Breaking News : ED ਨੇ ਪੰਜਾਬ ਦੇ ਸਾਬਕਾ ਮੰਤਰੀ ਨੂੰ ਜੰਗਲਾਤ ਘੁਟਾਲਾ ਮਾਮਲੇ ''ਚ ਕੀਤਾ ਗ੍ਰਿਫ਼ਤਾਰ
Tuesday, Jan 16, 2024 - 05:48 AM (IST)
ਜਲੰਧਰ (ਮ੍ਰਿਦੁਲ)– ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਪੰਜਾਬ ਦੇ ਸਾਬਕਾ ਮੰਤਰੀ ਅਤੇ ਸਾਬਕਾ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੌਤ ਨੂੰ ਈ.ਡੀ. ਨੇ ਫਿਰ ਗ੍ਰਿਫ਼ਤਾਰ ਕਰ ਲਿਆ ਹੈ। ਧਰਮਸੌਤ ਦੀ ਗ੍ਰਿਫ਼ਤਾਰੀ ਜੰਗਲਾਤ ਘਪਲੇ ’ਚ ਹੋਈ ਹੈ। ਪਿਛਲੇ ਕਾਫੀ ਸਮੇਂ ਤੋਂ ਈ.ਡੀ. ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਤੋਂ ਬਾਅਦ ਅੱਜ ਈ.ਡੀ. ਨੇ ਧਰਮਸੌਤ ਨੂੰ ਪੀ.ਐੱਮ.ਐੱਲ.ਏ. ਐਕਟ ਤਹਿਤ ਗ੍ਰਿਫ਼ਤਾਰ ਕੀਤਾ ਹੈ। ਈ.ਡੀ. ਨੇ ਸਿਵਲ ਹਸਪਤਾਲ ਤੋਂ ਧਰਮਸੌਤ ਦਾ ਮੈਡੀਕਲ ਵੀ ਕਰਵਾਇਆ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਈ.ਡੀ. ਦੇ ਵਿੰਗ ਵੱਲੋਂ ਧਰਮਸੌਤ ਦੇ ਅਮਲੋਹ ਸਥਿਤ ਘਰ ’ਤੇ ਰੇਡ ਕੀਤੀ ਗਈ ਸੀ। ਇਸ ਦੌਰਾਨ ਧਰਮਸੌਤ ਦੇ ਨਾਲ-ਨਾਲ ਜੰਗਲਾਤ ਵਿਭਾਗ ਨਾਲ ਜੁੜੇ ਕੁਝ ਹੋਰ ਅਫਸਰਾਂ ਅਤੇ ਠੇਕੇਦਾਰਾਂ ਦੇ ਘਰਾਂ ’ਤੇ ਵੀ ਰੇਡ ਹੋਈ ਸੀ। ਪੰਜਾਬ ਵਿਚ ‘ਆਪ’ ਸਰਕਾਰ ਆਉਣ ਤੋਂ ਬਾਅਦ ਇਸ ਮਾਮਲੇ ਵਿਚ ਫਿਰ ਜਾਂਚ ਕੀਤੀ ਜਾ ਰਹੀ ਹੈ ਅਤੇ ਪੰਜਾਬ ਦੇ ਵਿਜੀਲੈਂਸ ਵਿਭਾਗ ਨੇ ਜੰਗਲਾਤ ਵਿਭਾਗ ਵਿਚ ਦਰੱਖਤਾਂ ਦੇ ਹੋਏ ਘਪਲੇ ਨੂੰ ਲੈ ਕੇ ਇਕ ਮਾਮਲਾ ਦਰਜ ਕੀਤਾ ਸੀ, ਜਿਸ ਵਿਚ ਧਰਮਸੌਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕੁਝ ਦੇਰ ਪਹਿਲਾਂ ਹੀ ਉਹ ਜ਼ਮਾਨਤ ’ਤੇ ਜੇਲ੍ਹ ਵਿਚੋਂ ਬਾਹਰ ਆਏ ਸਨ।
