ਜੇਲ ''ਚ ਬੰਦ ''ਕੋਲਿਆਂਵਾਲੀ'' ਬੀਮਾਰੀ ਤੋਂ ਪੀੜਤ, ਸਰਜਰੀ ਲਈ ਮੰਗੀ ਇਜਾਜ਼ਤ
Wednesday, Jan 30, 2019 - 09:55 AM (IST)

ਮੁਕਤਸਰ : ਬੇਹਿਸਾਬੀ ਕਮਾਈ ਦੇ ਕੇਸ 'ਚ ਨਿਆਇਕ ਹਿਰਾਸਤ ਤਹਿਤ ਨਾਭਾ ਜੇਲ 'ਚ ਬੰਦ ਬਾਦਲਾਂ ਦੇ ਕਰੀਬੀ ਸੀਨੀਅਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੀ ਸਿਹਤ ਇਨ੍ਹੀਂ ਦਿਨੀਂ ਠੀਕ ਨਹੀਂ ਚੱਲ ਰਹੀ ਹੈ। ਵਿਜੀਲੈਂਸ ਸੂਤਰਾਂ ਮੁਤਾਬਕ ਕੋਲਿਆਂਵਾਲੀ ਨੂੰ ਬਵਾਸੀਰ ਹੋ ਗਈ ਹੈ, ਇਸ ਲਈ ਉਨ੍ਹਾਂ ਨੇ ਪ੍ਰਾਈਵੇਟ ਹਸਪਤਾਲ ਤੋਂ ਆਪਣੀ ਸਰਜਰੀ ਕਰਾਉਣ ਲਈ ਅਦਾਲਤ ਤੋਂ ਇਜਾਜ਼ਤ ਮੰਗੀ ਹੈ। ਗ੍ਰਿਫਤਾਰੀ ਤੋਂ ਪਹਿਲਾਂ ਵੀ ਕੋਲਿਆਂਵਾਲੀ ਇਸ ਬੀਮਾਰੀ ਤੋਂ ਪੀੜਤ ਸਨ, ਜੋ ਹੁਣ ਫਿਰ ਸ਼ੁਰੂ ਹੋ ਗਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕੋਲਿਆਂਵਾਲੀ ਦੇ ਬੇਟੇ ਪਰਮਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਬਵਾਸੀਰ ਤੋਂ ਪੀੜਤ ਹਨ ਅਤੇ ਉਨ੍ਹਾਂ ਦੇ ਪ੍ਰੋਸਟੇਟ 'ਚ ਵੀ ਕੁਝ ਸਮੱਸਿਆ ਹੈ, ਜਿਸ ਕਾਰਨ ਉਨ੍ਹਾਂ ਦੀ ਸਰਜਰੀ ਕਰਾਉਣੀ ਪਵੇਗੀ।
ਉਨ੍ਹਾਂ ਕਿਹਾ ਕਿ ਇਸ ਦੇ ਲਈ ਉਨ੍ਹਾਂ ਨੇ ਅਦਾਲਤ ਤੋਂ ਇਜਾਜ਼ਤ ਮੰਗੀ ਹੈ। ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਕੋਲਿਆਂਵਾਲੀ ਨੇ ਪਹਿਲਾਂ ਵੀ ਪ੍ਰੋਸਟੇਟ ਦਾ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਾਇਆ ਸੀ। ਦੱਸਣਯੋਗ ਹੈ ਕਿ ਦਿਆਲ ਸਿੰਘ ਕੋਲਿਆਂਵਾਲੀ ਨੇ 14 ਦਸੰਬਰ ਨੂੰ ਮੋਹਾਲੀ ਦੀ ਅਦਾਲਤ 'ਚ ਆਤਮ ਸਮਰਪਣ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰਿਮਾਂਡ 'ਤੇ ਵੀ ਭੇਜਿਆ ਗਿਆ ਸੀ।