ਆਰਥਿਕ ਕ੍ਰਾਈਮ ਬ੍ਰਾਂਚ ''ਚ 50 ਲੱਖ ਤੋਂ ਵੱਧ ਦੇ ਮਾਮਲਿਆਂ ਦੀ ਹੋਵੇਗੀ ਜਾਂਚ
Wednesday, Feb 28, 2018 - 02:55 PM (IST)

ਚੰਡੀਗੜ੍ਹ (ਸੰਦੀਪ) : ਆਰਥਿਕ ਕ੍ਰਾਈਮ ਬ੍ਰਾਂਚ 'ਚ ਜਾਂਚ ਕਰਨ ਲਈ ਜਾਂਚ ਰਾਸ਼ੀ ਦੀ ਲਿਮਿਟ ਵਧਾ ਕੇ ਹੁਣ 25 ਲੱਖ ਤੋਂ 50 ਲੱਖ ਕਰ ਦਿੱਤੀ ਗਈ ਹੈ। ਹਾਲ ਹੀ 'ਚ ਵਿਭਾਗ ਵਲੋਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਹੁਣ 50 ਲੱਖ ਰੁਪਏ ਜਾਂ ਇਸ ਤੋਂ ਜ਼ਿਆਦਾ ਰਾਸ਼ੀ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਹੀ ਆਰਥਿਕ ਕ੍ਰਾਈਮ ਬਰਾਂਚ 'ਚ ਕੀਤੀ ਜਾਵੇਗੀ, ਜਦੋਂਕਿ ਇਸ ਤੋਂ ਪਹਿਲਾਂ ਇਹ ਲਿਮਿਟ 25 ਲੱਖ ਜਾਂ ਇਸ ਤੋਂ ਜ਼ਿਆਦਾ ਕੀਤੀ ਸੀ। ਅਧਿਕਾਰੀਆਂ ਅਨੁਸਾਰ ਬਰਾਂਚ ਕੋਲ ਲਗਾਤਾਰ ਵਧ ਰਹੀਆਂ ਸ਼ਿਕਾਇਤਾਂ ਦੀ ਗਿਣਤੀ ਨੂੰ ਧਿਆਨ 'ਚ ਰੱਖਦੇ ਹੋਏ ਜਾਂਚ ਦੀ ਲਿਮਿਟ ਨੂੰ ਵਧਾਇਆ ਗਿਆ ਹੈ ਕਿਉਂਕਿ ਇਥੇ ਆਉਣ ਵਾਲੇ ਮਾਮਲਿਆਂ 'ਚ ਜ਼ਿਆਦਾਤਰ ਮਾਮਲੇ ਜਾਇਦਾਦ ਨਾਲ ਸਬੰਧਤ ਹੁੰਦੇ ਹਨ, ਜਿਨ੍ਹਾਂ ਦੀ ਜਾਂਚ ਬਹੁਤ ਗੁੰਝਲਦਾਰ ਢੰਗ ਕੀਤੀ ਜਾਂਦੀ ਹੈ। ਕੇਸ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਬੜੀ ਗੰਭੀਰਤਾ ਨਾਲ ਜਾਂਚਿਆ ਜਾਂਦਾ ਹੈ, ਜਿਸ ਤੋਂ ਬਾਅਦ ਹੀ ਮਾਮਲੇ ਦੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਇਥੇ ਆਉਣ ਵਾਲੇ ਮਾਮਲਿਆਂ ਦੀ ਜਾਂਚ 'ਚ ਸਮਾਂ ਵੀ ਜ਼ਿਆਦਾ ਲਗ ਜਾਂਦਾ ਹੈ। ਅਜਿਹੇ 'ਚ ਆਰਥਿਕ ਕ੍ਰਾਈਮ ਬਰਾਂਚ 'ਚ ਜ਼ਿਆਦਾ ਰਕਮ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਹੀ ਕੀਤੀ ਜਾਂਦੀ ਹੈ ਤੇ ਸਮੇਂ-ਸਮੇਂ 'ਤੇ ਇਹ ਲਿਮਿਟ ਵਿਭਾਗ ਦੇ ਹੁਕਮਾਂ ਦੇ ਆਧਾਰ 'ਤੇ ਵਧਾਈ ਜਾਂਦੀ ਹੈ।
