ਬਦਲੀਆਂ ਲਈ ਸਾਰੇ ਖਾਲੀ ਸਟੇਸ਼ਨ ਨਾ ਦਿਖਾਉਣਾ ਸਿੱਖਿਆ ਮਹਿਕਮੇ ਦੀ ਕੋਝੀ ਚਾਲ : ਡੀ. ਟੀ ਐੱਫ.

Thursday, Feb 25, 2021 - 02:43 PM (IST)

ਬਦਲੀਆਂ ਲਈ ਸਾਰੇ ਖਾਲੀ ਸਟੇਸ਼ਨ ਨਾ ਦਿਖਾਉਣਾ ਸਿੱਖਿਆ ਮਹਿਕਮੇ ਦੀ ਕੋਝੀ ਚਾਲ : ਡੀ. ਟੀ ਐੱਫ.

ਚੰਡੀਗੜ੍ਹ (ਰਮਨਜੀਤ) : ਪਿਛਲੇ ਦੋ ਸਾਲਾਂ ਤੋਂ ਬਦਲੀਆਂ ਲਈ ਖਾਲੀ ਸਟੇਸ਼ਨਾਂ ਤੇ ਬਦਲੀਆਂ ਨੂੰ ਉਡੀਕ ਰਹੇ ਅਧਿਆਪਕਾਂ ਨੂੰ ਉਸ ਵੇਲੇ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਮਨਚਾਹੇ ਖਾਲੀ ਸਟੇਸ਼ਨ ਈ-ਪੰਜਾਬ ਪੋਰਟਲ 'ਤੇ ਨਜ਼ਰ ਨਾ ਆਏ। ਸਿੱਖਿਆ ਮਹਿਕਮੇ ਵੱਲੋਂ ਈ-ਪੰਜਾਬ 'ਤੇ ਬਹੁਤ ਥੋੜ੍ਹੇ ਸਟੇਸ਼ਨਾਂ ਦੀਆਂ ਅਸਾਮੀਆਂ ਨੂੰ ਖਾਲੀ ਦਿਖਾਉਣ 'ਤੇ ਇਤਰਾਜ਼ ਪ੍ਰਗਟ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਗੁਜਰਾਤੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਸਰਕਾਰ ਦੇ ਬਦਲੀਆਂ ਨੂੰ ਪਾਰਦਰਸ਼ੀ ਢੰਗ ਨਾਲ ਕਰਨ ਦੇ ਦਾਅਵੇ ਖੋਖਲੇ ਸਾਬਤ ਹੋਣ ਲੱਗੇ ਹਨ।

ਉਨ੍ਹਾਂ ਕਿਹਾ ਕਿ ਸਿੱਖਿਆ ਮਹਿਕਮੇ ਵੱਲੋਂ ਵੱਡੀ ਗਿਣਤੀ 'ਚ ਖਾਲੀ ਅਸਾਮੀਆਂ ਵਾਲੇ ਸਟੇਸ਼ਨਾਂ ਨੂੰ ਲੁਕੋ ਲੈਣਾ ਹੀ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰਦਾ ਹੈ। ਇਸ ਨਾਲ ਬਦਲੀਆਂ ਦੇ ਚਾਹਵਾਨ ਅਧਿਆਪਕਾਂ 'ਚ ਨਿਰਾਸ਼ਾ ਫੈਲ ਗਈ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਬਦਲੀਆਂ 'ਚ ਬਹੁਤ ਥੋੜ੍ਹੇ ਅਤੇ ਦੂਰ-ਦੁਰਾਡੇ ਪਏ ਖਾਲੀ ਸਟੇਸ਼ਨਾਂ ਦੀਆਂ ਲਿਸਟਾਂ ਪੋਰਟਲ 'ਤੇ ਅਪਲੋਡ ਕਰਨ ਤੋਂ ਬਾਅਦ ਅਧਿਆਪਕਾਂ ਨੂੰ 28 ਫਰਵਰੀ ਤੱਕ ਸ਼ਟੇਸ਼ਨ ਚੋਣ ਕਰਨ ਲਈ ਕਿਹਾ ਗਿਆ ਹੈ। ਇਸ ਸਬੰਧੀ ਜਾਰੀ ਕੀਤੇ ਗਏ ਪੱਤਰ 'ਚ ਸਟੇਸ਼ਨ ਚੋਣ ਲਈ ਸਮਾਂ 22 ਫਰਵਰੀ ਤੋਂ 28 ਫਰਵਰੀ ਦਿੱਤਾ ਗਿਆ ਹੈ, ਜਦੋਂ ਕਿ ਇਹ ਇਹ ਪੱਤਰ 24 ਫਰਵਰੀ ਨੂੰ ਦੇਰ ਸ਼ਾਮ ਜਾਰੀ ਕੀਤਾ ਗਿਆ ਹੈ।

