ਪੁਲਸ ਟੀਮ ਨਾਲ ਟੈਕਸ ਲੈਣ ਜਾ ਰਹੀਆਂ ਨਿਗਮ ਟੀਮਾਂ ਦਾ ਵਿਰੋਧ ਸ਼ੁਰੂ

08/12/2018 6:44:48 AM

ਜਲੰਧਰ,  (ਖੁਰਾਣਾ)-  ਨਿਗਮ ਨੂੰ ਆਰਥਿਕ ਸੰਕਟ ਤੋਂ ਉਭਾਰਨ ਅਤੇ ਪੁਰਾਣੇ ਬਕਾਏ ਵਸੂਲਣ  ਲਈ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਨਿਗਮ ਅਧਿਕਾਰੀਆਂ ਦੀਆਂ 3 ਟੀਮਾਂ ਬਣਾ ਕੇ ਉਨ੍ਹਾਂ  ਨੂੰ ਕੁਝ ਵਾਰਡਾਂ ਵਿਚ ਘਰ-ਘਰ ਜਾ ਕੇ ਪ੍ਰਾਪਰਟੀ ਟੈਕਸ, ਵਾਟਰ ਟੈਕਸ ਆਦਿ ਦੀ ਜਾਂਚ ਦੇ  ਜੋ ਨਿਰਦੇਸ਼ ਦਿੱਤੇ ਹਨ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ  ਟੀਮਾਂ ਦੇ ਨਾਲ ਪੁਲਸ ਟੀਮ ਵੀ ਤਾਇਨਾਤ ਕੀਤੀ ਗਈ ਹੈ ਤੇ ਟੀਮਾਂ ਨੇ ਵਾਰਡਾਂ ਵਿਚ ਜਾਣਾ  ਸ਼ੁਰੂ ਕਰ ਦਿੱਤਾ ਹੈ। ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਸਾਫ ਸ਼ਬਦਾਂ ਵਿਚ ਕਿਹਾ  ਕਿ ਨਿਗਮ ਦੀ ਇਸ ਮੁਹਿੰਮ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਤੇ  ਉਨ੍ਹਾਂ ਦੀ ਪਾਰਟੀ ਸਭ ਤਰ੍ਹਾਂ ਦੇ ਟੈਕਸ ਦੇਣ ਦੇ ਪੱਖ ਵਿਚ ਹਨ ਪਰ ਇਸ ਤਰ੍ਹਾਂ ਪੁਲਸ  ਨਾਲ ਘਰ-ਘਰ ਜਾ ਕੇ ਆਮ ਟੈਕਸ ਪੇਅਰ ਨੂੰ ਪ੍ਰੇਸ਼ਾਨ ਕਰਨਾ ਬਿਲਕੁਲ ਸਹੀ ਨਹੀਂ ਹੈ। ਹਜ਼ਾਰਾਂ  ਘਰ ਅਜਿਹੇ ਹੋਣਗੇ ਜਿਨ੍ਹਾਂ ਨੇ ਸਾਰੇ ਟੈਕਸ ਦਿੱਤੇ ਹੋਣਗੇ ਉਨ੍ਹਾਂ ਘਰਾਂ ਵਿਚ ਇੰਝ  ਪੁਲਸ ਲਿਜਾ ਕੇ ਜਾਂਚ ਕਰਨਾ ਬਿਲਕੁਲ ਸਹੀ ਨਹੀਂ ਹੈ। ਸਰਕਾਰ ਟੈਕਸ ਲੈਣ ਲਈ ਕੋਈ ਹੋਰ  ਤਰੀਕਾ ਅਪਣਾਵੇ ਇੰਝ ਪੁਲਸ ਭੇਜ ਕੇ ਟੈਕਸ ਉਗਰਾਹੁਣ ਨਹੀਂ ਦਿੱਤਾ ਜਾਵੇਗਾ। 
ਦੂਜੇ  ਪਾਸੇ ਵਪਾਰ ਜਗਤ ਵਿਚ ਵੀ ਇਸ ਕਾਰਵਾਈ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਸਬੰਧ ਵਿਚ ਇਕ  ਬੈਠਕ ਅੱਜ ਸਥਾਨਕ ਫਗਵਾੜਾ ਗੇਟ ਵਿਚ ਹੋਈ। ਜਿਸ ਦੌਰਾਨ ਵਪਾਰੀ ਆਗੂ ਰਵਿੰਦਰ ਧੀਰ,   ਬਲਜੀਤ ਸਿੰਘ ਆਹਲੂਵਾਲੀਆ, ਅਮਿਤ ਸਹਿਗਲ, ਰਾਕੇਸ਼ ਗੁਪਤਾ, ਅਰੁਣ ਬਜਾਜ, ਜੁਆਏ ਮਲਿਕ,  ਅਸ਼ਵਨੀ ਛਾਬੜਾ ਤੇ ਮਦਨ ਲਾਲ ਆਦਿ ਮੌਜੂਦ ਸਨ। ਇਨ੍ਹਾਂ ਵਪਾਰੀਆਂ ਨੇ ਕਿਹਾ ਕਿ ਉਨ੍ਹਾਂ  ਨੂੰ ਡੰਡਾ ਰਾਜ ਨਹੀਂ ਚਾਹੀਦਾ। ਜਦੋਂ ਕਾਂਗਰਸ ਵਿਰੋਧੀ ਧਿਰ ਵਿਚ ਸੀ ਤਾਂ ਉਸਨੇ  ਪ੍ਰਾਪਰਟੀ ਟੈਕਸ ਦਾ ਜ਼ਬਰਦਸਤ ਵਿਰੋਧ ਕੀਤਾ ਸੀ ਤੇ ਸਾਫ ਕਿਹਾ ਸੀ ਕਿ ਸਰਕਾਰ ਵਿਚ ਆਉਣ  ਤੋਂ ਬਾਅਦ ਪ੍ਰਾਪਰਟੀ ਟੈਕਸ ਨੂੰ ਮੁਆਫ ਕਰ ਦਿੱਤਾ ਜਾਵੇਗਾ। ਹੁਣ ਕਾਂਗਰਸੀ ਆਪਣੇ ਵਾਅਦੇ  ਤੋਂ ਮੁੱਕਰ ਰਹੇ ਹਨ। ਵਪਾਰੀਆਂ ਨੇ ਮੰਗ ਕੀਤੀ ਕਿ ਕਾਂਗਰਸ ਪਾਣੀ, ਸੀਵਰ ਦੇ ਪੁਰਾਣੇ  ਬਕਾਇਆਂ ਲਈ  ਸੈਟਲਮੈਂਟ ਪਾਲਿਸੀ ਵੀ ਨਹੀਂ ਲਿਆ ਰਹੀ। ਇਸ  ਦੀ ਬਜਾਏ ਘਰਾਂ ਵਿਚ ਪੁਲਸ  ਭੇਜਣੀ ਸ਼ੁਰੂ ਕਰ ਦਿੱਤੀ ਹੈ। ਵਪਾਰੀ ਵਰਗ ਡਟ ਕੇ ਇਸ ਦਾ ਵਿਰੋਧ ਕਰੇਗਾ। 


Related News