ਸਿੱਖਿਆ ਵਿਭਾਗ ਵੱਲੋਂ ਐਜੂਸੈੱਟ ਕਲਾਸਾਂ ਲਈ ਸ਼ਡਿਊਲ ਜਾਰੀ
Wednesday, Jan 20, 2021 - 10:52 PM (IST)

ਲੁਧਿਆਣਾ, (ਵਿੱਕੀ)- ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਐਜੂਸੈੱਟ ਪ੍ਰੋਗਰਾਮ ਜ਼ਰੀਏ ਵਿਦਿਆਰਥੀਆਂ ਦੇ ਗਿਆਨ ’ਚ ਵਾਧਾ ਕਰਨ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ। ਐਜੂਸੈੱਟ ਵੱਲੋਂ ਸਿੱਖਿਆ ਦੇਣ ਲਈ ਜਨਵਰੀ ਤੇ ਫਰਵਰੀ ਮਹੀਨੇ ਲਈ ਟਾਈਮ ਟੇਬਲ ਬਣਾਇਆ ਗਿਆ ਹੈ । ਇਸ ਦੇ ਮੁਤਾਬਕ 21 ਜਨਵਰੀ ਨੂੰ ਪਹਿਲਾ ਲੈਕਚਰ ਹੋਵੇਗਾ ਅਤੇ ਇਹ ਲੈਕਚਰ 6 ਫਰਵਰੀ ਤੱਕ ਚੱਲਣਗੇ। ਇਸ ਦੌਰਾਨ ਵਿਦਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ ਟਿਪਸ ਦੇਣ ਤੋਂ ਇਲਾਵਾ ‘ਸਵਾਗਤ ਜ਼ਿੰਦਗੀ’ ਵਿਸ਼ੇ ’ਤੇ ਬੱਚਿਆਂ ਨੂੰ ਪ੍ਰੇਰਣਾ ਦੇਣ ਲਈ ਪ੍ਰੇਰਣਾਦਾਈ ਲੈਕਚਰ ਦਿੱਤੇ ਜਾਣਗੇ। 21 ਜਨਵਰੀ ਨੂੰ ਪਹਿਲਾ ਲੈਕਚਰ ‘ਸਮਾਜ ਸੁਧਾਰ-ਨਸ਼ਾ ਅਤੇ ਬੁਰੀ ਸੰਗਤ ਦਾ ਤਿਆਗ’ ਵਿਸ਼ੇ ’ਤੇ ਹੋਵੇਗਾ।
ਇਹ ਲੈਕਚਰ 6ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆ ਨੂੰ ਦਿੱਤੇ ਜਾਣਗੇ ਅਤੇ ਜ਼ਿਆਦਾਤਰ ਲੈਕਚਰ ਤੀਜੇ ਅਤੇ ਚੌਥੇ ਪੀਰੀਅਡ ਦੌਰਾਨ ਸਵੇਰ 11.25 ਤੋਂ ਦੁਪਹਿਰ 12 ਵਜੇ ਤੱਕ ਅਤੇ ਦੁਪਹਿਰ 12 ਵਜੇ ਤੋਂ 12.30 ਵਜੇ ਤੱਕ ਹੋਣਗੇ। ਸਿੱਖਿਆ ਵਿਭਾਗ ਦੇ ਡਾਇਰੈਕਟਰ (ਸੀਨੀਅਰ ਸੈਕੰਡਰੀ) ਨੇ ਸਾਰੇ ਵਿਦਿਆਰਥੀਆਂ ਨੂੰ ਇਹ ਲੈਕਚਰ ਦਿਖਾਉਣਾ ਯਕੀਨੀ ਬਣਾਉਣ ਲਈ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ ਤਾਂ ਕਿ ਵਿਦਿਆਰਥੀ ਇਨ੍ਹਾਂ ਤੋਂ ਵੱਧ ਤੋਂ ਵੱਧ ਲਾਭ ਲੈ ਸਕਣ।