15 ਸਾਲਾਂ 'ਚ 48 ਲੱਖ ਵਧੀ ਲਿਮਿਟ
ਆਰਥਿਕ ਅਪਰਾਧ 'ਚ ਮਾਮਲਿਆਂ ਦੀ ਜਾਂਚ ਲਿਮਿਟ ਦੀ ਗੱਲ ਕੀਤੀ ਜਾਵੇ ਤਾਂ 2003 'ਚ ਬਰਾਂਚ ਕੋਲ 2 ਲੱਖ ਜਾਂ ਇਸ ਤੋਂ ਜ਼ਿਆਦਾ ਰਾਸ਼ੀ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਦਾ ਜ਼ਿੰਮਾ ਸੀ, ਜਿਸ ਤੋਂ ਬਾਅਦ 2010 'ਚ ਇਹ ਲਿਮਿਟ 2 ਲੱਖ ਤੋਂ ਵਧਾ ਕੇ 10 ਲੱਖ ਕਰ ਦਿੱਤੀ ਗਈ। 2010 'ਚ ਜਾਰੀ ਕੀਤੀ ਗਈ ਇਸ ਨਵੀਂ ਲਿਮਿਟ ਤਹਿਤ ਹੁਣ ਬਰਾਂਚ 10 ਲੱਖ ਜਾਂ ਇਸ ਤੋਂ ਜ਼ਿਆਦਾ ਰਾਸ਼ੀ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕਰਦੀ ਸੀ। ਉਥੇ ਹੀ 2014 'ਚ ਇਸ ਲਿਮਿਟ ਨੂੰ 10 ਲੱਖ ਤੋਂ ਵਧਾ ਕੇ 25 ਲੱਖ ਕਰ ਦਿੱਤਾ ਗਿਆ। ਹੁਣ ਬਰਾਂਚ 25 ਲੱਖ ਜਾਂ ਇਸ ਤੋਂ ਜ਼ਿਆਦਾ ਰਾਸ਼ੀ ਦੇ ਮਾਮਲਿਆਂ ਦੀ ਜਾਂਚ ਕਰਦੀ ਸੀ ਪਰ ਹਾਲ ਹੀ 'ਚ ਜਾਰੀ ਕੀਤੇ ਗਏ ਹੁਕਮਾਂ ਤਹਿਤ ਹੁਣ ਬਰਾਂਚ ਦੀ ਜਾਂਚ ਰਾਸ਼ੀ ਦੀ ਲਿਮਿਟ ਨੂੰ 25 ਲੱਖ ਤੋਂ ਵਧਾ ਕੇ 50 ਲੱਖ ਕਰ ਦਿੱਤਾ ਗਿਆ ਹੈ। ਮੌਜੂਦਾ ਸਮੇਂ 'ਚ ਆਰਥਿਕ ਕ੍ਰਾਈਮ ਬਰਾਂਚ 50 ਲੱਖ ਜਾਂ ਇਸ ਤੋਂ ਜ਼ਿਆਦਾ ਦੀ ਰਾਸ਼ੀ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕਰੇਗੀ, ਜਦੋਂਕਿ ਇਸ ਤੋਂ ਘੱਟ ਰਾਸ਼ੀ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਸ਼ਿਕਾਇਤਕਰਤਾ ਦੇ ਏਰੀਏ ਨਾਲ ਸਬੰਧਤ ਥਾਣਾ ਕਰੇਗਾ। ਇਸੇ ਤਰ੍ਹਾਂ ਪਿਛਲੇ 15 ਸਾਲਾਂ ਦੌਰਾਨ ਬਰਾਂਚ ਦੀ ਜਾਂਚ ਰਾਸ਼ੀ ਦੀ ਲਿਮਿਟ 'ਚ ਪੂਰੇ 48 ਲੱਖ ਰੁਪਏ ਦਾ ਵਾਧਾ ਕੀਤਾ ਗਿਆ ਹੈ।
