ਨਹੀਂ ਮਿਲਿਆ ਛੁੱਟੀ ਦਾ ਮੈਸੇਜ, ਪ੍ਰੇਸ਼ਾਨ ਹੋਏ ਬੱਚੇ
Friday, Nov 10, 2017 - 04:31 AM (IST)
ਜਲੰਧਰ(ਸੁਮਿਤ)—ਕੋਹਰੇ ਤੇ ਧੁੰਦ ਨੂੰ ਵੇਖਦਿਆਂ ਪੰਜਾਬ ਸਿੱਖਿਆ ਵਿਭਾਗ ਵਲੋਂ ਭਾਵੇਂ 9 ਨਵੰਬਰ ਤੋਂ 12 ਨਵੰਬਰ ਤੱਕ ਸਾਰੇ ਸਕੂਲਾਂ ਵਿਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਪਰ ਇਸਦਾ ਮੈਸੇਜ ਸਹੀ ਸਮੇਂ 'ਤੇ ਨਾ ਪਹੁੰਚਣ ਕਾਰਨ ਕਈ ਸਕੂਲਾਂ ਦੇ ਬੱਚੇ ਅੱਜ ਛੁੱਟੀ ਹੋਣ ਦੇ ਬਾਵਜੂਦ ਸਵੇਰੇ ਸੰਘਣੀ ਧੁੰਦ ਵਿਚ ਸਕੂਲ ਲਈ ਨਿਕਲੇ। ਉਥੇ ਬੱਚਿਆਂ ਨੂੰ ਤਿਆਰ ਕਰਨ ਲਈ ਬੱਚਿਆਂ ਦੇ ਮਾਪੇ ਵੀ ਸਵੇਰੇ ਜਲਦੀ ਉਠੇ ਤੇ ਬੱਚਿਆਂ ਨੂੰ ਆਟੋ ਤੱਕ ਜਾਂ ਫਿਰ ਸਕੂਲ ਛੱਡਣ ਲਈ ਗਏ। ਹਾਲਾਂਕਿ ਅਖਬਾਰਾਂ ਵਿਚ ਖਬਰਾਂ ਛਪ ਗਈਆਂ ਸਨ ਤੇ ਸੋਸ਼ਲ ਮੀਡੀਆ 'ਤੇ ਵੀ ਕੱਲ ਸ਼ਾਮ ਤੋਂ ਛੁੱਟੀਆਂ ਸਬੰਧੀ ਖਬਰਾਂ ਚੱਲ ਰਹੀਆਂ ਸਨ ਪਰ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸਕੂਲ ਵਲੋਂ ਕੋਈ ਮੈਸੇਸ ਨਹੀਂ ਮਿਲਿਆ ਪਰ ਜਦੋਂ ਬੱਚੇ ਸਕੂਲਾਂ ਵਿਚ ਪਹੁੰਚੇ ਤਾਂ ਉਨ੍ਹਾਂ ਨੂੰ ਉਥੇ ਜਾ ਕੇ ਪਤਾ ਲੱਗਾ ਕਿ ਛੁੱਟੀਆਂ ਹਨ ਤੇ ਹੁਣ ਸਕੂਲ ਸੋਮਵਾਰ ਨੂੰ ਖੁੱਲ੍ਹਣਗੇ। ਸ਼ਹਿਰ ਦੇ ਨਿੱਜੀ ਤੇ ਨਾਮਵਰ ਸਕੂਲ ਤਾਂ ਤਕਨੀਕ ਦਾ ਪੂਰਾ ਲਾਭ ਚੁੱਕਦੇ ਹੋਏ ਆਪਣੇ ਬੱਚਿਆਂ ਤੇ ਮਾਪਿਆਂ ਨੂੰ ਐੱਸ. ਐੱਮ. ਐੱਸ. ਰਾਹੀਂ ਸਾਰੀਆਂ ਸੂਚਨਾਵਾਂ ਦਿੰਦੇ ਹਨ ਪਰ ਸਰਕਾਰੀ ਸਕੂਲਾਂ ਦੇ ਨਾਲ-ਨਾਲ ਅੱਜ ਵੀ ਬਹੁਤ ਸਾਰੇ ਸਕੂਲ ਅਜਿਹੇ ਹਨ ਜੋ ਤਕਨੀਕ ਦੇ ਮਾਮਲੇ ਵਿਚ ਪਿੱਛੇ ਹਨ ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਬੱਚਿਆਂ ਜਾਂ ਮਾਪਿਆਂ ਨੂੰ ਸਕੂਲ ਜਾਣਾ ਹੀ ਪੈਂਦਾ ਹੈ। ਉਥੇ ਅੰਦਰੂਨੀ ਮੁਹੱਲਿਆਂ ਵਿਚ ਕਈ ਸਕੂਲ ਖੁੱਲ੍ਹੇ ਰਹਿਣ ਦੀ ਵੀ ਸੂਚਨਾ ਹੈ।
