ਸ਼੍ਰੀਨਗਰ ''ਚ ਵਾਪਰੀ ਘਟਨਾ ''ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਵੱਡਾ ਬਿਆਨ

Saturday, Jul 26, 2025 - 05:50 PM (IST)

ਸ਼੍ਰੀਨਗਰ ''ਚ ਵਾਪਰੀ ਘਟਨਾ ''ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਵੱਡਾ ਬਿਆਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪ ਸਰਕਾਰ ਨੇ ਸ਼੍ਰੀਨਗਰ ਵਿਚ ਧਰਮ ਤੇ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨਾਲ ਸਬੰਧਤ ਸਮਾਗਮ ਨੂੰ ਇਕ ਮਨੋਰੰਜਨ ਪ੍ਰੋਗਰਾਮ ਵਿਚ ਤਬਦੀਲ ਕਰਕੇ ਬੇਅਦਬੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ਼੍ਰੀਨਗਰ ਸਮਾਗਮ ਦੌਰਾਨ ਕੀਤੀ ਗਈ ਬੇਅਦਬੀ ਨੂੰ ਸਿੱਖ ਕੌਮ ਵਿਰੁੱਧ ਅਮਲ ਵਿਚ ਲਿਆਂਦੀ ਜਾ ਰਹੀ ਉਸ ਗਹਿਰੀ ਸਾਜ਼ਿਸ਼ ਦਾ ਹਿੱਸਾ ਦੱਸਿਆ ਜਿਸ ਦਾ ਮੰਤਵ ਕੌਮ ਨੂੰ ਆਪਣੇ ਇਤਿਹਾਸ ਨਾਲੋਂ ਤੋੜਨਾ ਅਤੇ ਆਗੂ ਰਹਿਤ ਕਰਨਾ ਹੈ । ਇੱਥੇ ਜਾਰੀ ਇਕ ਬਿਆਨ ਵਿਚ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖ ਇਤਿਹਾਸ ਦੇ ਇਕ ਬੇਹੱਦ ਪਾਵਨ, ਸੰਜੀਦਾ ਅਤੇ ਗੰਭੀਰ ਸਾਕੇ ਨਾਲ ਸਬੰਧਤ ਸਮਾਗਮ ਦੌਰਾਨ ਗੁਰਬਾਣੀ ਉਚਾਰਨ ਦੀ ਥਾਂ ਨਾਚ ਗਾਣੇ ਦਾ ਮਾਹੌਲ ਬਣਾ ਕੇ ਜਾਣ ਬੁਝ ਕੇ ਸਿੱਖ ਇਤਿਹਾਸ ਅਤੇ ਸਿੱਖੀ ਮਾਣ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਗਈਆਂ ਤੇ ਇਸ ਬੇਅਦਬੀ ਨੂੰ ਪੂਰੀ ਦੁਨੀਆਂ ਸਾਹਮਣੇ ਪ੍ਰਸਾਰਤ ਕੀਤਾ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਰਾਹੀਂ ਕਰਵਾਏ ਇਸ ਪ੍ਰੋਗਰਾਮ ਦੌਰਾਨ ਜਾਣ ਬੁਝ ਕੇ ਸਿੱਖ ਕੌਮ ਦੇ ਬੇਹੱਦ ਸੰਜੀਦਾ ਪਲਾਂ ਨੂੰ ਇਕ ਮਨੋਰੰਜਨ ਪ੍ਰੋਗਰਾਮ ਵਾਂਗ ਪੇਸ਼ ਕਰਨ ਦਾ ਬਜਰ ਗੁਨਾਹ ਕੀਤਾ ਗਿਆ।

ਉਨ੍ਹਾਂ ਅੱਗੇ ਕਿਹਾ ਇਹ ਸਮਾਗਮ ਆਮ ਆਦਮੀ ਪਾਰਟੀ ਨੂੰ ਚਲਾ ਰਹੇ ਉਸ ਗ਼ੈਰ ਸਿੱਖ ਅਤੇ ਸਿੱਖ ਦੁਸ਼ਮਣ ਲਾਣੇ ਦੇ ਦਿਮਾਗ਼ ਦੀ ਉਪਜ ਹੈ ਜਿਨ੍ਹਾਂ ਨੂੰ ਮਹਾਨ ਗੁਰੂ ਸਾਹਿਬਾਨ ਦੇ ਮਹਾਨ ਵਿਰਸੇ ਦੀ ਨਾ ਕੋਈ ਸਮਝ ਹੈ ਤੇ ਨਾ ਹੀ ਸਤਿਕਾਰ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਇਸ ਦੀ ਸਰਕਾਰ ਦੀ ਬੇਸ਼ਰਮੀ ਦੀ ਹੱਦ ਇਹ ਹੈ ਕਿ ਇਨ੍ਹਾਂ ਦੇ ਪ੍ਰੋਗਰਾਮ ਵਿਚ ਨੱਚਣ ਅਤੇ ਗਾਉਣ ਵਾਲੇ ਵਿਅਕਤੀ ਨੂੰ ਤਾਂ ਸ਼ਰਮ ਆ ਗਈ ਤੇ ਉਹ ਮੁਆਫ਼ੀ ਮੰਗਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਪਹੁੰਚ ਗਿਆ ਪਰ ਸਰਕਾਰ ਅਤੇ ਇਸ ਦੇ ਸਿੱਖਿਆ ਮੰਤਰੀ ਨੂੰ ਅਜੇ ਵੀ ਸ਼ਰਮ ਨਹੀਂ ਆ ਰਹੀ। 