ਜ਼ਿਆਦਾ ਰਾਸ਼ੀ ਨਾਲ ਸਬੰਧਤ ਮਾਮਲਿਆਂ ਦੀ ਜਾਂਚ 'ਚ ਲਗਦਾ ਹੈ ਸਮਾਂ
ਅਧਿਕਾਰੀਆਂ ਅਨੁਸਾਰ ਜ਼ਿਆਦਾ ਰਾਸ਼ੀ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਬਹੁਤ ਗੁੰਝਲਦਾਰ ਢੰਗ ਨਾਲ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਦੀ ਜਾਂਚ ਦੀ ਕੁਆਲਿਟੀ ਨੂੰ ਧਿਆਨ 'ਚ ਰੱਖਦੇ ਹੋਏ ਹੀ ਕਈ ਸਾਲ ਪਹਿਲਾਂ ਇਸ ਬਰਾਂਚ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦੀ ਲਿਮਿਟ ਵਿਚ ਆਉਣ ਵਾਲੇ ਮਾਮਲਿਆਂ 'ਚ ਜ਼ਿਆਦਾਤਰ ਮਾਮਲੇ ਲੱਖਾਂ ਤੇ ਕਰੋੜਾਂ ਰੁਪਏ ਦੀ ਜਾਇਦਾਦ ਨਾਲ ਸਬੰਧਤ ਹੁੰਦੇ ਹਨ। ਇਸ ਤਰ੍ਹਾਂ ਦੇ ਮਾਮਲਿਆਂ ਦੀ ਜਾਂਚ ਜ਼ਿਆਦਾਤਰ ਮਾਮਲਿਆਂ ਸਬੰਧੀ ਪੇਸ਼ ਕੀਤੇ ਗਏ ਦਸਤਾਵੇਜ਼ਾਂ 'ਤੇ ਆਧਾਰਿਤ ਹੁੰਦੀ ਹੈ। ਅਜਿਹੇ 'ਚ ਬਰਾਂਚ ਦਾ ਜਾਂਚ ਅਧਿਕਾਰੀ ਹਰ ਦਸਤਾਵੇਜ਼ ਦੀ ਜਾਂਚ ਵਿਭਾਗ ਜਾਂ ਅਥਾਰਟੀ ਤੋਂ ਕਰਵਾਉਂਦਾ ਹੈ, ਜਿਸ ਨੇ ਉਹ ਜਾਰੀ ਕੀਤਾ ਹੁੰਦਾ ਹੈ। ਇਸ ਕਾਰਨ ਦਸਤਾਵੇਜ਼ਾਂ ਦੀ ਜਾਂਚ 'ਚ ਕਾਫੀ ਸਮਾਂ ਲਗ ਜਾਂਦਾ ਹੈ। ਮਾਮਲੇ ਨਾਲ ਸਬੰਧਤ ਸਾਰੇ ਤਰ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਬਰਾਂਚ ਮਾਮਲਿਆਂ ਸਬੰਧੀ ਆਪਣੀ ਜਾਂਚ ਰਿਪੋਰਟ ਤਿਆਰ ਕਰਦੀ ਹੈ ਤੇ ਜਾਂਚ ਰਿਪੋਰਟ ਦੇ ਆਧਾਰ 'ਤੇ ਮਾਮਲੇ 'ਚ ਐੱਫ. ਆਈ. ਆਰ. ਦਰਜ ਕੀਤੀ ਜਾਂਦੀ ਹੈ। ਅਜਿਹੇ 'ਚ ਬਰਾਂਚ ਕੋਲ ਆਉਣ ਵਾਲੀਆਂ ਸ਼ਿਕਾਇਤਾਂ ਦੀ ਗਿਣਤੀ ਤੇ ਮਾਮਲੇ 'ਚ ਜਾਂਚ ਰਿਪੋਰਟ ਦੀ ਕੁਆਲਿਟੀ ਨੂੰ ਧਿਆਨ ਵਿਚ ਰੱਖਦੇ ਹੋਏ ਸਮੇਂ-ਸਮੇਂ 'ਤੇ ਜ਼ਰੂਰਤ ਦੇ ਹਿਸਾਬ ਨਾਲ ਵਿਭਾਗ ਵਲੋਂ ਜਾਂਚ ਰਾਸ਼ੀ ਦੀ ਲਿਮਿਟ ਨੂੰ ਵਧਾਇਆ ਜਾਂਦਾ ਹੈ।