ਸਿੱਖਿਆ ਵਿਭਾਗ ਦਾ ਨਵਾਂ ਕਾਰਨਾਮਾ : ਗਲਤ ਸਾਈਜ਼ ਦੀਆਂ ਭੇਜੀਆਂ ਵਰਦੀਆਂ ਤੇ ਜੁੱਤੀਆਂ
Monday, Apr 22, 2019 - 04:35 PM (IST)
![ਸਿੱਖਿਆ ਵਿਭਾਗ ਦਾ ਨਵਾਂ ਕਾਰਨਾਮਾ : ਗਲਤ ਸਾਈਜ਼ ਦੀਆਂ ਭੇਜੀਆਂ ਵਰਦੀਆਂ ਤੇ ਜੁੱਤੀਆਂ](https://static.jagbani.com/multimedia/2019_4image_16_33_215805445dhir1.jpg)
ਸੁਲਤਾਨਪੁਰ ਲੋਧੀ (ਧੀਰ) : ਸਿੱਖਿਆ ਵਿਭਾਗ ਹਮੇਸ਼ਾ ਆਪਣੀ ਕਿਸੇ ਕਾਰਗੁਜ਼ਾਰੀ ਨਾਲ ਅਖਬਾਰਾਂ ਦੀਆਂ ਸੁਰਖੀਆਂ ਬਟੋਰਦਾ ਰਹਿੰਦਾ ਹੈ। ਪਹਿਲਾਂ ਜਿਥੇ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕਰਨ ਲਈ ਇਸ ਵਾਰ ਜਿਥੇ ਸਰਕਾਰੀ ਸਕੂਲਾਂ 'ਚ ਦਾਖਲੇ ਨੂੰ ਲੈ ਕੇ ਕੀਤੇ ਪ੍ਰਚਾਰ ਦਾ ਫਾਇਦਾ ਸਰਕਾਰੀ ਸਕੂਲਾਂ 'ਚ ਇਸ ਵਾਰ ਦਾਖਲੇ 'ਚ ਹੋਏ ਭਾਰੀ ਵਾਧੇ ਨਾਲ ਜਿਥੇ ਸਿੱਖਿਆ ਵਿਭਾਗ ਦੀ ਬੱਲੇ-ਬੱਲੇ ਹੋਈ ਉੱਥੇ ਸਕੂਲਾਂ 'ਚ ਵਿਦਿਅਕ ਵਰ੍ਹੇ 2018-19 ਦੀਆਂ ਵਰਦੀਆਂ ਅਤੇ ਜੁੱਤੀਆਂ ਗਲਤ ਨਾਪ ਦੀਆਂ ਭੇਜ ਕੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਪ੍ਰੇਸ਼ਾਨੀ 'ਚ ਪਾ ਦਿੱਤਾ ਹੈ। ਵਿਭਾਗ ਵੱਲੋਂ ਕੀਤੀ ਕਥਿਤ ਤੌਰ 'ਤੇ ਇਸ ਗਲਤੀ ਦਾ ਖਮਿਆਜ਼ਾ ਨਵੇਂ ਦਾਖਲੇ ਲੈ ਕੇ ਵਿਦਿਆਰਥੀਆਂ ਨੂੰ ਭੁਗਤਨਾ ਪੈ ਰਿਹਾ ਹੈ।
ਵੱਖ-ਵੱਖ ਸਕੂਲਾਂ ਤੋਂ ਪ੍ਰਪਾਤ ਜਾਣਕਾਰੀ ਅਨੁਸਾਰ ਜ਼ਿਆਦਾਤਰ ਸਕੂਲਾਂ 'ਚ ਵਿਦਿਆਰਥੀਆਂ ਨੂੰ ਵੰਡੀਆਂ ਜਾ ਰਹੀਆਂ ਵਰਦੀਆਂ, ਜੁਤੀਆਂ ਉਨ੍ਹਾਂ ਦੇ ਸਾਈਜ਼ ਮੁਤਾਬਕ ਨਹੀਂ ਹਨ। ਵਿਦਿਆਰਥੀਆਂ ਨੂੰ ਦਿੱਤੀਆਂ ਗਈਆ ਵਰਦੀਆਂ ਦਾ ਰੰਗ ਜਿਥੇ ਫਿੱਕਾ ਹੈ, ਉੱਥੇ ਲੜਕਿਆਂ ਦੀਆ ਪੈਂਟਾਂ ਨਾਪ ਤੋਂ ਜ਼ਿਆਦਾ ਲੰਮੀਆਂ ਜਾਂ ਫਿਰ ਇੰਨੀਆਂ ਛੋਟੀਆਂ ਹਨ ਕਿ ਕੈਪਰੀ ਵਾਂਗ ਦਿਖਾਈ ਦਿੰਦੀਆਂ ਹਨ। ਕਈ ਸਕੂਲਾਂ ਦੇ ਮੁਖੀਆਂ ਨੇ ਤਾਂ ਆਪਣੇ ਤੌਰ 'ਤੇ ਦਰਜੀ ਬੁਲਾ ਕੇ ਵਰਦੀਆਂ ਨੂੰ ਤਾਂ ਠੀਕ ਕਰਵਾ ਲਿਆ ਹੈ ਪਰ ਜੁੱਤੀਆਂ ਦਾ ਕੀ ਕਰਨ ਇਹ ਸਮਝ ਤੋਂ ਪਰ੍ਹੇ ਹੈ। ਸਕੂਲ ਮੁਖੀ ਤੇ ਵਿਦਿਆਰਥੀ ਇਸ ਗੱਲ ਤੋਂ ਪਰੇਸ਼ਾਨ ਹਨ ਕਿ ਉਹ ਇਨ੍ਹਾਂ ਵਰਦੀਆਂ ਨੂੰ ਵੰਡਣ ਜਾਂ ਨਾ। ਅਧਿਆਪਕਾਂ ਦਾ ਕਹਿਣਾ ਹੈ ਕਿ ਵਰਦੀਆਂ ਸਕੂਲਾਂ 'ਚ ਭੇਜਣ ਸਮੇਂ ਵਿਭਾਗ ਨੇ ਨਾਪ ਦੀ ਸੂਚੀ ਮੰਗਵਾਉਣ ਦੀ ਥਾਂ ਸਿੱਧੀਆਂ ਵਰਦੀਆਂ ਸਕੂਲਾਂ 'ਚ ਭੇਜ ਦਿੱਤੀਆਂ ਜਾਂ ਸਕੂਲ ਮੁਖੀਆਂ ਨੂੰ ਵਰਦੀਆਂ ਬਲਾਕ ਪ੍ਰਾਇਮਰੀ ਸਿੱਖਿਆ ਵਿਭਾਗ ਦੇ ਦਫਤਰਾਂ 'ਚ ਆਪੋ ਆਪਣੇ ਸਾਧਨਾਂ ਰਾਹੀਂ ਲਿਜਾਣ ਦੇ ਹੁਕਮ ਚਾੜ੍ਹ ਦਿੱਤੇ।
ਵਰਦੀਆਂ ਤੇ ਜੁੱਤੀਆਂਂ ਬਦਲੀਆਂ ਜਾਣਗੀਆਂ : ਜ਼ਿਲਾ ਸਿੱਖਿਆ ਅਫਸਰ
ਇਸ ਸਬੰਧੀ ਜ਼ਿਲਾ ਸਿੱਖਿਆ ਅਫਸਰ (ਐਲੀ.) ਸਤਿੰਦਰਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਅਜਿਹੀਆਂ ਸ਼ਿਕਾਇਤਾਂ ਕਾਫੀ ਸਕੂਲਾਂ ਤੋਂ ਪ੍ਰਾਪਤ ਹੋਈਆਂ ਹਨ, ਜਿਸ ਲਈ ਸਕੱਤਰ ਸਿੱਖਿਆ ਵਿਭਾਗ ਨੇ ਹੁਕਮ ਕਰ ਦਿੱਤੇ ਹਨ ਕਿ ਉਕਤ ਕੰਪਨੀ ਜਿਸਨੇ ਵਰਦੀਆਂ ਤੇ ਜੁੱਤੀਆਂ ਭੇਜੀਆਂ ਹਨ ਉਹ ਉਨ੍ਹਾਂ ਨੂੰ ਬਦਲ ਕੇ ਦੇਣਗੇ ਤੇ ਉਸ ਸਮੇਂ ਤਕ ਕੰਪਨੀ ਨੂੰ ਵਿਭਾਗ ਪੇਮੈਂਟ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਸਕੂਲਾਂ ਨੂੰ ਨਿਰਦੇਸ਼ ਦੇ ਦਿੱਤੇ ਹਨ ਕਿ ਉਹ ਸਾਈਜ਼ ਵੀ ਲਿਖ ਕੇ ਭੇਜਣ ਤਾਂ ਜੋ ਇਸ ਮੁਸ਼ਕਲ ਨੂੰ ਹੱਲ ਕੀਤਾ ਜਾਵੇ
ਵੱਡੇ ਘਪਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ
ਅਧਿਆਪਕ ਸੰਘਰਸ਼ ਕਮੇਟੀ ਤੇ ਮਾਸਟ ਕੇਡਰ ਆਗੂਆਂ ਨਰੇਸ਼ ਕੋਹਲੀ, ਅਸ਼ਵਨੀ ਟਿੱਬਾ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਗਲਤ ਨਾਪ ਦੀਆਂ ਜੁੱਤੀਆਂ ਤੇ ਵਰਦੀਆਂ ਦੇ ਕੇ ਵਿਭਾਗ ਨੇ ਗਰੀਬ ਵਿਦਿਆਰਥੀਆਂ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ ਕਿ ਇਸ ਵੱਡੇ ਘਪਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ।