ਮੋਹਾਲੀ ’ਚ ਸੰਨੀ ਇਨਕਲੇਵ ਦੇ ਮਾਲਕ ਬਾਜਵਾ ਦੇ ਘਰ ਤੇ ਦਫ਼ਤਰ ’ਚ ED ਦਾ ਛਾਪਾ
Thursday, May 22, 2025 - 01:02 PM (IST)

ਮੋਹਾਲੀ (ਜੱਸੀ) : ਇਨਫੋਰਸਮੈਂਟ ਵਿਭਾਗ (ਈ. ਡੀ.) ਦੀ ਟੀਮ ਨੇ ਮੋਹਾਲੀ ਦੇ ਸੈਕਟਰ-71 ਵਿਚਲੇ ਸੰਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਦੇ ਘਰ ਤੇ ਸੰਨੀ ਇਨਕਲੇਵ ਵਾਲੇ ਦਫ਼ਤਰ ’ਚ ਛਾਪਾ ਮਾਰਿਆ। ਈ. ਡੀ. ਦੇ ਅਧਿਕਾਰੀ ਦਿਨੇ 10 ਵਜੇ ਦੇ ਕਰੀਬ ਇਕ ਇਨੋਵਾ ਅਤੇ ਇਕ ਫਾਰਚੂਨਰ ਕਾਰ ’ਚ ਆਏ। ਈ. ਡੀ. ਦੇ ਅਧਿਕਾਰੀ ਬਾਜਵਾ ਦੇ ਘਰ ਅੰਦਰ ਵੜੇ ਤੇ ਅੰਦਰੋਂ ਗੇਟ ਬੰਦ ਕਰ ਲਿਆ ਗਿਆ। ਇਸ ਛਾਪੇਮਾਰੀ ਦੌਰਾਨ ਈ. ਡੀ. ਦੇ ਅਧਿਕਾਰੀਆਂ ਨਾਲ ਕੇਂਦਰੀ ਪੁਲਸ ਬਲ ਦੇ ਜਵਾਨ ਵੀ ਆਏ ਸਨ।
ਇਸ ਦੌਰਾਨ ਈ. ਡੀ. ਦੇ ਅਧਿਕਾਰੀਆਂ ਦੀ ਦੂਜੀ ਟੀਮ ਬਾਜਵਾ ਦੇ ਸੰਨੀ ਇਨਕਲੇਵ ਵਾਲੇ ਦਫ਼ਤਰ ਪਹੁੰਚੀ ਤੇ ਦੋਵਾਂ ਥਾਵਾਂ ’ਤੇ ਇਕੋ ਸਮੇਂ ਜਾਂਚ ਸ਼ੁਰੂ ਕੀਤੀ ਗਈ। ਸੂਤਰਾਂ ਮੁਤਾਬਕ ਬਾਜਵਾ ਦੇ ਪਰਿਵਾਰਕ ਮੈਂਬਰਾਂ ਦੇ ਜਾਂਚ ਏਜੰਸੀ ਵਲੋਂ ਪਹਿਲਾਂ ਮੋਬਾਇਲ ਬੰਦ ਕਰਵਾ ਦਿੱਤੇ ਗਏ ਤੇ ਉਨ੍ਹਾਂ ਤੋਂ ਜਿੱਥੇ ਪੁੱਛਗਿੱਛ ਕੀਤੀ ਜਾ ਰਹੀ ਹੈ, ਉੱਥੇ ਹੀ ਉਕਤ ਟੀਮ ਵਲੋਂ ਘਰ ’ਚ ਪਏ ਕੰਪਿਊਟਰ, ਬੈਂਕ ਖਾਤੇ ਤੇ ਜ਼ਮੀਨ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਖੰਗਾਲੇ ਗਏ। ਸੂਤਰਾਂ ਮੁਤਾਬਕ ਈ. ਡੀ. ਵਲੋਂ ਛਾਪੇਮਾਰੀ ਦੌਰਾਨ ਜ਼ਰੂਰੀ ਕਾਗ਼ਜ਼ਾਤ ਤੇ ਕੰਪਿਊਟਰ ਆਦਿ ਨੂੰ ਸੀਲ ਕਰਨ ਬਾਰੇ ਵੀ ਕਿਹਾ ਜਾ ਰਿਹਾ ਹੈ।
ਈ. ਡੀ. ਨੂੰ ਸ਼ੱਕ ਹੈ ਕਿ ਬਾਜਵਾ ਤੇ ਉਸ ਦੀ ਕੰਪਨੀ ਵਲੋਂ ਵੱਡੇ ਪੱਧਰ ’ਤੇ ਕਾਲੋਨੀਆਂ ਕੱਟਣ ਤੇ ਇਕ ਪਲਾਟ ਨੂੰ ਕਈ ਲੋਕਾਂ ਨੂੰ ਵੇਚਣ ਸਬੰਧੀ ਘਪਲਾ ਕੀਤਾ ਗਿਆ ਹੈ। ਈ. ਡੀ. ਦੇ ਸਬੰਧਿਤ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਜਵਾ ਦੇ ਘਰ ਅੰਦਰ ਖੜ੍ਹੇ ਕੇਦਰੀ ਸੁਰੱਖਿਆ ਬਲ ਦੇ ਜਵਾਨਾਂ ਨੇ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ। ਦੱਸਣਯੋਗ ਹੈ ਕਿ ਸਾਲ 2023 ’ਚ ਈ. ਡੀ. ਵਲੋਂ ਜਰਨੈਲ ਸਿੰਘ ਬਾਜਵਾ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਗਈ ਸੀ।
ਉਸ ’ਤੇ ਪਲਾਟਾਂ ਦੀ ਖ਼ਰੀਦੋ-ਫਰੋਖਤ ਨੂੰ ਲੈ ਕੇ ਧੋਖਾਧੜੀ ਦੇ ਕਈ ਕੇਸ ਖਰੜ ਤੇ ਐੱਨ.ਆਰ. ਆਈ. ਪੁਲਸ ਸਟੇਸ਼ਨ ’ਚ ਦਰਜ ਕੀਤੇ ਗਏ ਹਨ ਤੇ ਇਸ ਸਮੇਂ ਰੋਪੜ ਜੇਲ ’ਚ ਬੰਦ ਹੈ, ਜੋ ਕਿ ਆਪਣੇ ਖ਼ਿਲਾਫ਼ ਦਰਜ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਖ਼ਬਰ ਲਿਖੇ ਜਾਣ ਤਕ ਈ. ਡੀ. ਦੀ ਟੀਮ ਬਾਜਵਾ ਦੇ ਘਰ ਤੇ ਦਫ਼ਤਰ ’ਚ ਜਾਂਚ ਕਰ ਰਹੀ ਸੀ।