ਆਗੂਆਂ ਨੇ ਕਿਹਾ ਕਿ ਮਾਸਟਰ ਕਾਡਰ ਤੋਂ ਲੈਕਚਰਾਰ ਪਦਉੱਨਤ ਹੋਏ ਅਧਿਆਪਕਾਂ ਨੂੰ ਨਵੇਂ ਸਟੇਸ਼ਨਾਂ 'ਤੇ ਭੇਜ ਕੇ ਉਨ੍ਹਾਂ ਮਾਸਟਰ ਕਾਡਰ ਅਧਿਆਪਕਾਂ ਦੇ ਵੀ ਖਾਲੀ ਹੋਏ ਸਟੇਸ਼ਨਾਂ ਨੂੰ ਵੀ ਪੋਰਟਲ 'ਤੇ ਅਪਡੇਟ ਕੀਤਾ ਜਾਵੇ ਤਾਂ ਜੋ ਅਧਿਆਪਕਾਂ ਨੂੰ ਸਾਰੇ ਖਾਲੀ ਸਟੇਸ਼ਨਾਂ ਦੀ ਚੋਣ ਦਾ ਮੌਕਾ ਮਿਲ ਸਕੇ। ਇਸ ਮੌਕੇ ਸੂਬਾਈ ਮੀਤ ਪ੍ਰਧਾਨਾਂ ਗੁਰਮੀਤ ਸੁੱਖਪੁਰਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਗਪਾਲ ਬੰਗੀ, ਰਘਵੀਰ ਸਿੰਘ ਭਵਾਨੀਗੜ੍ਹ ਅਤੇ ਜਸਵਿੰਦਰ ਔਜਲਾ, ਸੂਬਾਈ ਬੁਲਾਰੇ ਹਰਦੀਪ ਟੋਡਰਪੁਰ, ਸੰਯੁਕਤ ਸਕੱਤਰਾਂ ਹਰਜਿੰਦਰ ਵਡਾਲਾ ਬਾਂਗਰ, ਦਲਜੀਤ ਸਫੀਪੁਰ ਤੇ ਕੁਲਵਿੰਦਰ ਜੋਸ਼ਨ, ਪ੍ਰੈੱਸ ਸਕੱਤਰ ਪਵਨ ਕੁਮਾਰ, ਜੱਥੇਬੰਦਕ ਸਕੱਤਰਾਂ ਰੁਪਿੰਦਰ ਗਿੱਲ ਤੇ ਨਛੱਤਰ ਸਿੰਘ, ਸਹਾ: ਵਿੱਤ ਸਕੱਤਰ ਤੇਜਿੰਦਰ ਸਿੰਘ, ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ, ਡੀ.ਐੱਮ.ਐੱਫ. ਦੇ ਸੂਬਾ ਜਨਰਲ ਸਕੱਤਰ ਜਰਮਨਜੀਤ ਸਿੰਘ, ਡੀ.ਟੀ.ਐੱਫ. ਆਗੂਆਂ ਸੁਨੀਲ ਕੁਮਾਰ ਫਾਜ਼ਿਲਕਾ, ਹਰਜਿੰਦਰ ਸਿੰਘ ਜੈਤੋ, ਪ੍ਰਿੰਸੀਪਲ ਲਖਵਿੰਦਰ ਸਿੰਘ, ਨਿਰਭੈ ਸਿੰਘ, ਅਤਿੰਦਰ ਘੱਗਾ, ਮੁਲਖ ਰਾਜ, ਕੇਵਲ ਕੁਮਾਰ ਮਨਾਲ, ਜੈਮਲ ਸਿੰਘ ਅਤੇ ਅਮਰੀਕ ਮੋਹਾਲੀ ਨੇ ਮੰਗ ਕੀਤੀ ਕਿ ਪੂਰੇ ਖਾਲੀ ਸਟੇਸ਼ਨਾਂ ਦੀਆਂ ਲਿਸਟਾਂ ਅਪਲੋਡ ਹੋਣ ਤੋਂ ਬਾਅਦ ਘੱਟੋ-ਘੱਟ 5 ਦਿਨਾਂ ਦਾ ਸਮਾਂ ਅਧਿਆਪਕਾਂ ਨੂੰ ਸਟੇਸ਼ਨਾਂ ਦੀ ਚੋਣ ਲਈ ਦਿੱਤਾ ਜਾਵੇ। 


 


author

Babita

Content Editor

Related News