ਈ-ਚਲਾਨ ਸਿਸਟਮ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ ਜਲੰਧਰ, ਹੁਣ ਆਵੇਗੀ ਟ੍ਰੈਫਿਕ ਨਾਕੇ ਤੋੜਨ ਵਾਲਿਆਂ ਦੀ ਸ਼ਾਮਤ

07/09/2017 7:05:38 PM

ਜਲੰਧਰ— ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਹੁਣ ਪੁਲਸ ਵੱਲੋਂ ਕਾਫੀ ਸਖਤੀ ਵਰਤੀ ਜਾਵੇਗੀ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਜਲਦੀ ਹੀ ਜਲੰਧਰ ਕਮਿਸ਼ਨਰੇਟ ਪੁਲਸ ਈ-ਚਲਾਨ ਸਿਸਟਮ ਸ਼ੁਰੂ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਜਲੰਧਰ ਜਿੱਥੇ ਈ-ਚਲਾਨ ਸ਼ੁਰੂ ਕਰਨ ਵਾਲਾ ਪੰਜਾਬ ਦਾ ਪਹਿਲਾ ਸ਼ਹਿਰ ਬਣ ਗਿਆ ਹੈ, ਉਥੇ ਇਹ ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਬਣ ਗਿਆ ਹੈ, ਜੋ ਭਾਰਤ ਦੇ ਨੈਸ਼ਨਲ ਇਨਫੋਰਮੈਟਿਕ ਸੈਂਟਰ (ਐੱਨ.ਆਈ.ਸੀ) ਦੇ ਨਾਲ ਜੁੜ ਕੇ ਇਹ ਸਿਸਟਮ ਸ਼ੁਰੂ ਕਰ ਰਿਹਾ ਹੈ। ਐੱਨ. ਆਈ. ਸੀ. ਦੇਸ਼ ਦੀ ਇਕ ਅਜਿਹੀ ਸੰਸਥਾ ਹੈ, ਜਿਸ ਦੇ ਕੋਲ ਪੂਰੇ ਦੇਸ਼ ਦੇ ਵਾਹਨਾਂ ਦਾ ਸਾਰਾ ਡਾਟਾ ਹੁੰਦਾ ਹੈ। 
ਮਿਲੀ ਜਾਣਕਾਰੀ ਮੁਤਾਬਕ ਸ਼ੁਰੂਆਤ 'ਚ ਮੁਲਾਜ਼ਮਾਂ ਨੂੰ ਅਜਿਹੀਆਂ 5 ਈ-ਚਲਾਨ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ, ਜੋ ਪੀ. ਆਰ. ਐੱਸ. ਸਿਸਟਮ ਦੁਆਰਾ ਐੱਨ. ਆਈ. ਸੀ. ਦੇ ਨਾਲ ਸਿੱਧੇ ਤੌਰ 'ਤੇ ਜੁੜੀਆਂ ਹੋਣਗੀਆਂ। ਇਥੇ ਦੱਸਣਯੋਗ ਹੈ ਕਿ ਜਦੋਂ ਕੋਈ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਇਸ ਮਸ਼ੀਨ 'ਚ ਉਸ ਦਾ ਵਾਹਨ ਨੰਬਰ ਜਾਂ ਡਰਾਈਵਿੰਗ ਲਾਇਸੈਂਸ ਨੰਬਰ ਪਾਏ ਜਾਣ ਵਾਲੇ ਉਸ ਵਾਹਨ ਮਾਲਕ ਜਾਂ ਚਾਲਕ ਦਾ ਸਾਰਾ ਡਾਟਾ ਸਾਹਮਣੇ ਆ ਜਾਵੇਗਾ। ਇਸ ਦੇ ਨਾਲ ਹੀ ਇਹ ਵੀ ਪਤਾ ਲੱਗ ਸਕੇਗਾ ਕਿ ਉਸ ਚਾਲਕ ਦੇ ਪਹਿਲਾਂ ਕਿੰਨੇ ਅਤੇ ਕਿਸ ਕਰਕੇ ਚਲਾਨ ਕੱਟੇ ਗਏ ਹਨ। ਚਲਾਮ ਰਸੀਦ ਦੇ ਨਾਲ ਇਹ ਵੀ ਪਤਾ ਲੱਗ ਸਕੇਗਾ ਕਿ ਪਹਿਲਾਂ ਕਿਹੜੀ ਜਗ੍ਹਾ 'ਤੇ ਚਲਾਨ ਕੱਟਿਆ ਗਿਆ ਸੀ। ਟ੍ਰੈਫਿਕ ਨਾਕੇ ਤੋਂ ਭੱਜਣ ਵਾਲੇ ਵਾਹਨ ਚਾਲਕਾਂ ਦੇ ਸਿਰਫ ਵਾਹਨ ਨੰਬਰ ਤੋਂ ਉਸ ਦੇ ਪਤੇ 'ਤੇ ਚਲਾਨ ਭੇਜਿਆ ਜਾ ਸਕੇਗਾ। ਮਾਲਕ ਦੇ ਮੋਬਾਈਲ 'ਤੇ ਵੀ ਮੈਸੇਜ ਭੇਜਿਆ ਜਾਵੇਗਾ। ਇਸ ਸਿਸਟਮ ਨੂੰ ਜਲਦੀ ਹੀ ਸੀ. ਸੀ. ਟੀ. ਵੀ. ਅਤੇ ਟ੍ਰੈਫਿਕ ਪੁਲਸ ਦੀ ਵੈੱਬਸਾਈਟ ਦੇ ਨਾਲ ਵੀ ਜੋੜਿਆ ਜਾਵੇਗਾ। ਇਨ੍ਹਾਂ ਮਸ਼ੀਨਾਂ ਰਾਹੀ ਵਾਹਨ ਚਾਲਕ ਮੌਕੇ 'ਤੇ ਹੀ ਚਲਾਨ ਦਾ ਨਿਪਟਾਰਾ ਕਰਵਾ ਕੇ ਦਿੱਤੇ ਗਏ ਜ਼ੁਰਮਾਨੇ ਦੀ ਰਸੀਦ ਹਾਸਲ ਕਰ ਸਕਣਗੇ।


Related News