ਇਹ ਵੀ ਪੜ੍ਹੋ- ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਨੇ ਮੁੜ ਕੀਤਾ ਵੱਡਾ ਐਲਾਨ, ਭਾਰਤ 'ਤੇ ਨਿਰਭਰਤਾ ਘਟਾਉਣ ਲਈ ਲਿਆ ਇਹ ਫ਼ੈਸਲਾ
ਵਿਜੀਲੈਂਸ ਦੀ ਜਾਂਚ ਵਿਚ ਇਹ ਸਾਹਮਣੇ ਆਇਆ ਸੀ ਕਿ 1 ਮਾਰਚ 2016 ਤੋਂ 31 ਮਾਰਚ 2022 ਤਕ ਧਰਮਸੌਤ ਮੰਤਰੀ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਆਮਦਨ 2.37 ਕਰੋੜ ਰੁਪਏ ਸੀ, ਜਦੋਂ ਕਿ ਉਨ੍ਹਾਂ ਵੱਲੋਂ 8.76 ਕਰੋੜ ਰੁਪਏ ਖਰਚ ਕੀਤੇ ਗਏ। ਉਨ੍ਹਾਂ ਇਹ ਖਰਚ ਕਿਸ ਤਰ੍ਹਾਂ ਨਾਲ ਕੀਤਾ, ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਸੀ। ਵਿਜੀਲੈਂਸ ਬਿਊਰੋ ਨੇ ਜੂਨ 2022 ਨੂੰ ਧਰਮਸੌਤ ਨੂੰ ਉਨ੍ਹਾਂ ਦੇ 2 ਹੋਰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਮੋਹਾਲੀ ਦੇ ਡੀ.ਐੱਫ.ਓ. ਗੁਰਮਨਪ੍ਰੀਤ ਸਿੰਘ ਅਤੇ ਠੇਕੇਦਾਰ ਹਰਮਿੰਦਰ ਸਿੰਘ ਦੇ ਇਕ ਸਟਿੰਗ ਵਿਚ ਧਰਮਸੌਤ ਦੀ ਪੋਲ ਖੁੱਲ੍ਹੀ ਸੀ। ਇਸ ਸਟਿੰਗ ਵਿਚ ਗੁਰਮਨਪ੍ਰੀਤ ਨੂੰ ਕਥਿਤ ਤੌਰ ’ਤੇ ਇਕ ਫਾਰਮ ਹਾਊਸ ਦੀ ਵਿਕਰੀ ਲਈ 2 ਲੱਖ ਰੁਪਏ ਦੀ ਰਿਸ਼ਵਤ ਮੰਗਦਿਆਂ ਦੇਖਿਆ ਗਿਆ ਸੀ।
ਦੱਸਣਯੋਗ ਹੈ ਕਿ ਈ.ਡੀ. ਅਧਿਕਾਰੀ ਮੰਗਲਵਾਰ ਸਵੇਰੇ ਮੋਹਾਲੀ ਕੋਰਟ ਵਿਚ ਉਨ੍ਹਾਂ ਨੂੰ ਪੇਸ਼ ਕਰਨਗੇ। ਸੂਤਰਾਂ ਦੀ ਮੰਨੀਏ ਤਾਂ ਮਾਮਲਾ ਵੱਡਾ ਅਤੇ ਹਾਈ-ਪ੍ਰੋਫਾਈਲ ਹੋਣ ਕਾਰਨ ਈ.ਡੀ. ਅਦਾਲਤ ਤੋਂ ਕਈ ਦਿਨਾਂ ਦਾ ਰਿਮਾਂਡ ਮੰਗ ਸਕਦੀ ਹੈ ਕਿਉਂਕਿ ਅਧਿਕਾਰੀਆਂ ਨੂੰ ਬੇਨਾਮੀ ਜਾਇਦਾਦ ਸਮੇਤ ਕਈ ਹੋਰ ਕਾਗਜ਼ਾਤ ਮਿਲੇ ਹਨ, ਜੋ ਕਿ ਇਸ ਮਾਮਲੇ ਨਾਲ ਜੁੜੇ ਹਨ। ਸੂਤਰਾਂ ਦੀ ਮੰਨੀਏ ਤਾਂ ਹੋ ਸਕਦਾ ਹੈ ਕਿ ਮੋਹਾਲੀ ਕੋਰਟ ਵਿਚ ਪੇਸ਼ ਕਰਨ ਤੋਂ ਬਾਅਦ ਈ.ਡੀ. ਉਨ੍ਹਾਂ ਨੂੰ ਆਪਣੇ ਮੋਹਾਲੀ ਸਥਿਤ ਦਫਤਰ ਵਿਚ ਰੱਖੇ।
