ਚੰਡੀਗੜ੍ਹ ''ਚ ''ਈ-ਸਾਈਕਲਾਂ'' ਦੀ ਹਾਲਤ ਤਰਸਯੋਗ, ਸਟੈਂਡਾਂ ਤੋਂ ਗਾਇਬ ਹਨ ਸਾਈਕਲ
Sunday, Nov 20, 2022 - 12:36 PM (IST)

ਚੰਡੀਗੜ੍ਹ (ਰਾਏ) : ਸ਼ਹਿਰ 'ਚ ਈ-ਸਾਈਕਲਾਂ ਨੂੰ ਧੂਮਧਾਮ ਨਾਲ ਲਾਂਚ ਕੀਤਾ ਗਿਆ ਪਰ ਅੱਜ ਇਨ੍ਹਾਂ ਦੀ ਹਾਲਤ ਤਰਸਯੋਗ ਹੈ, ਜਿਸ ਵੱਲ ਕੋਈ ਧਿਆਨ ਨਹੀਂ ਦਿੰਦਾ। ਇਨ੍ਹਾਂ ਸਾਈਕਲਾਂ ਲਈ ਸਟੈਂਡ ਤਾਂ ਬਣਾਏ ਗਏ ਹਨ ਪਰ ਇਨ੍ਹਾਂ 'ਚੋਂ ਸਾਈਕਲ ਗਾਇਬ ਹਨ। ਜੇਕਰ ਕਿਸੇ ਸਟੈਂਡ ’ਤੇ ਸਾਈਕਲ ਮਿਲ ਵੀ ਜਾਣ ਤਾਂ ਇਨ੍ਹਾਂ ਦੀ ਹਾਲਤ ਖ਼ਸਤਾ ਹੈ। ਸ਼ਹਿਰ 'ਚ ਕਈ ਥਾਵਾਂ ’ਤੇ ਇਹ ਸਾਈਕਲ ਖੜ੍ਹੇ ਹੋਣ ਦੀ ਥਾਂ ਇਧਰ-ਉਧਰ ਪਏ ਵੇਖੇ ਜਾ ਸਕਦੇ ਹਨ। ਜਿਹੜੇ ਸਾਈਕਲ ਸਟੈਂਡਾਂ ’ਤੇ ਖੜ੍ਹੇ ਹਨ, ਉਨ੍ਹਾਂ 'ਚੋਂ ਕਈਆਂ ਦੀਆਂ ਬੈਟਰੀ ਡਾਊਨ ਅਤੇ ਕੁੱਝ ਖ਼ਰਾਬ ਪਏ ਹਨ। ਕੰਪਨੀ ਅਤੇ ਨਿਗਮ ਦੀ ਅਣਗਹਿਲੀ ਕਾਰਨ ਜ਼ਿਆਦਾਤਰ ਲੋਕ ਸਾਈਕਲਾਂ ਦੀ ਵਰਤੋਂ ਨਹੀਂ ਕਰ ਰਹੇ ਹਨ। ਕਈ ਸਾਈਕਲਾਂ ’ਤੇ ਲੱਗੇ ਕਿਊ. ਆਰ. ਕੋਡ ਖ਼ਰਾਬ ਹਨ। ਕਈ ਸਾਈਕਲਾਂ ਦੀਆਂ ਲਾਈਟਾਂ ਟੁੱਟ ਚੁੱਕੀਆਂ ਹਨ। ਕਈ ਇਹੋ ਜਿਹੀਆਂ ਥਾਵਾਂ ’ਤੇ ਸਟੈਂਡ ਬਣਾਏ ਗਏ ਹਨ, ਜਿੱਥੇ ਲੋਕ ਬਿਲਕੁਲ ਨਹੀਂ ਜਾਂਦੇ। ਸੈਕਟਰ-45 'ਚ ਕਈ ਬੱਚੇ ਸਾਈਕਲ ਦਾ ਸਮਾਨ ਕੱਢਦੇ ਦੇਖੇ ਗਏ। ਸਾਈਕਲ ਸਟੈਂਡ ਤੋਂ ਨਿਕਲ ਕੇ ਇਨ੍ਹਾਂ ਸਾਈਕਲਾਂ ਨੂੰ ਮੋਹਾਲੀ ਅਤੇ ਖਰੜ ਲਿਜਾਇਆ ਜਾਂਦਾ ਹੈ, ਜਿਸ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਸੈਕਟਰ-25 'ਚ ਇਕ ਸਾਈਕਲ ਪਿਛਲੇ ਕਈ ਦਿਨਾਂ ਤੋਂ ਝਾੜੀਆਂ 'ਚ ਪਿਆ ਹੈ, ਜਿਸ ਨੂੰ ਚੁੱਕਣ ਲਈ ਕੋਈ ਨਹੀਂ ਆਇਆ।
