ਮਾੜੇ ਨਤੀਜੇ ਵਾਲੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਜਾਰੀ ਨਹੀਂ ਕਰੇਗਾ ਨੋਟਿਸ
Sunday, May 13, 2018 - 05:52 AM (IST)

ਅੰਮ੍ਰਿਤਸਰ, (ਦਲਜੀਤ)- ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਤੇ 12ਵੀਂ ਜਮਾਤ 'ਚ ਮਾੜੇ ਨਤੀਜੇ ਲਿਆਉਣ ਵਾਲੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਇਸ ਵਾਰ ਸਿੱਖਿਆ ਵਿਭਾਗ ਨੋਟਿਸ ਨਹੀਂ ਜਾਰੀ ਕਰੇਗਾ। ਵਿਭਾਗ ਵੱਲੋਂ ਅਧਿਆਪਕਾਂ ਨੂੰ ਨਾਲ ਲੈ ਕੇ ਸਿੱਖਿਆ ਦੇ ਸੁਧਾਰ ਲਈ ਠੋਸ ਉਪਰਾਲੇ ਕੀਤੇ ਜਾਣਗੇ। ਅਧਿਆਪਕਾਂ ਦੀ ਹਰੇਕ ਜਾਇਜ਼ ਮੰਗ ਹਰ ਹਾਲ 'ਚ ਪੂਰੀ ਕੀਤੀ ਜਾਵੇਗੀ। ਇਹ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮਾਹਨ ਸਿੰਘ ਗੇਟ ਵਿਖੇ ਸਥਿਤ ਜਗਤ ਜੋਤੀ ਹਾਈ ਸਕੂਲ ਵਿਖੇ ਬੋਰਡ ਦੀ ਮੈਰਿਟ 'ਚ ਆਏ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸਿੱਖਿਆ ਮੰਤਰੀ ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਕੈਬਨਿਟ ਨੇ ਜਨ ਸਿਹਤ ਅਤੇ ਸਕੂਲੀ ਸਿੱਖਿਆ ਨੂੰ ਆਪਣੀ ਤਰਜੀਹ ਸੂਚੀ ਦੇ ਸਿਖਰ 'ਤੇ ਰੱਖਿਆ ਹੈ ਅਤੇ ਸਾਡੀ ਬੀਮਾਰ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਲਿਆਉਣ ਲਈ ਪਹਿਲਾ ਕਦਮ ਨਕਲ ਨੂੰ ਖ਼ਤਮ ਕਰਨਾ ਹੈ। ਸੋਨੀ ਨੇ ਕਿਹਾ ਕਿ ਇਸ ਵਾਰ ਨਤੀਜੇ ਕਾਫੀ ਨਿਰਾਸ਼ਾਜਨਕ ਰਹੇ ਹਨ, ਜਿਸ ਕਰ ਕੇ ਬਹੁਤ ਸਾਰੇ ਵਿਦਿਆਰਥੀ ਪ੍ਰੀਖਿਆ ਵਿਚ ਸਫਲ ਨਹੀਂ ਹੋ ਸਕੇ। ਸਾਨੂੰ ਸਿੱਖਿਆ ਪ੍ਰਣਾਲੀ ਵਿਚ ਵੱਡੇ ਪੱਧਰ 'ਤੇ ਸੁਧਾਰ ਲਿਆਉਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਮੰਤਰੀ ਨੇ ਦੱਸਿਆ ਕਿ ਮੈਟ੍ਰਿਕ ਅਤੇ 12ਵੀਂ ਦੇ ਨਤੀਜਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ ਅਤੇ ਇਕ ਕੋਰ ਕਮੇਟੀ ਗਠਿਤ ਕਰ ਕੇ ਤੱਥਾਂ ਦੀ ਸਮੀਖਿਆ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮਾੜੇ ਨਤੀਜਿਆਂ ਲਈ ਇਸ ਵਾਰ ਅਧਿਆਪਕਾਂ ਨੂੰ ਨੋਟਿਸ ਜਾਰੀ ਨਹੀਂ ਕੀਤੇ ਜਾਣਗੇ ਬਲਕਿ ਪਿਆਰ ਨਾਲ ਸਮੱਸਿਆਵਾਂ ਦਾ ਹੱਲ ਲੱਭਿਆ ਜਾਵੇਗਾ। ਅਧਿਆਪਕ ਸਮਾਜ ਦਾ ਮਾਰਗ-ਦਰਸ਼ਕ ਹੈ ਅਤੇ ਇਸ ਦੇ ਮੋਢਿਆਂ 'ਤੇ ਬੇਹੱਦ ਵੱਡੀ ਜ਼ਿੰਮੇਵਾਰੀ ਹੈ। ਅਧਿਆਪਕਾਂ ਨੂੰ ਸਕੂਲੀ ਬੱਚਿਆਂ ਨੂੰ ਆਪਣੇ ਬੱਚੇ ਸਮਝਦੇ ਹੋਏ ਪੜ੍ਹਾਉਣਾ ਚਾਹੀਦਾ ਹੈ ਤਾਂ ਕਿ ਸਿੱਖਿਆ ਦਾ ਪੰਜਾਬ ਵਿਚ ਵੱਡੇ ਪੱਧਰ 'ਤੇ ਸੁਧਾਰ ਹੋ ਸਕੇ।
ਪ੍ਰਾਈਵੇਟ ਸਕੂਲਾਂ ਦੇ ਬਰਾਬਰ ਸਰਕਾਰੀ ਸਕੂਲਾਂ 'ਚ ਦਿੱਤੀ ਜਾਵੇਗੀ ਸਿੱਖਿਆ
ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਕਮਜ਼ੋਰ ਸਿੱਖਿਆ ਪ੍ਰਣਾਲੀ ਕਾਰਨ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਭੇਜਣ ਦੇ ਰੁਝਾਨ ਨੂੰ ਅਪਣਾਇਆ ਹੈ, ਹਾਲੇ ਵੀ ਵੱਡੀ ਗਿਣਤੀ ਵਿਚ ਵਿਦਿਆਰਥੀ ਪਬਲਿਕ ਸਕੂਲਾਂ 'ਚ ਪੜ੍ਹ ਰਹੇ ਹਨ। ਸਰਕਾਰ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਕਰਨ ਲਈ ਸਾਰੇ ਸਰੋਤਾਂ ਦੀ ਵਰਤੋਂ ਕਰ ਰਹੀ ਹੈ। ਉਹ ਸਿੱਖਿਆ ਪ੍ਰਣਾਲੀ ਵਿਚ ਤਬਦੀਲੀ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਸੋਨੀ ਨੇ ਦੱਸਿਆ ਕਿ ਪਿਛਲੇ ਇਕ ਦਹਾਕੇ ਦੌਰਾਨ ਸਿੱਖਿਆ ਪ੍ਰਣਾਲੀ ਵਿਚ ਭਾਰੀ ਗਿਰਾਵਟ ਨੇ ਸਥਿਤੀ ਨੂੰ ਹੋਰ ਬਦਤਰ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸੈਸ਼ਨ ਦੌਰਾਨ ਨਤੀਜਾ ਸੁਧਾਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਸਰਕਾਰ ਵਿਦੇਸ਼ੀ ਭਾਸ਼ਾਵਾਂ ਨੂੰ ਸਿਲੇਬਸ 'ਚ ਸ਼ਾਮਲ ਕਰਨ ਸਬੰਧੀ ਕਰ ਰਹੀ ਹੈ ਵਿਚਾਰ
ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਕਿਹਾ ਕਿ ਸਿਲੇਬਸ ਵਿਚ ਦੂਜੀਆਂ/ਵਿਦੇਸ਼ੀ ਭਾਸ਼ਾਵਾਂ ਨੂੰ ਸ਼ਾਮਲ ਕਰਨ ਬਾਰੇ ਸਰਕਾਰ ਵਿਚਾਰ ਕਰ ਰਹੀ ਹੈ ਤਾਂ ਜੋ ਵਿਦਿਆਰਥੀ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਹੋ ਸਕਣ। ਪੰਜਾਬ ਦੇ ਸਕੂਲਾਂ ਵਿਚ ਅਜਿਹੀ ਸਿੱਖਿਆ ਦਿੱਤੀ ਜਾਵੇਗੀ, ਜੋ ਪੂਰੇ ਦੇਸ਼ ਵਿਚ ਇਕ ਮਿਸਾਲ ਪੈਦਾ ਹੋਵੇਗੀ। ਅਧਿਆਪਕ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਤਾਲਮੇਲ ਪੈਦਾ ਕਰਦਿਆਂ ਸਿੱਖਿਆ ਸੁਧਾਰ ਲਈ ਠੋਸ ਕਦਮ ਚੁੱਕੇ ਜਾਣਗੇ।