ਇਹ ਵੀ ਪੜ੍ਹੋ- ਅਧਿਆਪਕਾਂ ਦੀ ਫਰਲੋ ਰੋਕਣ ਦੀ ਤਿਆਰੀ 'ਚ ਸਰਕਾਰ, ਬਾਇਓਮੈਟ੍ਰਿਕ ਨਹੀਂ, ਹੁਣ ਇਸ ਤਰ੍ਹਾਂ ਲੱਗੇਗੀ ਹਾਜ਼ਰੀ
ਈ.ਡੀ. ਸਾਹਮਣੇ ਪੇਸ਼ ਹੋਣ ਤੋਂ ਬਾਅਦ ਸਵਾਲਾਂ ਦੇ ਨਹੀਂ ਦਿੱਤੇ ਸਹੀ ਜਵਾਬ- ਈ.ਡੀ. ਦੇ ਉੱਚ ਅਧਿਕਾਰੀਆਂ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ 30 ਨਵੰਬਰ 2023 ਨੂੰ ਜਦੋਂ ਈ.ਡੀ. ਨੇ ਪਹਿਲਾਂ ਸਾਧੂ ਸਿੰਘ ਧਰਮਸੌਤ ਦੇ ਘਰ ’ਤੇ ਸਰਚ ਕੀਤੀ ਸੀ ਤਾਂ ਉਨ੍ਹਾਂ ਦੇ ਘਰ ਵਿਚ ਨਾ ਮੌਜੂਦ ਹੋਣ ’ਤੇ ਈ.ਡੀ. ਵੱਲੋਂ 15 ਜਨਵਰੀ ਦੀ ਤਰੀਕ ਦਾ ਸੰਮਨ ਧਰਮਸੌਤ ਨੂੰ ਭੇਜਿਆ ਗਿਆ ਸੀ, ਜਿਥੇ ਉਨ੍ਹਾਂ ਨੂੰ ਪੇਸ਼ ਹੋਣ ਲਈ ਬੁਲਾਇਆ ਗਿਆ ਤਾਂ ਕਾਫੀ ਲੰਮੀ ਪੁੱਛਗਿੱਛ ਅਤੇ ਸਵਾਲ-ਜਵਾਬ ਤੋਂ ਬਾਅਦ ਜਦੋਂ ਈ.ਡੀ. ਦੇ ਅਧਿਕਾਰੀਆਂ ਦੇ ਸਵਾਲਾਂ ਦੇ ਉਨ੍ਹਾਂ ਤਸੱਲੀਬਖਸ਼ ਜਵਾਬ ਨਾ ਦਿੱਤੇ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਧਰਮਸੌਤ ਪਹਿਲੇ ਸਾਬਕਾ ਮੰਤਰੀ ਸਨ, ਜਿਨ੍ਹਾਂ ਨੂੰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਜੇਲ੍ਹ ਵਿਚ ਸੁੱਟਿਆ ਸੀ। ਈ.ਡੀ. ਦੇ ਇਕ ਅਧਿਕਾਰੀ ਨੇ ਕਿਹਾ ਸੀ ਕਿ ਮੁਲਜ਼ਮ ਕੋਲੋਂ ਮਨੀ ਲਾਂਡਰਿੰਗ ਬਾਰੇ ਪੁੱਛਗਿੱਛ ਜਾਰੀ ਹੈ। ਉਨ੍ਹਾਂ ਕਿਹਾ ਕਿ ਅਮਲੋਹ, ਖੰਨਾ ਅਤੇ ਮੋਹਾਲੀ ਵਿਚ ਧਰਮਸੌਤ ਦੀਆਂ ਜਾਇਦਾਦਾਂ ਦੀ ਤਲਾਸ਼ੀ ਚੱਲ ਰਹੀ ਹੈ। ਈ.ਡੀ. ਨੇ ਵਿਜੀਲੈਂਸ ਬਿਊਰੋ ਤੋਂ ਦਸਤਾਵੇਜ਼ ਲਏ ਹਨ, ਜਿਸ ਦੀ ਘਪਲੇ ਦੀ ਜਾਂਚ ਕੀਤੀ ਸੀ ਅਤੇ ਸਾਬਕਾ ਮੰਤਰੀ ਤੇ ਅਧਿਕਾਰੀਆਂ ਖ਼ਿਲਾਫ਼ 2 ਮਾਮਲੇ ਦਰਜ ਕੀਤੇ ਸਨ।
ਇਹ ਵੀ ਪੜ੍ਹੋ- ਭਾਖੜਾ ਨਹਿਰ 'ਚ ਵਾਪਰਿਆ ਭਿਆਨਕ ਹਾਦਸਾ, ਨਾਰੀਅਲ ਤਾਰਨ ਗਏ ਮਾਂ-ਪੁੱਤ ਪਾਣੀ 'ਚ ਰੁੜ੍ਹੇ (ਵੀਡੀਓ)
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8