ਪ੍ਰਾਜੈਕਟ ’ਚ ਹੋਰ ਸਾਈਕਲ ਸ਼ਾਮਲ ਹੋਣਗੇ
ਜਾਣਕਾਰੀ ਅਨੁਸਾਰ ਪੂਰੇ ਸ਼ਹਿਰ 'ਚ ਹੋਰ ਸਾਈਕਲ ਉਪਲੱਬਧ ਕਰਵਾਏ ਜਾਣੇ ਹਨ ਅਤੇ ਇਨ੍ਹਾਂ ਦੀ ਗਿਣਤੀ 5000 ਹੋਵੇਗੀ। ਇਹ ਪੰਜ ਪੜਾਵਾਂ 'ਚ ਸ਼ਹਿਰ ਦੇ ਵੱਖ-ਵੱਖ ਸਟੈਂਡਾਂ ’ਤੇ ਉਪਲੱਬਧ ਕਰਵਾਏ ਜਾਣੇ ਹਨ। ਸਮਝੌਤੇ ਮੁਤਾਬਕ 27 ਅਪ੍ਰੈਲ 2022 ਤੱਕ 5000 ਸਾਈਕਲ ਚਾਰ ਫੇਜ਼ਾਂ 'ਚ ਚਲਾਏ ਜਾਣੇ ਸਨ ਪਰ ਕੰਪਨੀ ਨੇ ਅਜੇ ਤੱਕ ਤੀਜਾ ਪੜਾਅ ਵੀ ਸ਼ੁਰੂ ਨਹੀਂ ਕੀਤਾ। ਹਾਲ ਹੀ 'ਚ ਕੰਪਨੀ ਨੇ ‘ਸਮਾਰਟ ਸਿਟੀ’ ਨੂੰ ਅਰਜ਼ੀ ਦੇਣ ਲਈ ਕਿਹਾ ਹੈ ਕਿ ਉਨ੍ਹਾਂ ਕੋਲ ਫੰਡਾਂ ਦੀ ਕਮੀ ਹੈ, ਇਸ ਲਈ ਜੁਲਾਈ 2023 'ਚ ਸਾਰੇ ਪੜਾਅ ਪੂਰੇ ਕੀਤੇ ਜਾਣਗੇ।
ਇਹ ਕਹਿਣਾ ਹੈ ਮੇਅਰ ਦਾ
ਇਸ ਸਬੰਧੀ ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਸ਼ਹਿਰ 'ਚ ਸਾਈਕਲ ਨੂੰ ਪ੍ਰਮੋਟ ਕਰਨ ਲਈ ਵਧੀਆ ਉਪਰਾਲਾ ਕੀਤਾ ਗਿਆ ਸੀ ਪਰ ਇਸ ਪ੍ਰਾਜੈਕਟ ਦੇ ਲਾਗੂ ਹੋਣ ਤੋਂ ਬਾਅਦ ਇਸ ਦੀ ਸਾਂਭ-ਸੰਭਾਲ 'ਚ ਖ਼ਾਮੀਆਂ ਪਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋਕ ਇਹ ਵੀ ਦੇਖਣ ਕਿ ਉਨ੍ਹਾਂ ਦੀ ਸਹੂਲਤ ਲਈ ਸਾਈਕਲ ਉਪਲੱਬਧ ਕਰਵਾਏ ਗਏ ਹਨ। ਇਸ ਲਈ ਉਨ੍ਹਾਂ ਦਾ ਧਿਆਨ ਵੀ ਉਨ੍ਹਾਂ ਨੇ ਹੀ ਰੱਖਣਾ ਹੈ। ਮੇਅਰ ਦਾ ਮੰਨਣਾ ਸੀ ਕਿ ਸਾਈਕਲਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।