ਉਨ੍ਹਾਂ ਕਿਹਾ ਕਿ ਇਸ ਪਾਰਟੀ ਦੇ ਕਰਤਾ ਧਰਤਾ ਆਗੂਆਂ ਦੀ ਬੇਅਦਬੀਆਂ ਦੀਆਂ ਘਟਨਾਵਾਂ ਅਤੇ ਸਾਜ਼ਿਸ਼ਾਂ ਵਿਚ ਸ਼ਮੂਲੀਅਤ ਤੇ ਸਰਪ੍ਰਸਤੀ ਤਾਂ ਕਚਹਿਰੀਆਂ ਵੀ ਸਿੱਧ ਕਰ ਚੁੱਕੀਆਂ ਹਨ । ਉਨ੍ਹਾਂ ਯਾਦ ਦਿਵਾਇਆ ਕਿ ਨਿਆਂਪਾਲਿਕਾ ਵੱਲੋਂ ਇਸ ਪਾਰਟੀ ਦਾ ਇਕ ਵਿਧਾਇਕ ਕੁਰਾਨ ਸ਼ਰੀਫ਼ ਦੀ ਬੇਅਦਬੀ ਵਿਚ ਸਿੱਧਾ ਸ਼ਾਮਿਲ ਪਾਇਆ ਗਿਆ ਤੇ ਉਸਨੂੰ ਸਜ਼ਾ ਸੁਣਾਈ ਗਈ ਪਰ ਇਸ ਪਾਰਟੀ ਨੇ ਉਸ ਵਿਧਾਇਕ ਵਿਰੁੱਧ ਕੋਈ ਕਾਰਵਾਈ ਕਰਨ ਦੀ ਥਾਂ ਉਸ ਨੂੰ ਬਚਾਉਣ ਵਾਲਿਆਂ ਨੂੰ ਪੰਜਾਬ ਵਿੱਚ ਹੀ ਮੰਤਰੀ ਬਣਾ ਦਿੱਤਾ। ਬਾਦਲ ਨੇ ਕਿਹਾ ਕਿ ਜਦੋਂ ਦੀ ਇਹ ਸਰਕਾਰ ਆਈ ਹੈ ਪੰਜਾਬ ਵਿਚ ਹਰ ਪਾਸੇ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਪਰ ਸਰਕਾਰ ਦੇ ਕੰਨ ‘ਤੇ ਜੂੰ ਤੱਕ ਨਹੀਂ ਸਰਕੀ। ਅਕਾਲੀ ਪ੍ਰਧਾਨ ਨੇ ਕਿਹਾ ਕਿ ਸਿੱਖ ਕੌਮ ਨੂੰ ਦੋਫਾੜ ਕਰਨ ਲਈ ਸਰਕਾਰਾਂ ਦੀ ਸ਼ਹਿ ‘ਤੇ ਸਰਗਰਮ ਅਖੌਤੀ ਬੁੱਧੀਜੀਵੀ, ਧਾਰਮਿਕ ਸਖਸ਼ੀਅਤਾਂ ਤੇ ਜਥੇਬੰਦੀਆਂ ਜਿਨ੍ਹਾਂ ਨੇ ਅਕਾਲੀ ਸਰਕਾਰ ਦੌਰਾਨ ਸੂਬਾ ਜਾਮ ਕਰ ਰਖਿਆ ਸੀ, ਅਕਾਲੀ ਸਰਕਾਰ ਜਾਂਦਿਆਂ ਹੀ ਉਹ ਸਭ ਅੰਡਰ ਗਰਾਊਂਡ ਹੋ ਗਏ । ਹੁਣ ਬੇਅਦਬੀ ਦੀਆਂ ਨਿੱਤ ਹੋ ਰਹੀਆਂ ਘਟਨਾਵਾਂ ਵਿਰੁੱਧ ਉਹਨਾਂ ਸਾਰਿਆਂ ਦੇ ਮੂੰਹ 'ਤੇ ਸਰਕਾਰੀ ਤਾਲੇ ਲੱਗੇ ਹੋਏ ਹਨ।
 


author

Gurminder Singh

Content Editor

Related News