ਪ੍ਰਾਈਵੇਟ ਸਕੂਲਾਂ ਦੀ ਥਾਪੜੀ ਪਿੱਠ
ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਇਸ ਵਾਰ ਮਾਨਤਾ ਪ੍ਰਾਪਤ ਅਤੇ ਐਫੀਲਿਏਟਿਡ ਸਕੂਲਾਂ ਨੇ ਵਿਸ਼ੇਸ਼ ਮੈਰਿਟਾਂ ਹਾਸਲ ਕੀਤੀਆਂ ਹਨ। ਪੰਜਾਬ ਦੇ ਜ਼ਿਆਦਾਤਰ ਬੱਚੇ ਇਨ੍ਹਾਂ ਸਕੂਲਾਂ ਵਿਚ ਸਿੱਖਿਆ ਹਾਸਲ ਕਰ ਰਹੇ ਹਨ। ਮਾਨਤਾ ਪ੍ਰਾਪਤ ਅਤੇ ਐਫੀਲਿਏਟਿਡ ਸਕੂਲਾਂ ਦੀ ਸੰਸਥਾ ਰਾਸਾ ਨੂੰ ਸਿੱਖਿਆ ਸੁਧਾਰ ਲਈ ਸਰਕਾਰ ਸੰਭਵ ਸਹਿਯੋਗ ਕਰੇਗੀ ਤਾਂ ਕਿ ਬੱਚਿਆਂ ਵਿਚ ਕੋਈ ਵੀ ਮਤਭੇਦ ਪੈਦਾ ਨਾ ਹੋਣ ਤੇ ਉਹ ਅਗਾਂਹ ਵੱਧ ਕੇ ਪੜ੍ਹਾਈ ਕਰ ਸਕਣ।
ਇਨ੍ਹਾਂ ਬੱਚਿਆਂ ਨੂੰ ਕੀਤਾ ਗਿਆ ਸਨਮਾਨਿਤ
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ 'ਚ ਆਉਣ ਵਾਲੇ ਰਾਘਵ ਗੁਪਤਾ, ਹਿਮਾਂਸ਼ੂ ਆਨੰਦ, ਤੁਸ਼ਾਲ ਚੱਢਾ (ਜਗਤ ਜੋਤੀ ਮਾਡਰਨ ਹਾਈ ਸਕੂਲ), ਲਵਦੀਪ ਕੌਰ, ਲਵਪ੍ਰੀਤ ਸਿੰਘ, ਜਸਜੀਤ ਕੌਰ, ਹਰਜੀਤ ਕੌਰ, ਰਮਨਦੀਪ ਕੌਰ, ਕਾਜਲਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਰਿਪਨਦੀਪ ਕੌਰ, ਰੁਚਿਕਾ ਮਹਿਤਾ (ਗੁਰੂ ਨਾਨਕ ਸੀਨੀ. ਸੈਕੰ. ਸਕੂਲ, ਅੱਡਾ ਨਾਥ ਦੀ ਖੂਹੀ), ਨੋਰੀਨ ਰੰਧਾਵਾ (ਅੰਬਰ ਪਬਲਿਕ ਸਕੂਲ), ਅਨਮੋਲਪ੍ਰੀਤ ਕੌਰ (ਪ੍ਰਭਾਕਰ ਸੀਨੀ. ਸੈਕੰ. ਸਕੂਲ) ਤੇ ਪਵਨਦੀਪ ਕੌਰ (ਗੁਰੂ ਨਾਨਕ ਪਬਲਿਕ ਸੀਨੀ. ਸੈਕੰ. ਸਕੂਲ ਰਈਆ) ਦੇ ਵਿਦਿਆਰਥੀਆਂ ਨੂੰ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਸਨਮਾਨਿਤ ਕੀਤਾ ਗਿਆ।
ਇਹ ਸਨ ਮੌਜੂਦ
ਰਾਸਾ ਦੇ ਜਨਰਲ ਸਕੱਤਰ ਪੰਡਿਤ ਕੁਲਵੰਤ ਰਾਏ ਸ਼ਰਮਾ, ਸੁਮਿਤ ਪੁਰੀ, ਰਿਤੂ ਪੁਰੀ, ਸੋਹਣ ਸਿੰਘ, ਕੁਲਜੀਤ ਸਿੰਘ ਬਾਠ, ਜੀ. ਐੱਸ. ਚੀਮਾ, ਡੀ. ਐੱਸ. ਪਠਾਨੀਆ, ਰਵੀ ਪਠਾਨੀਆ, ਰਾਜੇਸ਼ ਪ੍ਰਭਾਕਰ, ਸਲਿਲ ਅਰੋੜਾ, ਨਰਿੰਦਰਪਾਲ ਸਿੰਘ, ਵਿੱਕੀ, ਨਵਜੋਤ ਆਦਿ ਸਕੂਲਾਂ ਦੇ ਮੁਖੀਆਂ ਤੋਂ ਇਲਾਵਾ ਕੌਂਸਲਰ ਵਿਕਾਸ ਸੋਨੀ ਤੇ ਜ਼ਿਲਾ ਸ਼ਹਿਰੀ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ ਵੀ ਹਾਜ਼ਰ ਸਨ।