ਈ. ਡੀ. ਨੇ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਦੇ ਮਾਮਲੇ ''ਚ ਮਨੀ ਲਾਂਡਰਿੰਗ ਅਧੀਨ ਕੀਤਾ ਕੇਸ ਦਰਜ
Friday, Sep 04, 2020 - 02:21 PM (IST)
ਜਲੰਧਰ (ਮ੍ਰਿਦੁਲ) : ਪੰਜਾਬ 'ਚ ਨਕਲੀ ਸ਼ਰਾਬ ਮਾਫ਼ੀਆ ਵੱਲੋਂ ਕੀਤੇ ਗਏ ਘਪਲੇ ਦੀ ਜਾਂਚ 'ਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਮਨੀ ਲਾਂਡਰਿੰਗ ਦੇ ਅਧੀਨ ਕੇਸ ਦਰਜ ਕਰ ਲਿਆ ਗਿਆ। ਹਾਲਾਂਕਿ ਈ. ਡੀ. ਦੇ ਸੀਨੀਅਰ ਅਹੁਦੇਦਾਰ ਇਸ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੇ ਹਨ। ਵਿਭਾਗੀ ਸੂਤਰਾਂ ਵਲੋਂ ਇਸ ਸਬੰਧੀ ਪੁਸ਼ਟੀ ਕਰ ਦਿੱਤੀ ਗਈ ਹੈ। ਈ. ਡੀ. ਦੇ ਇਕ ਵੱਡੇ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਐਕਸਾਈਜ਼ ਮਹਿਕਮੇ ਅਤੇ ਪੰਜਾਬ ਪੁਲਸ ਵੱਲੋਂ ਹੁਣ ਤੱਕ ਰਿਕਾਰਡ ਸਾਂਝਾ ਨਾ ਕਰਨ ਕਾਰਨ ਹਾਰ ਕੇ ਈ. ਡੀ. ਨੂੰ ਕੇਸ ਦਰਜ ਕਰਨਾ ਪਿਆ ਕਿਉਂਕਿ ਪੰਜਾਬ ਪੁਲਸ ਵੱਲੋਂ ਪਿਛਲੇ 3 ਸਾਲਾਂ 2018, 2019, 2020 'ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਜਿੰਨੀਆਂ ਵੀ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜਨ 'ਚ ਲਈ ਜੋ ਕੇਸ ਦਰਜ ਕੀਤੇ ਗਏ ਹਨ। ਹੁਣ ਈ. ਡੀ. ਵੱਲੋਂ ਉਨ੍ਹਾਂ ਸਾਰੇ ਕੇਸਾਂ ਨੂੰ ਮਰਜ ਕਰ ਕੇ ਮਨੀ ਲਾਂਡਰਿੰਗ ਦੇ ਸੈਕਸ਼ਨ ਤਿੰਨ ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪ੍ਰਾਈਵੇਟ ਹਸਪਤਾਲਾਂ ਨੂੰ 'ਕੋਰੋਨਾ' ਪਾਜ਼ੇਟਿਵ ਮਰੀਜ਼ਾਂ ਦੀ ਸਿਹਤ ਸਬੰਧੀ ਜਾਣਕਾਰੀ ਦੇਣ ਲਈ ਨਿਰਦੇਸ਼ ਜਾਰੀ
ਈ. ਡੀ. ਵੱਲੋਂ ਹੁਣ ਐੱਫ. ਆਈ. ਆਰ. ਰਜਿਸਟਰਡ ਕਰਨ ਤੋਂ ਬਾਅਦ ਐੱਸ. ਐੱਸ. ਪੀ. ਪਟਿਆਲਾ, ਐੱਸ. ਐੱਸ. ਪੀ. ਤਰਨਤਾਰਨ, ਐੱਸ. ਐੱਸ. ਪੀ. ਲੁਧਿਆਣਾ ਰੂਰਲ ਅਤੇ ਐਸ. ਐਸ. ਪੀ. ਖੰਨਾ ਨੂੰ ਬਾਕਾਇਦਾ ਰਸਮੀ ਤੌਰ 'ਤੇ ਪੱਤਰ ਭੇਜ ਦਿੱਤੇ ਗਏ ਹਨ ਅਤੇ ਇਨ੍ਹਾਂ ਕੇਸਾਂ ਸਬੰਧੀ ਰਿਕਾਰਡ ਦੀ ਮੰਗ ਕੀਤੀ। ਹਾਲਾਂਕਿ ਈ. ਡੀ. ਦੇ ਅਧਿਕਾਰੀਆਂ ਦੀ ਮੰਨੀਏ ਪਹਿਲਾਂ ਤਾਂ ਪੁਲਸ ਅਧਿਕਾਰੀਆਂ ਵੱਲੋਂ ਉਨ੍ਹਾਂ ਨਾਲ ਕੋਈ ਵੀ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਜਦਕਿ ਈ. ਡੀ. ਦੇ ਅਧਿਕਾਰੀ ਖੁਦ ਘਨੌਰ ਅਤੇ ਹੋਰ ਜ਼ਿਲਿਆਂ ਵਿਚ ਰਿਕਾਰਡ ਮੰਗਣ ਲਈ ਗਏ ਸਨ, ਇਸ ਲਈ ਕੇਸ ਦਰਜ ਕੀਤਾ ਗਿਆ। ਈ. ਡੀ. ਦੇ ਇਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਹੁਣ ਇਸ ਕੇਸ 'ਚ ਜਿੰਨੀਆਂ ਵੀ ਨਕਲੀ ਫੈਕਟਰੀਆਂ ਫੜੀਆਂ ਗਈਆਂ ਹਨ, ਉਨ੍ਹਾਂ ਨੂੰ ਕਿਨ੍ਹਾਂ-ਕਿਨ੍ਹਾਂ ਵਪਾਰੀਆਂ ਨੇ ਕੈਮੀਕਲ ਸਪਲਾਈ ਕੀਤਾ, ਦੀ ਵੀ ਜਾਂਚ ਹੋਵੇਗੀ। ਉੱਥੇ ਹੀ ਈ. ਡੀ. ਨੂੰ ਸ਼ੱਕ ਹੈ ਕਿ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਜੋ ਸਪਿਰਟ ਵਰਤੀ ਗਈ ਉਹ ਵੀ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਰਾਹੀਂ ਹੀ ਸਪਲਾਈ ਹੋਈ ਸੀ। ਈ. ਡੀ. ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਖੁਦ ਪਟਿਆਲਾ ਵਿਖੇ ਐੱਸ. ਐੱਸ. ਪੀ. ਕੋਲੋਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਦਾ ਰਿਕਾਰਡ ਮੰਗਣ ਗਏ ਸਨ ਪਰ ਤਿੰਨ ਮਹੀਨੇ ਤੱਕ ਪੰਜਾਬ ਪੁਲਸ ਵੱਲੋਂ ਰਿਕਾਰਡ ਨਹੀਂ ਦਿੱਤਾ ਗਿਆ। ਇੰਨਾ ਹੀ ਨਹੀਂ ਇਸ ਸਬੰਧੀ ਈ. ਡੀ. ਵੱਲੋਂ ਮੁੱਖ ਮੰਤਰੀ ਅਤੇ ਚੀਫ ਸੈਕਟਰੀ ਨੂੰ ਵੀ ਚਿੱਠੀ ਲਿਖੀ ਗਈ ਸੀ, ਜਿਸ ਦਾ ਕੋਈ ਜਵਾਬ ਨਹੀਂ ਆਇਆ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਵਿਵਾਦ 'ਚ ਗੈਂਗਸਟਰ ਦੀ ਐਂਟਰੀ, ਪਰਮੀਸ਼ ਵਰਮਾ ਕਾਂਡ ਦੁਹਰਾਉਣ ਦੀ ਚਿਤਾਵਨੀ