮਲੂਆਨਾ ਸਕੂਲ 'ਚ ਜਿਥੇ ਸਿਰਫ ਚਾਰ ਬੱਚੇ ਹਨ ਉਥੇ ਸਿੱਖਿਅਕ ਵਿਭਾਗ ਵਲੋਂ ਸਮਾਜਿਕ ਤੇ ਵਿਗਿਆਨ ਵਿਸ਼ੇ ਦੇ ਅਧਿਆਪਕਾਂ ਦੀ ਨਵੀਂ ਤਾਇਨਾਤੀ ਕਰ ਦਿੱਤੀ ਗਈ। ਇਥੇ ਇਨ੍ਹਾਂ ਦੀ ਇੰਨੀ ਜ਼ਰੂਰਤ ਵੀ ਨਹੀਂ ਸੀ ਪਰ ਉਥੇ ਪਾਸ ਦੇ ਪਿੰਡ ਮਹਿਰਾਜ ਦੇ ਸਰਕਾਰੀ ਹਾਈ ਸਕੂਲ ਲੜਕਿਆਂ 'ਚ ਲੰਬੇ ਸਮੇਂ ਤੋਂ ਸਮਾਜਿਕ ਵਿਸ਼ੇ ਦੇ ਅਧਿਆਪਕ ਦੀ ਪੋਸਟ ਖਾਲੀ ਪਈ ਹੈ। ਇਥੇ ਸਿੱਖਿਆ ਵਿਭਾਗ ਨੇ ਅਜੇ ਤਕ ਅਧਿਆਪਕ ਲਗਾਉਣ ਦੀ ਜ਼ਰੂਰਤ ਨਹੀਂ ਸਮਝੀ। ਜਦੋਂ ਕਿ ਇਥੇ ਬੱਚਿਆਂ ਦੀ ਗਿਣਤੀ ਵੀ ਵੱਧ ਹੈ।


Related News