ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ
Monday, Sep 18, 2017 - 01:11 AM (IST)

ਗੁਰਦਾਸਪੁਰ, (ਦੀਪਕ, ਵਿਨੋਦ)- ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਮੀਟਿੰਗ ਸਥਾਨਕ ਨਹਿਰੂ ਪਾਰਕ ਗੁਰਦਾਸਪੁਰ ਵਿਖੇ ਯੂਨੀਅਨ ਆਗੂ ਰਾਜ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਹੋਈ। ਮੀਟਿੰਗ ਦੌਰਾਨ ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ਨਾਲ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ। ਯੂਨੀਅਨ ਆਗੂਆਂ ਦੀ ਕਈ ਵਾਰ ਸਿੱਖਿਆ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋ ਚੁੱਕੀ ਹੈ ਪਰ ਬੇਰੁਜ਼ਗਾਰਾਂ ਨੂੰ ਸਰਕਾਰ ਨੇ ਹੁਣ ਤੱਕ ਨਿਰਾਸ਼ ਹੀ ਕੀਤਾ ਹੈ, ਜਿਸ ਕਰ ਕੇ ਜਲਦ ਹੀ ਗੁਰਦਾਸਪੁਰ ਵਿਚ ਯੂਨੀਅਨ ਵੱਲੋਂ ਗੁਪਤ ਐਕਸ਼ਨ ਕੀਤਾ ਜਾਵੇਗਾ। ਵਿਸ਼ਾਲ ਰਾਜਪਾਲ ਨੇ ਕਿਹਾ ਕਿ ਸਰਕਾਰ ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰਾਂ ਨਾਲ ਮਤਰਿਆ ਸਲੂਕ ਕਰ ਰਹੀ ਹੈ। ਇਕ ਪਾਸੇ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਹਵਾਲਾ ਦੇ ਕੇ ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰਾਂ ਨੂੰ ਲਾਰਾ ਲਾਉਂਦੀ ਹੈ ਅਤੇ ਦੂਜੇ ਪਾਸੇ ਬੀ. ਐੱਡ ਅਧਿਆਪਕਾਂ ਦੀਆਂ ਅਸਾਮੀਆਂ ਕੱਢ ਕੇ ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਦੀ ਹੈ।
ਇਸ ਸਮੇਂ ਰਜਨਦੀਪ ਕੌਰ, ਨਵਜੋਤ ਕੌਰ, ਜਗਦੀਸ਼ ਧਾਰੀਵਾਲ, ਸਤੀਸ਼ ਦੀਨਾਨਗਰ, ਦਲਬੀਰ ਦੀਨਾਨਗਰ, ਸਾਹਿਲ ਮੁਕੇਰੀਆਂ, ਮੁਨੀਸ਼ ਪਠਾਨਕੋਟ, ਯਾਦ ਵਰਿੰਦਰ ਕਲਾਨੌਰ, ਪਰਮਿੰਦਰ ਗੁਰਦਾਸਪੁਰ ਆਦਿ ਹਾਜ਼ਰ ਸਨ।